ਤਿੰਨ ਲੈਫ਼ਟੀਨੈਂਟਾਂ ਤੇ ਇੱਕ ਕਰਨਲ ਸਮੇਤ 16 ਫ਼ੌਜੀਆਂ ਖਿਲਾਫ ਕਤਲ ਦੀ ਕੋਸ਼ਿਸ਼ ਤੇ ਅਸਲਾ ਕਾਨੂੰਨ ਹੇਠ ਕੇਸ ਦਰਜ
ਫ਼ੌਜੀਆਂ ਨੇ ਕੁਪਵਾੜਾ ਥਾਣੇ ‘ਤੇ ਰਾਤ ਨੂੰ ‘ਹਮਲਾ’ ਕਰਕੇ ਕੁੱਟੇ ਸੀ ਮੁਲਾਜ਼ਮ
ਸ਼੍ਰੀਨਗਰ 30 ਮਈ 2024 (ਫਤਿਹ ਪੰਜਾਬ) ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਮੰਗਲਵਾਰ ਬੀਤੀ 28 ਮਈ ਦੀ ਰਾਤ ਨੂੰ ਪੁਲਿਸ ਥਾਣੇ ਵਿੱਚ ਫ਼ੌਜੀਆਂ ਵੱਲੋਂ ਦਾਖਲ ਹੋਕੇ ਕੁੱਝ ਮੁਲਾਜ਼ਮਾਂ ਦੀ ਕੁੱਟਮਾਰ ਦੌਰਾਨ ਦੋਵਾਂ ਧਿਰਾਂ ਵਿਚਾਲੇ ਲੜਾਈ ਹੋਈ। ਹੁਣ ਪੁਲਸ ਥਾਣੇ ‘ਤੇ ਹਮਲਾ ਕਰਨ ਦੇ ਦੋਸ਼ ‘ਚ 3 ਲੈਫਟੀਨੈਂਟ ਕਰਨਲਾਂ ਸਮੇਤ 16 ਹੋਰ ਫ਼ੌਜੀਆਂ ਖਿਲਾਫ ਹੱਤਿਆ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਥਾਣਾ ਕੁਪਵਾੜਾ ਦੀ ਇੱਕ ਟੀਮ ਨੇ ਇਸ ਤੋਂ ਪਹਿਲਾਂ ਇੱਕ ਕੇਸ ਦੀ ਜਾਂਚ ਦੌਰਾਨ ਕੁਪਵਾੜਾ ਦੇ ਬਾਟਾਪੋਰਾ ਪਿੰਡ ਵਿੱਚ ਇੱਕ ਟੈਰੀਟੋਰੀਅਲ ਆਰਮੀ (ਟੀਏ) ਦੇ ਜਵਾਨ ਦੇ ਘਰ ਛਾਪਾ ਮਾਰ ਕੇ ਉਸਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ, ਜਿਸ ਨਾਲ ਜ਼ਾਹਰਾ ਤੌਰ ‘ਤੇ ਫੌਜ ਦੀ ਯੂਨਿਟ ਗੁੱਸੇ ਵਿੱਚ ਆ ਗਈ। ਪੁਲਿਸ ਨੇ 160 ਟੈਰੀਟੋਰੀਅਲ ਆਰਮੀ Territorial Army ਦੇ ਜਵਾਨ ਤੋਂ ਡਰੱਗ ਮਾਮਲੇ ‘ਚ ਪੁੱਛਗਿੱਛ ਕੀਤੀ ਸੀ। ਇਸ ਕਾਰਨ ਫੌਜ ਦੇ ਅਧਿਕਾਰੀ ਨਾਰਾਜ਼ ਹੋ ਗਏ। ਇਸ ਪਿੱਛੋਂ ਰਾਤ ਕਰੀਬ 9.40 ਵਜੇ ਵੱਡੀ ਗਿਣਤੀ ਵਿੱਚ ਵਰਦੀਧਾਰੀ ਅਤੇ ਹਥਿਆਰਬੰਦ ਫੌਜੀ ਉਸ ਥਾਣੇ ਵਿੱਚ ਦਾਖ਼ਲ ਹੋ ਗਏ। ਉਨ੍ਹਾਂ ਦੇ ਨਾਲ ਸੀਨੀਅਰ ਫ਼ੌਜੀ ਅਧਿਕਾਰੀ ਵੀ ਸਨ। ਪਤਾ ਲੱਗਾ ਹੈ ਕਿ ਕੁੱਟਮਾਰ ਦੌਰਾਨ ਜ਼ਖ਼ਮੀ ਹੋਏ ਪੰਜ ਪੁਲਿਸ ਮੁਲਾਜ਼ਮਾਂ ਵਿੱਚੋਂ ਚਾਰ ਨੂੰ ਵਿਸ਼ੇਸ਼ ਇਲਾਜ ਲਈ ਸ੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (SKIMS) ਵਿੱਚ ਭਰਤੀ ਕਰਵਾਇਆ ਗਿਆ ਹੈ।
