ਪਟਨਾ ‘ਚ ਵਾਜਪਾਈ ਦੇ ਸ਼ਰਧਾਂਜਲੀ ਸਮਾਗਮ ‘ਚ ਭਜਨ ਦਾ ਵਿਰੋਧ – ਭਾਜਪਾ ਵਰਕਰਾਂ ਨੇ ਲਾਏ ‘ਜੈ ਸ਼੍ਰੀ ਰਾਮ’ ਦੇ ਨਾਅਰੇ

ਪਟਨਾ 27 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਬਿਹਾਰ ਰਾਜ ਦੀ ਰਾਜਧਾਨੀ ਦੇ ਬਾਪੂ ਸਭਾਗਰ ਆਡੀਟੋਰੀਅਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬਰਸੀ ਮੌਕੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਪ੍ਰਸਿੱਧ ਲੋਕ ਗਾਇਕਾ ਦੇਵੀ ਨੂੰ ਭਾਜਪਾ ਵਰਕਰਾਂ ਨੇ ਮਹਾਤਮਾ ਗਾਂਧੀ ਦਾ ਪਸੰਦੀਦਾ ਭਜਨ “ਈਸ਼ਵਰ ਅੱਲ੍ਹਾ ਤੇਰੋ ਨਾਮ” ਗਾਉਣ ਤੋਂ ਰੋਕ ਦਿੱਤਾ ਅਤੇ ਉਸ ਨੇ ਮਜਬੂਰਨ ਮੁਆਫੀ ਮੰਗ ਕੇ ਪ੍ਰਦਰਸ਼ਨਕਾਰੀਆਂ ਤੋਂ ਖਹਿੜਾ ਛੁਡਾਇਆ।

ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਐਨਜੀਓ ਦਿਨਕਰ ਸ਼ੋਧ ਸੰਸਥਾਨ ਨਾਲ ਮਿਲ ਕੇ ਇਹ ਸਮਾਗਮ ਕਰਵਾਇਆ ਸੀ। ਉੱਨਾਂ ਕਿਹਾ ਕਿ ਇਹ ਘਟਨਾ ਨਹੀਂ ਹੋਣੀ ਚਾਹੀਦੀ ਸੀ। ਇਸ ਸਮਾਗਮ ਵਿੱਚ ਚੌਬੇ ਤੋਂ ਇਲਾਵਾ ਤਿੰਨ ਹੋਰ ਅਜਿਹੇ ਨੇਤਾ ਸ਼ਾਮਲ ਸਨ ਜੋ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੀ ਕੈਬਨਿਟ ਵਿੱਚ ਕੇਂਦਰੀ ਮੰਤਰੀ ਰਹੇ ਸਨ। ਇਨ੍ਹਾਂ ਵਿੱਚ ਡਾਕਟਰ ਸੀਪੀ ਠਾਕੁਰ, ਸੰਜੇ ਪਾਸਵਾਨ ਅਤੇ ਸ਼ਾਹਨਵਾਜ਼ ਹੁਸੈਨ ਸ਼ਾਮਲ ਸਨ।

ਗਾਇਕਾ ਦੇਵੀ ਵੱਲੋਂ ਉਕਤ ਭਜਨ ਗਾਉਣ ਮੌਕੇ 50 ਦੇ ਕਰੀਬ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤਾਂ ਜੋ ਭਜਨ ਬੰਦ ਹੋ ਸਕੇ। ਹੈਰਾਨ ਅਤੇ ਪਰੇਸ਼ਾਨ ਹੋਈ ਦੇਵੀ ਨੇ ਬਾਅਦ ਵਿੱਚ ਮੁਆਫੀ ਮੰਗੀ। ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਵੀ ਦਖਲ ਦੇ ਕੇ ਸਥਿਤੀ ਨੂੰ ਬਦਸੂਰਤ ਮੋੜ ਤੋਂ ਬਚਾ ਲਿਆ। ਮੁਆਫੀ ਮੰਗਣ ਤੋਂ ਬਾਅਦ ਚੌਬੇ ਨੇ ਵਿਰੋਧ ਕਰ ਰਹੇ ਹਾਜ਼ਰੀਨ ਦੇ ਨਾਲ ਉਚੀ ਆਵਾਜ਼ ਵਿੱਚ “ਜੈ ਸ਼੍ਰੀ ਰਾਮ” ਦੇ ਨਾਅਰੇ ਲਗਾ ਕੇ ਉੱਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਉਹ ਲੋਕ ਗਾਇਕ ਨੂੰ ਸਟੇਜ ਤੋਂ ਹਟਾਉਂਦੇ ਵੀ ਨਜ਼ਰ ਆਏ। ਚੌਬੇ ਨੇ ਵਾਜਪਾਈ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨ ਲਈ ‘ਮੈਂ ਅਟਲ ਰਹੂੰਗਾ’ ਦੇ ਨਾਮ ਹੇਠ ਇਹ ਸਮਾਗਮ ਕਰਵਾਇਆ ਸੀ।

