ਘੱਟ ਗਿਣਤੀ ਭਾਈਚਾਰਿਆਂ ਲਈ ‘ਮਾਇਨੋਰਟੀ ਕਾਰਡ’ ਜਾਰੀ ਕਰਨ ਦੀ ਯੋਜਨਾ
ਚੰਡੀਗੜ੍ਹ, 23 ਨਵੰਬਰ 2024 (ਫਤਿਹ ਪੰਜਾਬ) ਪਾਕਿਸਤਾਨ ਸਰਕਾਰ ਨੇ ਉੱਥੇ ਸਥਿਤ ਗੁਰਦਵਾਰਿਆਂ ਦੀਆਂ ਕਬਜ਼ੇਸ਼ੁਦਾ ਜਾਇਦਾਦਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾ ਕੇ ਮੁੜ ਪ੍ਰਬੰਧਕ ਕਮੇਟੀਆਂ ਨੂੰ ਸੌਂਪਣ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ। ਪਿਛਲੇ ਕੁਝ ਸਮੇਂ ਦੌਰਾਨ ਪਾਕਿਸਤਾਨ ਦੇ ਇਵੈਕਿੂਈ ਪ੍ਰਾਪਰਟੀ ਟਰਸਟ ਬੋਰਡ (ਵਕਫ ਬੋਰਡ) ਨੇ ਗੈਰ-ਕਾਨੂੰਨੀ ਕਬਜ਼ੇਦਾਰਾਂ ਤੋਂ 40 ਅਰਬ ਪਾਕਿਸਤਾਨੀ ਰੁਪਏ ਦੀ ਟਰਸਟ ਜਮੀਨ ਵਾਪਸ ਹਾਸਲ ਕੀਤੀ ਹੈ ਅਤੇ 2 ਅਰਬ ਰੁਪਏ ਦੇ ਬਕਾਏ ਇਕੱਠੇ ਕੀਤੇ ਹਨ ਪਰ ਬਹੁਤ ਸਾਰੇ ਗੁਰਦਵਾਰਿਆਂ ਅਤੇ ਹਿੰਦੂ ਮੰਦਿਰਾਂ ਨਾਲ ਸੰਬੰਧਤ ਕਈ ਜਾਇਦਾਦਾਂ ਅਜੇ ਵੀ ਨਾਜਾਇਜ਼ ਕਬਜ਼ੇ ਹੇਠ ਹਨ।
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਇਹ ਜਾਣਕਾਰੀ ਸਿੱਖ ਸ਼ਰਧਾਲੂਆਂ ਅਤੇ ਭਾਰਤ ਤੋਂ ਗਏ ਸਿੱਖ ਜਥੇ ਦੇ ਮੌਜੂਦਗੀ ਵਿੱਚ ਦਿੱਤੀ ਜੋ ਸਿੱਖ ਧਰਮ ਦੇ ਪਹਿਲੇ ਗੁਰੂ, ਗੁਰੂ ਨਾਨਕ ਜੀ ਦਾ ਗੁਰਪੁਰਬ ਮਨਾਉਣ ਲਈ ਲਾਹੌਰ ਵਿਖੇ ਪੁੱਜੇ ਹਨ।
ਅਰੋੜਾ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਗੁਰਦਵਾਰਿਆਂ ਦੀਆਂ ਕਬਜ਼ੇਸ਼ੁਦਾ ਜ਼ਮੀਨਾਂ ਨੂੰ ਵਾਪਸ ਹਾਸਲ ਕਰਨ ਲਈ ਕੰਮ ਕਰ ਰਹੀ ਹੈ ਤਾਂ ਜੋ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨਾਂ ਦੀ ਰੱਖਿਆ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਧਾਰਮਿਕ ਸਥਾਨਾਂ ਦੀ ਸੁਰੱਖਿਆ ਕਰਨ ਲਈ ਵਚਨਬੱਧ ਹੈ ਅਤੇ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਪੰਜਾਬ ਸਰਕਾਰ ਧਾਰਮਿਕ ਅਸਥਾਨਾਂ ਦੀ ਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਡੇ ਕਦਮ ਚੁੱਕ ਰਹੀ ਹੈ।
ਮੰਤਰੀ ਅਰੋੜਾ ਨੇ ਦੱਸਿਆ ਕਿ ਸੂਬੇ ਵਿੱਚ 60,000 ਤੋਂ ਵੱਧ ਸਿੱਖ ਸੰਗਤਾਂ ਨੇ ਵੱਖ-ਵੱਖ ਗੁਰਦੁਆਰਿਆਂ ਦੇ ਸਮਾਗਮਾਂ ਵਿੱਚ ਭਾਗ ਲਿਆ ਜਿਸ ਵਿੱਚ ਬਰਤਾਨੀਆ, ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਤੋਂ ਆਏ ਹੋਏ ਸਨ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਪ੍ਰਚਾਰ ਲਈ ਗੁਰਦਵਾਰਿਆਂ ਦੀ ਜਾਇਦਾਦ ਦਾ ਵਿਕਾਸ ਹੋਣਾ ਜਰੂਰੀ ਹੈ। ਇਸ ਕਰਕੇ ਸਾਰਾ ਸਿੱਖ ਜਗਤ ਇਸ ਗੱਲ ਦੇ ਪੱਖ ਵਿੱਚ ਹੈ ਕਿ ਗੁਰਦਵਾਰਿਆਂ ਦੀਆਂ ਜਾਇਦਾਦਾਂ ਨੂੰ ਕਬਜ਼ੇ ਤੋਂ ਮੁਕਤ ਕਰਕੇ ਸਿੱਖ ਧਰਮ ਦੇ ਪ੍ਰਚਾਰ ਅਤੇ ਹੋਰ ਧਾਰਮਿਕ ਤੇ ਸਮਾਜਿਕ ਕਾਰਜਾਂ ਲਈ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ।
ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਘੱਟ ਗਿਣਤੀ ਭਾਈਚਾਰਿਆਂ ਨੂੰ ਸਸ਼ਕਤ ਕਰਨ ਅਤੇ ਮੱਦਦ ਦੇਣ ਲਈ ‘ਮਾਇਨੋਰਟੀ ਕਾਰਡ’ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ।