ਪਾਣੀ ਰੀਚਾਰਜ ਦੇ ਬਿਹਤਰ ਹੱਲ ਲਈ ਮੁੱਖ ਰਣਨੀਤੀਆਂ ਉੱਤੇ ਕੀਤੀ ਚਰਚਾ
ਚੰਡੀਗੜ੍ਹ, 30 ਮਾਰਚ 2025 (ਫਤਿਹ ਪੰਜਾਬ ਬਿਊਰੋ) ਭੂਗਰਭ ਪਾਣੀ ਦੀ ਘਾਟ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਦੋ ਖੇਤੀਬਾੜੀ ਪਾਵਰਹਾਊਸ – ਪੰਜਾਬ ਅਤੇ ਕੈਲੀਫੋਰਨੀਆ – ਨੇ ਇਸ ਮੁੱਦੇ ਦੇ ਸਾਂਝੇ ਉਪਾਵਾਂ ਪ੍ਰਤੀ ਇੱਕ ਅਹਿਮ ਕਦਮ ਚੁੱਕਿਆ ਹੈ। ਅਮਰੀਕਾ ਦੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫਰਿਜ਼ਨੋ ਦੇ ਇੱਕ ਉੱਚ-ਪੱਧਰੀ ਪ੍ਰਤੀਨਿਧੀ ਮੰਡਲ ਨੇ, ਜਿਸਦੀ ਅਗਵਾਈ ਮਸ਼ਹੂਰ ਮਾਹਿਰਾਂ ਡਾ. ਸ਼ੈਰਨ ਐਲਿਜ਼ਾਬੈਥ ਬੇਨਸ ਅਤੇ ਡਾ. ਗੁਰਪ੍ਰੀਤ ਸਿੰਘ ਬਰਾੜ ਨੇ ਕੀਤੀ, ਪੰਜਾਬ ਦੇ ਖੇਤੀਬਾੜੀ ਵਿਗਿਆਨੀਆਂ ਅਤੇ ਨੀਤੀ ਨਿਰਮਾਤਾਵਾਂ ਨਾਲ ਰਣਨੀਤਕ ਵਿਚਾਰ-ਵਟਾਂਦਰੇ ਕੀਤੇ।
ਇਹ ਮੀਟਿੰਗ ਪੰਜਾਬ ਸਟੇਟ ਫਾਰਮਰਜ਼ ਐਂਡ ਫਾਰਮ ਵਰਕਰਜ਼ ਕਮਿਸ਼ਨ (PSFC) ਦੁਆਰਾ ਆਯੋਜਿਤ ਕੀਤੀ ਗਈ ਸੀ, ਜਿਸ ਦੌਰਾਨ ਪਾਣੀ ਨੂੰ ਜਮੀਨ ਵਿੱਚ ਰੀਚਾਰਜ ਕਰਨ ਅਤੇ ਟਿਕਾਊ ਖੇਤੀਬਾੜੀ ਲਈ ਕਾਰਗੁਜ਼ਾਰ ਰਣਨੀਤੀਆਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। PSFC ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਨੇ ਪੰਜਾਬ ਦੀ ਖੇਤੀਬਾੜੀ ਨੀਤੀ ਨੂੰ ਰੇਖਾਂਕਿਤ ਕੀਤਾ ਜਦੋਂ ਕਿ ਪੂਰਵ ਡਾਇਰੈਕਟਰ ਖੇਤੀਬਾੜੀ ਰਾਜੇਸ਼ ਵਸ਼ਿਸ਼ਟ ਨੇ ਭੂਗਰਭ ਪਾਣੀ ਦੇ ਘਟਦੇ ਪੱਧਰਾਂ ਬਾਰੇ ਅੰਕੜੇ ਪੇਸ਼ ਕੀਤੇ।
ਡਾ. ਬਰਾੜ ਨੇ ਆਪਣੀ ਪੇਸ਼ਕਾਰੀ ਵਿੱਚ ਪਾਣੀ ਦੇ ਸੁੱਕਦੇ ਸਰੋਤਾਂ ਦੌਰਾਨ ਖੇਤੀਬਾੜੀ ਦੇ ਭਵਿੱਖ ਨੂੰ ਉਜਾਗਰ ਕੀਤਾ। ਡਾ. ਬੇਨਸ ਨੇ ਕੈਲੀਫੋਰਨੀਆ ਦੇ ਅਨੁਭਵ ਸਾਂਝੇ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਸੰਕਟ ਦੇ ਹੱਲ ਲਈ ਵਿਸ਼ਵਵਿਆਪੀ ਸਹਿਯੋਗ ਦੀ ਦੀ ਲੋੜ ਹੈ।
ਸਾਬਕਾ ਡਾਇਰੈਕਟਰ ਬਾਗਬਾਨੀ ਡਾ. ਗੁਰਕੰਵਲ ਸਿੰਘ ਨੇ ਜਲਵਾਯੂ-ਰੋਧਕ ਖੇਤੀਬਾੜੀ ਦੇ ਨਿਰਮਾਣ ਲਈ ਵਿਗਿਆਨਕ ਯਤਨਾਂ ਦੀ ਅਪੀਲ ਕੀਤੀ। ਖੇਤੀ ਮਾਹਿਰਾਂ ਡਾ. ਰਣਜੋਧ ਸਿੰਘ ਬੈਂਸ ਅਤੇ ਸ਼੍ਰੀ ਮਨਪ੍ਰੀਤ ਸਿੰਘ ਨੇ ਪੰਜਾਬ ਦੇ ਖੇਤੀਬਾੜੀ ਢਾਂਚੇ ਲਈ ਤਿਆਰ ਡਰਾਫਟ ਖੇਤੀ ਨੀਤੀ ਸਬੰਧੀ ਉਪਾਅ ਪੇਸ਼ ਕੀਤੇ।