ਕੁਪਵਾੜਾ ਪੁਲਿਸ ਥਾਣੇ ਦੇ ਸੀਸੀਟੀਵੀ ਫੁਟੇਜ ਵਿੱਚ ਭਾਰੀ ਭੀੜ ਦਿਖਾਈ ਦੇ ਰਹੀ ਹੈ। ਇਸ ਵਿੱਚ ਟੈਰੀਟੋਰੀਅਲ ਆਰਮੀ ਦੇ 16 ਜਵਾਨ ਨਜ਼ਰ ਆ ਰਹੇ ਹਨ।
ਜੰਮੂ-ਕਸ਼ਮੀਰ ਪੁਲਿਸ ਦਾ ਦਾਅਵਾ
ਫੌਜੀ ਅਫਸਰਾਂ ਨੇ ਰਾਈਫਲਾਂ ਦੇ ਬੱਟ, ਸੋਟੀਆਂ ਅਤੇ ਠੁੱਡਿਆਂ ਨਾਲ ਕੁੱਟਿਆ
ਐਫਆਈਆਰ ਮੁਤਾਬਕ ਫੌਜ ਦੇ ਗਰੁੱਪ ਦੀ ਅਗਵਾਈ ਲੈਫਟੀਨੈਂਟ ਕਰਨਲ ਅੰਕਿਤ ਸੂਦ, ਰਾਜੀਵ ਚੌਹਾਨ ਅਤੇ ਨਿਖਿਲ ਕਰ ਰਹੇ ਸਨ। ਇਹ ਤਿੰਨੇ ਅਧਿਕਾਰੀ ਜ਼ਬਰਦਸਤੀ ਥਾਣੇ ਅੰਦਰ ਦਾਖ਼ਲ ਹੋਏ ਅਤੇ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ‘ਤੇ ਰਾਈਫ਼ਲ ਦੇ ਬੱਟਾਂ, ਡੰਡਿਆਂ ਅਤੇ ਠੁੱਡਿਆਂ ਨਾਲ ਹਮਲਾ ਕਰ ਦਿੱਤਾ।
ਐਫਆਈਆਰ ਵਿੱਚ ਲਿਖਿਆ ਗਿਆ ਹੈ ਕਿ ਫ਼ੌਜੀ ਜਵਾਨਾਂ ਨੇ ਹਥਿਆਰ ਲਹਿਰਾਏ, ਜ਼ਖ਼ਮੀ ਪੁਲੀਸ ਮੁਲਾਜ਼ਮਾਂ ਦੇ ਮੋਬਾਈਲ ਫੋਨ ਖੋਹ ਲਏ ਅਤੇ ਪੁਲੀਸ ਥਾਣੇ ਦੇ ਹੌਲਦਾਰ ਨੂੰ ਅਗਵਾ ਕਰਕੇ ਮੌਕੇ ਤੋਂ ਫਰਾਰ ਹੋ ਗਏ। ਸੀਨੀਅਰ ਪੁਲੀਸ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਪੁਲੀਸ ਮੁਲਾਜ਼ਮ ਨੂੰ ਫੌਜ ਦੀ ਗ੍ਰਿਫ਼ਤ ਤੋਂ ਛੁਡਵਾਇਆ ਅਤੇ ਹਮਲਾਵਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ।
ਥਾਣੇ ਉੱਤੇ ਹਮਲਾ ਕਰਨ ਵਾਲੇ ਉਨ੍ਹਾਂ ਫ਼ੌਜੀਆਂ ‘ਤੇ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀ ਧਾਰਾ 186, 332, 307, 342, 147, 149, 392, 397 ਅਤੇ ਆਈਪੀਸੀ ਦੀ ਧਾਰਾ 365 ਅਤੇ ਅਸਲਾ ਐਕਟ ਦੀ ਧਾਰਾ 7/5 ਤਹਿਤ ਦਰਜ ਕੀਤੇ ਕੇਸ ਦੀ ਜਾਂਚ ਡੀਐਸਪੀ ਦੀ ਅਗਵਾਈ ਹੇਠਲੀ ਪੁਲੀਸ ਅਧਿਕਾਰੀਆਂ ਦੀ ਟੀਮ ਕਰ ਰਹੀ ਹੈ।