ਗਾਇਕਾ ਦੇਵੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਬੰਧਕਾਂ ਨੇ ਉਸ ਨੂੰ ਸਮਾਗਮ ਲਈ ਸੱਦਾ ਦਿੱਤਾ ਗਿਆ ਸੀ ਅਤੇ ਭਜਨ ਗਾਉਣ ਦੀ ਬੇਨਤੀ ਕੀਤੀ ਸੀ। ਉਸਨੇ ਕਿਹਾ ਕਿ “ਵਾਜਪਾਈ ਜੀ ਦੀ ਯਾਦ ਵਿਚ ਇਕੱਠ ਹੋਣ ਕਰਕੇ ਹੀ ਮਹਾਤਮਾ ਗਾਂਧੀ ਦਾ ਪਸੰਦੀਦਾ ਭਜਨ “ਰਘੁਪਤੀ ਰਾਘਵ ਰਾਜਾ ਰਾਮ” ਗਾਉਣਾ ਉਚਿਤ ਸਮਝਿਆ। ਪਰ ਜਦੋਂ ਮੈਂ ‘ਈਸ਼ਵਰ ਅੱਲਾ ਤੇਰੋ ਨਾਮ’ ਤੋਂ ਸ਼ੁਰੂ ਹੋ ਕੇ ਪਉੜੀ ਗਾਉਣੀ ਸ਼ੁਰੂ ਕੀਤੀ ਤਾਂ ਸਰੋਤਿਆਂ ਦੇ ਇੱਕ ਹਿੱਸੇ ਵੱਲੋਂ ਵਿਰੋਧ ਹੋਇਆ।” ਉਸਨੇ ਟਿੱਪਣੀ ਕੀਤੀ ਕਿ “ਮੈਨੂੰ ਮਹਾਤਮਾ ਗਾਂਧੀ ਦਾ ਸਭ ਤੋਂ ਪਸੰਦੀਦਾ ਭਜਨ ਤੁਰੰਤ ਬੰਦ ਕਰਨਾ ਪਿਆ, ਜਿਸ ਨੂੰ ਦੁਨੀਆ ਭਰ ਵਿੱਚ ਬੜੇ ਸਤਿਕਾਰ ਨਾਲ ਗਾਇਆ ਅਤੇ ਸੁਣਿਆ ਜਾਂਦਾ ਹੈ, ਜੋ ਹੋਇਆ ਉਹ ਮੰਦਭਾਗਾ ਸੀ।”

ਸਿਆਸੀ ਧਿਰਾਂ ਵੱਲੋਂ ਤਿੱਖਾ ਪ੍ਰਤੀਕਰਮ

ਇਸ ਵਿਰੋਧ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ, ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਨੇ ਟਿੱਪਣੀ ਕੀਤੀ, “ਸੰਘੀਆਂ ਅਤੇ ਭਾਜਪਾ ਦੇ ਲੋਕ ‘ਜੈ ਸਿਆਰਾਮ, ਜੈ ਸੀਤਾਰਾਮ’ ਦੇ ਨਾਮ ਅਤੇ ਨਾਅਰੇ ਨੂੰ ਵੀ ਨਫ਼ਰਤ ਕਰਦੇ ਹਨ ਕਿਉਂਕਿ ਇਸ ਵਿੱਚ ਮਾਤਾ ਸੀਤਾ ਦੀ ਮਹਿਮਾ ਹੈ। ਇਹ ਲੋਕ ਸ਼ੁਰੂ ਤੋਂ ਹੀ ਔਰਤਾਂ ਦੇ ਵਿਰੋਧੀ ਹਨ ਅਤੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਨਾਲ ਅੱਧੀ ਆਬਾਦੀ, ਔਰਤਾਂ ਦਾ ਅਪਮਾਨ ਕਰਦੇ ਹਨ।” 

