ਨਵੀਂ ਦਿੱਲੀ, 12 ਜਨਵਰੀ 2025 (ਫਤਿਹ ਪੰਜਾਬ ਬਿਊਰੋ) Supreme Court ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕਰਕੇ ਤਾਮਿਲਨਾਡੂ ਦੇ ਮੌਜੂਦਾ ਰਾਜਪਾਲ ਆਰ.ਐਨ. ਰਵੀ ਨੂੰ ਵਾਪਸ ਬਲਾਉਣ ਦੀ ਮੰਗ ਕੀਤੀ ਗਈ ਹੈ। ਇਹ ਪਟੀਸ਼ਨ 6 ਜਨਵਰੀ ਨੂੰ ਰਾਜਪਾਲ ਵੱਲੋਂ ਰਾਜ ਵੱਲੋਂ ਅਪਣਾਏ ਗੀਤ “ਤਾਮਿਲ ਥਾਈ ਵਾਝਥੂ” ਗਾਉਣ ਦੀ ਥਾਂ ਰਾਸ਼ਟਰੀ ਗੀਤ ਗਾਉਣ ਦੀ ਮੰਗ ਨੂੰ ਲੈ ਕੇ ਵਿਧਾਨਸਭਾ ਸੈਸ਼ਨ ਤੋਂ ਵਾਕਆਉਟ ਕਰਨ ਦੇ ਮਾਮਲੇ ’ਤੇ ਆਧਾਰਿਤ ਹੈ।
ਇਹ ਪਟੀਸ਼ਨ ਸੁਪਰੀਮ ਕੋਰਟ ਦੇ ਵਕੀਲ ਅਤੇ ਪਟੀਸ਼ਨਰ-ਇਨ-ਪਰਸਨ ਸੀ.ਆਰ. ਜਇਆ ਸੁਕੀਨ ਨੇ ਦਾਇਰ ਕੀਤੀ ਹੈ। ਇਸ ਵਿੱਚ ਰਾਜਪਾਲ ਦੇ ਵਿਵਹਾਰ ਨੂੰ “ਸ਼ਰਮਨਾਕ” ਕਰਾਰ ਦਿੱਤਾ ਗਿਆ ਹੈ। ਪਟੀਸ਼ਨ ਵਿਚ ਕਿਹਾ ਗਿਆ ਕਿ ਸਾਲ 1967 ਤੋਂ ਹੀ ਤਾਮਿਲ ਥਾਈ ਵਾਝਥੂ [ਮਾਂ ਤਾਮਿਲ ਲਈ ਮੰਗਲਾਚਰਨ] ਗੀਤ ਹਰ ਰਾਜ ਪੱਧਰੀ ਸਮਾਗਮਾਂ ਦੇ ਸ਼ੁਰੂਆਤ ਵਿੱਚ ਗਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਸਾਲ 1991 ਵਿੱਚ ਰਾਜ ਸਰਕਾਰ ਨੇ ਇੱਕ ਨਿਯਮ ਲਾਗੂ ਕੀਤਾ ਸੀ ਕਿ ਤਾਮਿਲਨਾਡੂ ਅੰਦਰ ਹਰ ਤਰ੍ਹਾਂ ਦੇ ਸਮਾਗਮਾਂ ਦੀ ਸ਼ੁਰੂਆਤ ਮੌਕੇ “ਤਾਮਿਲ ਥਾਈ ਵਾਝਥੂ” ਅਤੇ ਸਮਾਪਤੀ ’ਤੇ ਰਾਸ਼ਟਰੀ ਗਾਨ ਗਾਇਆ ਜਾਵੇਗਾ। ਇਸ ਨਿਯਮ ਨੂੰ ਲਾਗੂ ਕਰਨ ਤੋਂ ਬਾਅਦ ਸਾਲ 1991 ਤੋਂ ਹੁਣ ਤੱਕ 10 ਰਾਜਪਾਲਾਂ ਦੇ ਸਮੇਂ ਦੌਰਾਨ ਕਦੇ ਵੀ ਕੋਈ ਟਕਰਾਅ ਨਹੀਂ ਹੋਇਆ।
ਪਟੀਸ਼ਨ ਵਿੱਚ ਸੁਕੀਨ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਗਿਆ ਕਿ “ਤਾਮਿਲ ਥਾਈ ਵਾਝਥੂ” ਰਾਜ ਦਾ ਗੀਤ ਹੈ। ਸੂਬੇ ਦਾ ਗੀਤ ਹਰ ਸੂਬੇ ਵਿੱਚ ਰਵਾਇਤੀ ਤੌਰ ’ਤੇ ਗਾਇਆ ਜਾਂਦਾ ਹੈ, ਜਿਵੇਂ ਕਿ ਮਹਾਰਾਸ਼ਟਰ ਅਤੇ ਓਡੀਸ਼ਾ ਵਿੱਚ ਵੀ ਪ੍ਰਚਲਿਤ ਹੈ।
ਸੂਬੇ ਦਾ ਗੀਤ ਵਜਾਉਣ ਦੇ ਮਾਮਲੇ ਨੂੰ ਲੈ ਕੇ ਹਾਲ ਹੀ ਵਿੱਚ ਤਾਮਿਲਨਾਡੂ ਵਿਧਾਨ ਸਭਾ ਵਿੱਚੋਂ ਰਾਜਪਾਲ ਵੱਲੋਂ ਵਾਕ ਆਊਟ ਕਰਨ ਤੋਂ ਬਾਅਦ ਉਨ੍ਹਾਂ ਦੇ ਦਫ਼ਤਰ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਸਪੀਕਰ ਅਤੇ ਮੁੱਖ ਮੰਤਰੀ ਨੇ ਰਾਜਪਾਲ ਦੀ ਰਾਸ਼ਟਰੀ ਗੀਤ ਵਜਾਉਣ ਦੀ ਬੇਨਤੀ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਸੀ।
