8 ਦਸੰਬਰ ਨੂੰ ‘ਸੁਧਾਰ ਲਹਿਰ’ ਵਾਲੇ ਮਿਲਣਗੇ ਸਿੰਘ ਸਾਹਿਬਾਨ ਨੂੰ
ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਯਤਨ ਆਰੰਭਣ ਦਾ ਫ਼ੈਸਲਾ
ਚੰਡੀਗੜ੍ਹ, 4 ਦਸੰਬਰ 2024 (ਫਤਿਹ ਪੰਜਾਬ) ਪੰਜ ਸਿੰਘ ਸਾਹਿਬਾਨ ਵੱਲੋਂ ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਧੜਿਆਂ ਨੂੰ ਪੰਥਕ ਹਿੱਤਾਂ ਲਈ ਇੱਕਜੁਟ ਹੋਣ ਅਤੇ ਆਪਸੀ ਦਵੰਦ ਖਤਮ ਕਰਨ ਦੇ ਦਿੱਤੇ ਹੁਕਮ ਤੋਂ ਅਗਲੇ ਦਿਨ ਹੀ ਬਾਗੀ ਆਗੂਆਂ ਨੇ ਅਕਾਲੀ ਸੁਧਾਰ ਲਹਿਰ ਨੂੰ ਭੰਗ ਕਰਨ ਅਤੇ ਜੁਲਾਈ ਵਿੱਚ ਵੱਖਰਾ ਸੰਗਠਨਾਤਮਕ ਢਾਂਚਾ ਬਣਾਉਣ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਵੀ ਬੰਦ ਕਰਨ ਦਾ ਐਲਾਨ ਕੀਤਾ ਹੈ।
ਇਸ ਬਾਰੇ ਮੀਡੀਆ ਨੂੰ ਦੱਸਦੇ ਹੋਏ ਸੁਧਾਰ ਲਹਿਰ ਦੇ ਸੰਯੋਜਕ ਗੁਰਪ੍ਰਤਾਪ ਸਿੰਘ ਵਡਾਲਾ, ਜੋ ਕਿ ਅਕਾਲ ਤਖ਼ਤ ਸਾਹਿਬ ਦੁਆਰਾ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਲਈ ਬਣਾਈ ਗਈ ਛੇ ਮੈਂਬਰੀ ਕਮੇਟੀ ਦੇ ਮੈਂਬਰ ਵੀ ਹਨ, ਨੇ ਕਿਹਾ ਕਿ ਸਿੰਘ ਸਾਹਿਬਾਨ ਦੇ ਫ਼ੈਸਲੇ ਤੋਂ ਬਾਅਦ, ਸੁਧਾਰ ਲਹਿਰ ਨੂੰ ਜਾਰੀ ਰੱਖਣ ਦਾ ਕੋਈ ਅਰਥ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਅਸੀਂ ਅਕਾਲੀ ਦਲ ਦੇ ਦੁਬਾਰਾ ਗਠਨ ਅਤੇ ਸਾਰੇ ਧੜਿਆਂ ਨੂੰ ਇੱਕਠੇ ਕਰਨ ਲਈ ਕੰਮ ਕਰਾਂਗੇ।
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੁਆਰਾ ਅਕਾਲ ਤਖ਼ਤ ਸਾਹਮਣੇ ਆਪਣੀਆਂ ਗਲਤੀਆਂ ਸਵੀਕਾਰਨ ਤੋਂ ਬਾਅਦ, ਅਕਾਲੀ ਦਲ ਲਈ ਸੰਗਤ ਵਿਚਕਾਰ ਆਪਣਾ ਭਰੋਸਾ ਦੁਬਾਰਾ ਕਾਇਮ ਕਰਨ ਦਾ ਮੌਕਾ ਮਿਲਿਆ ਹੈ। ਵਡਾਲਾ ਨੇ ਦੱਸਿਆ ਕਿ ਸਮੂਹ ਨੇਤਾ 8 ਦਸੰਬਰ ਨੂੰ ਆਪਣੀ ਮੁਹਿੰਮ ਅਧਿਕਾਰਕ ਤੌਰ ਤੇ ਖਤਮ ਕਰਨ ਲਈ ਜਥੇਦਾਰ ਸਾਹਿਬ ਮਿਲਣਗੇ।
ਦੱਸ ਦੇਈਏ ਕਿ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਸੱਦੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਹਦਾਇਤਾਂ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੁਖਬੀਰ ਸਿੰਘ ਬਾਦਲ ਦੁਆਰਾ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਅਸਤੀਫ਼ੇ ਨੂੰ ਕਬੂਲ ਕਰਨ ਅਤੇ ਪਾਰਟੀ ਨੂੰ ਛੇ ਮਹੀਨਿਆਂ ਵਿੱਚ ਨਵਾਂ ਰੂਪ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਸੀ। ਇਸ ਦੇ ਨਾਲ ਹੀ ਸਾਰੇ ਧੜਿਆਂ ਵਿੱਚ ਏਕਤਾ ਦਾ ਵੀ ਹੁਕਮ ਦਿੱਤਾ ਸੀ।ਇਸ ਨਾਲ, ਸੌ ਤੋਂ ਵੱਧ ਸਾਲ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਸੰਗਠਿਤ ਕਰਨ ਦੀ ਯੋਜਨਾ ਬਣਾਈ ਗਈ ਹੈ।
ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਜਲਦ ਹੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਾਂਗੇ ਅਤੇ ਪਾਰਟੀ ਛੱਡ ਚੁੱਕੇ ਸਾਰੇ ਆਗੂਆਂ ਨੂੰ ਇੱਕ ਸਾਂਝੇ ਮੰਚ ’ਤੇ ਲਿਆਂਵਾਂਗੇ, ਤਾਂ ਜੋ ਪਾਰਟੀ ਨੂੰ ਦੁਬਾਰਾ ਪੁਨਰ ਸੁਰਜੀਤ ਕੀਤਾ ਜਾ ਸਕੇ।
ਵਡਾਲਾ ਨੇ ਕਿਹਾ ਕਿ ਕਈ ਅਕਾਲੀ ਆਗੂ ਜਿਹੜੇ ਪਾਰਟੀ ਛੱਡ ਚੁੱਕੇ ਹਨ, ਵਾਪਸ ਆਉਣ ਵਿੱਚ ਰੁਚੀ ਰੱਖਦੇ ਹਨ। ਅਕਾਲੀ ਦਲ ਵਿੱਚੋਂ ਕੱਢੇ ਅਦੇਸ਼ ਪ੍ਰਤਾਪ ਸਿੰਘ ਕੈਰੋਂ, ਰਤਨ ਸਿੰਘ ਅਜਨਾਲਾ ਅਤੇ ਜਗਦੀਪ ਸਿੰਘ ਨਕਈ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਵਿੱਚ ਸਰਗਰਮ ਭਾਗ ਲੈਣ ਦੀ ਇੱਛਾ ਦਿਖਾ ਰਹੇ ਹਨ।
ਅਕਾਲ ਤਖ਼ਤ ਵੱਲੋਂ ਜਾਰੀ ਹੁਕਮ ਮੁਤਾਬਕ ਹਰਜਿੰਦਰ ਸਿੰਘ ਧਾਮੀ ਛੇ ਮੈਂਬਰੀ ਕਮੇਟੀ ਦੀ ਅਗਵਾਈ ਕਰਨਗੇ ਜਿਸ ਵਿੱਚ ਸਾਬਕਾ ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਇਕਬਾਲ ਸਿੰਘ ਝੁੰਦਾਂ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਯਾਲੀ, ਸੰਤਾ ਸਿੰਘ ਉਮੈਦਪੁਰ ਅਤੇ ਬੀਬੀ ਸਤਵੰਤ ਕੌਰ ਸ਼ਾਮਲ ਹਨ। ਕਮੇਟੀ ਨੇ ਹਾਲੇ ਆਪਣੀ ਪਹਿਲੀ ਮੀਟਿੰਗ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ।
ਫੂਲਕਾ ਵੱਲੋਂ ਸਿਆਸਤ ਚ ਮੁੜ ਵਾਪਸੀ ਦਾ ਇਸ਼ਾਰਾ
ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਆਗੂ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ 2017 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਪਰ ਉਨ੍ਹਾਂ ਜਲਦ ਹੀ ਅਸਤੀਫ਼ਾ ਦੇ ਦਿੱਤਾ ਸੀ। ਪਰ ਹੁਣ ਉਨ੍ਹਾਂ ਨੇ ਰਾਜ ਦੀ ਰਾਜਨੀਤੀ ਵਿੱਚ ਦੁਬਾਰਾ ਸਰਗਰਮ ਹੋਣ ਦੇ ਸੰਕੇਤ ਦਿੱਤੇ ਹਨ।
ਮਾਲਵਾ ਖੇਤਰ ਤੋਂ ਸੰਬੰਧਿਤ ਜੱਟ ਸਿੱਖ ਫੂਲਕਾ ਨੇ 1984 ਦੇ ਦਿੱਲੀ ਕਤਲੇਆਮ ਦੇ ਪੀੜਤਾਂ ਲਈ ਨਿਆਂ ਦੀ ਲੰਮੀ ਕਾਨੂੰਨੀ ਲੜਾਈ ਲੜੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫੂਲਕਾ ਨੇ ਕਿਹਾ ਕਿ ਉਹ ਕੋਈ ਵੀ ਰਵਾਇਤੀ ਸਿਆਸੀ ਪਾਰਟੀ ਨਾਲ ਨਹੀਂ ਜੁੜਨਗੇ ਅਤੇ ਉਹ ਸ਼ਨੀਵਾਰ ਤੱਕ ਆਪਣੀ ਯੋਜਨਾ ਦਾ ਖੁਲਾਸਾ ਕਰ ਸਕਦੇ ਹਨ।