ਉਨ੍ਹਾਂ ਕਿਹਾ ਕਿ ਗਾਇਕਾ ਦੇਵੀ ਨੇ ਬਾਪੂ ਦੇ ਨਾਂ ‘ਤੇ ਬਣੇ ਆਡੀਟੋਰੀਅਮ ‘ਚ ਉਨਾਂ ਦਾ ਭਜਨ ਗਾਇਆ ਅਤੇ ‘ਸੀਤਾ ਰਾਮ’ ਕਿਹਾ ਤਾਂ ਭਾਜਪਾ ਦੇ ਮੈਂਬਰਾਂ ਨੇ ਉਸ ਤੋਂ ਮਾਈਕ ‘ਤੇ ਮੁਆਫੀ ਮੰਗਣ ਲਈ ਕਿਹਾ ਅਤੇ ਜੈ ਸੀਤਾ ਰਾਮ ਦੀ ਬਜਾਏ ਜੈ ਸ਼੍ਰੀ ਰਾਮ ਦਾ ਨਾਅਰਾ ਲਗਾਇਆ। ਲਾਲੂ ਪ੍ਰਸਾਦ ਨੇ ਕਿਹਾ “ਇਹ ਸੰਘੀ “ਸੀਤਾ ਮਾਤਾ” ਸਮੇਤ ਔਰਤਾਂ ਦਾ ਅਪਮਾਨ ਕਿਉਂ ਕਰਦੇ ਹਨ?”

ਬਿਹਾਰ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਾਰਤ ਅਤੇ ਵਿਦੇਸ਼ਾਂ ਵਿੱਚ ਜਾ ਕੇ ਗਾਂਧੀ ਦੀਆਂ ਮੂਰਤੀਆਂ ਅੱਗੇ ਝੁਕ ਰਹੇ ਹਨ ਪਰ ਬਿਹਾਰ ਵਿੱਚ ਭਾਜਪਾ ਆਗੂ ਉਨ੍ਹਾਂ ਵੱਲੋਂ ਗਾਏ ਪਸੰਦੀਦਾ ਭਜਨਾਂ ਤੋਂ ਨਾਰਾਜ਼ ਹਨ। 

ਸਾਬਕਾ ਕੇਂਦਰੀ ਮੰਤਰੀ ਸ਼ਾਹਨਵਾਜ਼ ਹੁਸੈਨ ਨੇ ਕਿਹਾ: “ਮੈਂ ਆਪਣੇ ਸੰਬੋਧਨ ਦੌਰਾਨ ਅਟਲ ਜੀ ਦਾ ਹਵਾਲਾ ਦਿੱਤਾ ਸੀ। ਉਹ ਕਹਿੰਦੇ ਸਨ, ‘ਛੋਟੇ ਦਿਲ ਸੇ ਕੋਈ ਵੱਡਾ ਨਹੀਂ ਹੁੰਦਾ।’ ਇਸ ਭਜਨ ਦਾ ਵਿਰੋਧ ਅਸਹਿਣਸ਼ੀਲਤਾ ਦੀ ਸਿਖਰ ਹੈ। ਮੈਂ ਬਹੁਤ ਸ਼ਰਮਿੰਦਾ ਹਾਂ ਅਤੇ ਸ਼ਰਮ ਮਹਿਸੂਸ ਕਰਦਾ ਹਾਂ।” 

ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਸੰਜੇ ਪਾਸਵਾਨ ਨੇ ਵੀ ਇਸ ਭਜਨ ਦੇ ਵਿਰੋਧ ਨੂੰ ਅਣਉਚਿਤ ਦੱਸਿਆ ਹੈ। ਉਸ ਨੇ ਕਿਹਾ, “ਅਸੀਂ GLAD (ਗਾਂਧੀ, ਲੋਹੀਆ, ਅੰਬੇਦਕਰ ਅਤੇ ਦੀਨਦਿਆਲ ਉਪਾਧਿਆਏ) ਦੀ ਸਮਕਾਲੀ ਵਿਚਾਰਧਾਰਾ ਦੀ ਦੁਨੀਆ ਵਿੱਚ ਰਹਿ ਰਹੇ ਹਾਂ।”

error: Content is protected !!
Skip to content