ਇੰਡੀਆ ਗੱਠਜੋੜ ਸਰਕਾਰ ਅਗਨੀਵੀਰ ਸਕੀਮ ਨੂੰ ਖਤਮ ਕਰੇਗੀ
ਜਲੰਧਰ 30 ਮਈ 2024 (ਫਤਿਹ ਪੰਜਾਬ) ਅੱਜ ਇੱਥੇ ਸਾਬਕਾ ਫੌਜੀ ਅਧਿਕਾਰੀਆਂ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਫੌਜ ਵਿੱਚ ਅਗਨੀਵੀਰ ਭਰਤੀ ਯੋਜਨਾ ‘ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਇਸ ਨੂੰ ਦੇਸ਼ ਦੀ ਸੁਰੱਖਿਆ ਅਤੇ ਫੌਜ ਦੇ ਮਨੋਬਲ ਲਈ ਹਾਨੀਕਾਰਕ ਦੱਸਿਆ।
ਰਿਟਾਇਰਡ ਲੇਫਟਿਨੈਂਟ ਜਨਰਲ ਜਸਬੀਰ ਸਿੰਘ ਧਾਲੀਵਾਲ ਨੇ ਕਿਹਾ, ਕਿ ਅਗਨੀਵੀਰ ਯੋਜਨਾ ਦਾ ਕੋਈ ਫਾਇਦਾ ਨਹੀਂ ਹੈ, ਪਰ ਨੁਕਸਾਨ ਬਹੁਤ ਜ਼ਿਆਦਾ ਹੈ। ਜੇਕਰ ਕੇਂਦਰ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਲਿਆਉਣਾ ਵੀ ਸੀ, ਤਾਂ ਪਹਿਲਾਂ ਪਾਇਲਟ ਪ੍ਰੋਜੈਕਟ ਚਲਾਉਣਾ ਚਾਹੀਦਾ ਸੀ, ਜਿਸ ਨਾਲ ਇਸ ਦੀਆਂ ਖਾਮੀਆਂ ਅਤੇ ਹੋਰ ਮਸਲਿਆਂ ਬਾਰੇ ਪਤਾ ਲੱਗਦਾ। ਪਰ ਕੇਂਦਰ ਨੇ ਇਸ ਤਰ੍ਹਾਂ ਨਹੀਂ ਕੀਤਾ।
ਰਿਟਾਇਰਡ ਲੇਫਟਿਨੈਂਟ ਜਨਰਲ ਹਰਵੰਤ ਸਿੰਘ ਨੇ ਵੀ ਯੋਜਨਾ ਦੀ ਆਲੋਚਨਾ ਕਰਦਿਆਂ ਕਿਹਾ, ਕਿ ਅਗਨੀਵੀਰ ਭਰਤੀ ਕਿਉਂ ਸ਼ੁਰੂ ਕੀਤੀ ਗਈ, ਇਸਦਾ ਕੋਈ ਸਪਸ਼ਟ ਕਾਰਨ ਕੇਂਦਰ ਸਰਕਾਰ ਨੇ ਨਹੀਂ ਦੱਸਿਆ। ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਇਸ ਤਰ੍ਹਾਂ ਦਾ ਸਿਸਟਮ ਕਿਉਂ ਲਿਆਂਦਾ ਜਾ ਰਿਹਾ ਹੈ, ਇਸ ਬਾਰੇ ਵੀ ਕੋਈ ਵਜ਼ਾਹਤ ਨਹੀਂ ਕੀਤੀ ਗਈ। ਸਰਕਾਰ ਨੂੰ ਇਸ ਬਾਰੇ ਖੁੱਲ੍ਹ ਕੇ ਬੋਲਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਗਨੀਵੀਰ ਭਰਤੀ ਲਈ ਟੈਸਟ ਸਿਰਫ਼ ਹਿੰਦੀ ਅਤੇ ਇੰਗਲਿਸ਼ ਵਿੱਚ ਹੋ ਰਿਹਾ ਹੈ, ਜਦਕਿ ਪੰਜਾਬੀ ਵਿੱਚ ਕਿਉਂ ਨਹੀਂ ਕਰਵਾਇਆ ਜਾ ਰਿਹਾ। ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਜ਼ਿਆਦਾਤਰ ਪੰਜਾਬੀ ਵਿੱਚ ਪੇਪਰ ਦੇ ਕੇ ਫੌਜ ਵਿੱਚ ਭਰਤੀ ਹੁੰਦੇ ਸਨ। ਪਰ ਹੁਣ ਇਸ ਨਾਲ ਫੌਜ ਵਿੱਚ ਜਾਣ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਵੱਡੀ ਕਮੀ ਆ ਗਈ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਾਡੀ ਯੂਪੀਏ ਸਰਕਾਰ ਦੌਰਾਨ 18 ਸਾਲ ਦੀ ਉਮਰ ਦੇ ਜਵਾਨਾਂ ਨੂੰ ਭਰਤੀ ਕੀਤਾ ਜਾਂਦਾ ਸੀ ਅਤੇ ਉਹ 38 ਸਾਲ ਤੱਕ ਦੇਸ਼ ਦੀ ਸੇਵਾ ਕਰਦੇ ਸਨ। ਪਰ ਭਾਜਪਾ ਨੇ ਇਸ ਨੂੰ ਘਟਾ ਕੇ ਸਿਰਫ਼ ਚਾਰ ਸਾਲ ਕਰ ਦਿੱਤਾ ਹੈ, ਜਿਸ ਨਾਲ ਪੰਜਾਬ ਅਤੇ ਹਿਮਾਚਲ ਵਰਗੇ ਰਾਜਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਹੁਣ ਇਨ੍ਹਾਂ ਰਾਜਾਂ ਤੋਂ ਫੌਜ ਵਿੱਚ ਜਵਾਨਾਂ ਦੀ ਭਰਤੀ ਵਿੱਚ ਕਮੀ ਆ ਰਹੀ ਹੈ।
ਬਾਜਵਾ ਨੇ ਭਾਜਪਾ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਅੱਜ ਅਗਨੀਵੀਰ ਸਕੀਮ ਨਾਲ ਕੋਈ ਵੀ ਜਵਾਨ ਖੁਸ਼ ਨਹੀਂ ਹੈ। ਭਾਜਪਾ ਦੇਸ਼ ਵਿੱਚ ਪ੍ਰਾਈਵੇਟ ਆਰਮੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨਾਲ ਦੇਸ਼ ਨੂੰ ਵੱਡਾ ਖਤਰਾ ਹੋਵੇਗਾ। ਜੇਕਰ ਸਾਡੀ ਸਰਕਾਰ ਬਣੀ ਤਾਂ ਅਸੀਂ ਅਗਨੀਵੀਰ ਸਕੀਮ ਨੂੰ ਖਤਮ ਕਰਾਂਗੇ।
ਉੱਨਾਂ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਪੰਜ ਸਾਲ ਤੱਕ ਯੁਵਕਾਂ ਦੀ ਸੇਵਾ ਲਈ ਜਾਵੇਗੀ ਅਤੇ ਫਿਰ ਉਨ੍ਹਾਂ ਨੂੰ ਰਿਟਾਇਰ ਕਰ ਦਿੱਤਾ ਜਾਵੇਗਾ। ਕੇਂਦਰ ਦਾ ਇਹ ਫ਼ੈਸਲਾ ਦੇਸ਼ ਦੀ ਸੁਰੱਖਿਆ ਲਈ ਵੱਡਾ ਲੂਪਹੋਲ ਹੈ। ਅਗਨੀਵੀਰ ਸਕੀਮ ਦੇ ਨੁਕਸਾਨ ਹੀ ਨੁਕਸਾਨ ਹਨ। ਜੇਕਰ ਇਹ ਸਕੀਮ ਇੰਨੀ ਚੰਗੀ ਸੀ, ਤਾਂ ਬਾਕੀ ਏਜੰਸੀਜ਼ ਵਿੱਚ ਇਸ ਤਰ੍ਹਾਂ ਕਿਉਂ ਨਹੀਂ ਕੀਤਾ ਗਿਆ?
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਰਗੇ ਰਾਜਾਂ ਵਿੱਚ ਅਗਨੀਵੀਰ ਯੋਜਨਾ ਨਾਲ ਫੌਜ ਦੀ ਭਰਤੀ ਵਿੱਚ ਵੱਡੀ ਕਮੀ ਆਈ ਹੈ, ਜੋ ਦੇਸ਼ ਦੀ ਸੁਰੱਖਿਆ ਅਤੇ ਵਿਕਾਸ ਲਈ ਖਤਰਾ ਹੈ। ਬਾਜਵਾ ਨੇ ਅੰਤ ਵਿੱਚ ਕਿਹਾ ਕੁ ਜੇਕਰ ਸਾਡੀ ਸਰਕਾਰ ਸੱਤਾ ਵਿੱਚ ਆਈ, ਤਾਂ ਅਸੀਂ ਅਗਨੀਵੀਰ ਸਕੀਮ ਨੂੰ ਪੂਰੀ ਤਰ੍ਹਾਂ ਤੋਂ ਖਤਮ ਕਰਾਂਗੇ ਅਤੇ ਪੁਰਾਣੀ ਭਰਤੀ ਪ੍ਰਣਾਲੀ ਨੂੰ ਫਿਰ ਤੋਂ ਲਾਗੂ ਕਰਾਂਗੇ।