Skip to content

ਸੂਬੇ ਵਿੱਚ ਹਾਕੀ ਖੇਡ ਨੂੰ ਹੋਰ ਪ੍ਰਫੁੱਲਤ ਕਰਨ ਲਈ ਕੀਤੀਆਂ ਵਿਚਾਰਾਂ

ਚੰਡੀਗੜ੍ਹ, 19 ਅਗਸਤ 2024 (ਫਤਿਹ ਪੰਜਾਬ) ਪੈਰਿਸ ਓਲੰਪਿਕਸ ’ਚ ਹਾਕੀ ਵਿੱਚ ਕਾਂਸੀ ਤਮਗ਼ਾ ਜੇਤੂ ਪੰਜਾਬ ਦੇ ਦੋ ਪੀ.ਸੀ.ਐਸ. ਅਫਸਰਾਂ ਹਾਰਦਿਕ ਸਿੰਘ ਤੇ ਗੁਰਜੰਟ ਸਿੰਘ ਵੱਲੋਂ ਅੱਜ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਟੋਕੀਓ ਓਲੰਪਿਕ ਖੇਡਾਂ ਦੇ ਕਾਂਸੀ ਤਮਗ਼ਾ ਜੇਤੂ ਪੰਜਾਬ ਦੇ ਦੋ ਪੀ.ਸੀ.ਐਸ. ਅਫਸਰ ਰੁਪਿੰਦਰ ਪਾਲ ਸਿੰਘ ਤੇ ਸਿਮਰਨਜੀਤ ਸਿੰਘ ਵੀ ਹਾਜ਼ਰ ਸਨ।

ਮੁੱਖ ਸਕੱਤਰ ਸ੍ਰੀ ਵਰਮਾ ਨੇ ਹਾਕੀ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਮੁੱਚੇ ਦੇਸ਼ ਨੂੰ ਉਨ੍ਹਾਂ ਉਤੇ ਮਾਣ ਹੈ ਜਿਨ੍ਹਾਂ 52 ਸਾਲਾਂ ਬਾਅਦ ਓਲੰਪਿਕ ਖੇਡਾਂ ਵਿੱਚ ਹਾਕੀ ਖੇਡ ਵਿੱਚ ਲਗਾਤਾਰ ਦੋ ਵਾਰੀ ਤਮਗ਼ਾ ਜਿੱਤਿਆ। ਉਨ੍ਹਾਂ ਕਿਹਾ ਕਿ ਪੰਜਾਬ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ 19 ਮੈਂਬਰੀ ਟੀਮ ਵਿੱਚ ਕਪਤਾਨ ਤੇ ਵਾਈਸ ਕਪਤਾਨ ਸਮੇਤ 10 ਖਿਡਾਰੀ ਪੰਜਾਬ ਦੇ ਸਨ।

ਦੋਵੇਂ ਹਾਕੀ ਖਿਡਾਰੀਆਂ ਨੇ ਮੁੱਖ ਸਕੱਤਰ ਨਾਲ ਪੈਰਿਸ ਓਲੰਪਿਕਸ ਦੇ ਤਜ਼ਰਬੇ ਸਾਂਝੇ ਕੀਤੇ। ਮੁੱਖ ਸਕੱਤਰ ਸ੍ਰੀ ਵਰਮਾ ਨੇ ਕਿਹਾ ਕਿ ਪੂਰੀ ਓਲੰਪਿਕਸ ਦੌਰਾਨ ਹਾਕੀ ਵਿੱਚ ਭਾਰਤ ਨੇ ਟੀਮ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਬਰਤਾਨੀਆ ਖਿਲਾਫ਼ ਕੁਆਰਟਰ ਫ਼ਾਈਨਲ ਵਿੱਚ 10 ਖਿਡਾਰੀਆਂ ਨਾਲ ਖੇਡਦਿਆਂ ਜਿੱਤ ਹਾਸਲ ਕਰਕੇ ਮਿਸਾਲ ਕਾਇਮ ਕੀਤੀ। ਇਸ ਮੌਕੇ ਗੱਲਬਾਤ ਦੌਰਾਨ ਉਨ੍ਹਾਂ ਖਿਡਾਰੀਆਂ ਨਾਲ ਸੂਬੇ ਵਿੱਚ ਹਾਕੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਵਿਚਾਰਾਂ ਵੀ ਕੀਤੀਆਂ। ਸ੍ਰੀ ਵਰਮਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੇਡਾਂ ਤੇ ਖਿਡਾਰੀਆਂ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। 

error: Content is protected !!