ਅੰਮ੍ਰਿਤਪਾਲ ਸਿੰਘ ਪਿੱਛੋਂ ਸੁਧਾਰ ਲਹਿਰ ਵਾਲੇ ਵੀ ਵਿੱਢ ਰਹੇ ਨੇ ਤਿਆਰੀ
ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਅਣਗੌਲੇ ਕਰਨ ਤੋਂ ਦੁਖੀ ਸੁਧਾਰ ਲਹਿਰ ਦੇ ਆਗੂਆਂ ਨੇ ਕੀਤੀ ਉਚੇਚੀ ਮੀਟਿੰਗ
ਰਵੀਇੰਦਰ ਸਿੰਘ ਸਣੇ ਹੋਰ ਨਰਾਜ਼ ਆਗੂਆਂ ਨੂੰ ਵੀ ਨਵੀਂ ਸਿਆਸੀ ਪਾਰਟੀ ਨਾਲ ਜੋੜਨ ਦਾ ਫ਼ੈਸਲਾ
ਚੰਡੀਗੜ੍ਹ, 5 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਸਾਲ 2025 ਦੌਰਾਨ ਪੰਜਾਬ ਵਿੱਚ ਦੋ ਹੋਰ ਅਕਾਲੀ ਦਲ ਰਾਜ ਦੇ ਲੋਕਾਂ ਸਾਹਮਣੇ ਬਣਨ ਜਾ ਰਹੇ ਹਨ। ਇੱਕ ਦਲ ਦਾ ਐਲਾਨ ਤਾਂ ਚੜ੍ਹਦੇ ਸਾਲ ਮਾਘੀ ਮੌਕੇ ਸੰਸਦ ਮੈਂਬਰਾਂ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ ਜਦਕਿ ਦੂਜੇ ਦਲ ਦਾ ਗਠਨ ਸੁਧਾਰ ਲਹਿਰ ਨਾਲ ਜੁੜੇ ਆਗੂਆਂ ਵੱਲੋਂ ਤੀਜੇ ਮਹੀਨੇ ਹੋਲੇ ਮਹੱਲੇ ਮੌਕੇ ਤਜਵੀਜ਼ਤ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਪਿੱਛੋਂ ਭੰਗ ਕੀਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜੇ ਆਗੂਆਂ ਨੇ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਚੰਡੀਗੜ੍ਹ ਸਥਿਤ ਨਿਵਾਸ ’ਤੇ ਮੀਟਿੰਗ ਮੌਕੇ ਫੈਸਲਾ ਕੀਤਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੇ ਹੁਕਮਨਾਮੇ ਦੀ ਪਾਲਣਾ ਨਾ ਕੀਤੀ ਤਾਂ ਉਹ ਮਾਰਚ ਵਿੱਚ ਹੋਲੇ-ਮਹੱਲੇ ਮੌਕੇ ਵੱਖਰੇ ਅਕਾਲੀ ਦਲ ਦਾ ਐਲਾਨ ਕਰਨਗੇ।
ਇਸ ਮੀਟਿੰਗ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਸਰਵਣ ਸਿੰਘ ਫਿਲੌਰ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਤਵਿੰਦਰ ਸਿੰਘ ਟੌਹੜਾ, ਚਰਨਜੀਤ ਸਿੰਘ ਬਰਾੜ ਆਦਿ ਹਾਜ਼ਰ ਸਨ।
ਇੰਨਾਂ ਨੇਤਾਵਾਂ ਦਾ ਕਹਿਣਾ ਹੈ ਕਿ 2 ਦਸੰਬਰ ਨੂੰ ਸਿੱਖਾਂ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਅਕਾਲੀ-ਭਾਜਪਾ ਸਰਕਾਰ ਦੇ 2007-2012 ਅਤੇ 2012-2017 ਦੇ ਦਸ ਸਾਲਾਂ ਦੋ ਕਾਰਜਕਾਲਾਂ ਦੌਰਾਨ ਹੋਈਆਂ ਧਾਰਮਿਕ ਬੇਅਦਬੀਆਂ ਦੇ ਪ੍ਰਾਸਚਿਤ ਲਈ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਵਜੋਂ ਤਨਖਾਹ ਲਾਈ ਗਈ ਸੀ ਜੋ ਉਨ੍ਹਾਂ ਨੇ ਪੂਰੀ ਕਰ ਲਈ ਹੈ। ਨਾਲ ਹੀ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਤਿੰਨ ਦਿਨਾਂ ਦੇ ਅੰਦਰ ਅਕਾਲੀ ਆਗੂਆਂ ਦੇ ਅਸਤੀਫੇ ਪ੍ਰਵਾਨ ਕਰਨ ਲਈ ਕਿਹਾ ਸੀ ਪਰ ਹਾਲੇ ਤੱਕ ਇਸ ਮਾਮਲੇ ਵਿੱਚ ਕੁੱਝ ਵੀ ਨਹੀਂ ਹੋਇਆ। ਇਸ ਤੋਂ ਇਲਾਵਾ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਬਾਗ਼ੀ ਤੇ ਦਾਗ਼ੀ ਧੜਿਆਂ ਨੂੰ ਏਕਤਾ ਕਰਨ ਦਾ ਸੱਦਾ ਦਿੰਦਿਆਂ ਪਾਰਟੀ ਮੈਂਬਰਸ਼ਿਪ ਚਲਾਉਣ ਅਤੇ ਸੰਵਿਧਾਨ ਮੁਤਾਬਿਕ ਛੇ ਮਹੀਨਿਆਂ ਦੇ ਅੰਦਰ ਪਾਰਟੀ ਦਾ ਪੁਨਰਗਠਨ ਕਰਨ ਲਈ Shiromani Gurdwara Parbandhak Committee SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇੱਕ ਸੱਤ ਮੈਂਬਰੀ ਕਮੇਟੀ ਵੀ ਬਣਾਈ ਸੀ ਜਿਸ ਦੀ ਹਾਲੇ ਤੱਕ ਕੋਈ ਮੀਟਿੰਗ ਨਹੀਂ ਹੋਈ।
ਯਾਦ ਰਹੇ ਕਿ ਜੁਲਾਈ 2024 ਵਿੱਚ ਬਣਾਈ ਇਸ ਸੁਧਾਰ ਲਹਿਰ ਦੀ ਸ਼ੁਰੂਆਤ ਅਕਾਲੀ ਦਲ ਦੇ ਅਸੰਤੁਸ਼ਟ ਨੇਤਾਵਾਂ ਦੁਆਰਾ ਕੀਤੀ ਗਈ ਸੀ, ਜਿਸ ਨੇ ਪਾਰਟੀ ਮੁਖੀ ਵਜੋਂ ਸੁਖਬੀਰ ਬਾਦਲ ਨੂੰ ਅਸਤੀਫੇ ਦੇਣ ਅਤੇ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਸੁਧਾਰਾਂ ਦੀ ਮੰਗ ਕੀਤੀ ਸੀ।
ਇਸ ਮੀਟਿੰਗ ਤੋਂ ਬਾਅਦ ਵਡਾਲਾ ਨੇ ਕਿਹਾ, “ਸਾਨੂੰ ਜਥੇਬੰਦੀ ਬਣਾਉਣ ਦੀ ਕੋਈ ਕਾਹਲੀ ਨਹੀਂ ਹੈ। ਹੋਲੇ ਮੁਹੱਲੇ ਤੋਂ ਬਾਅਦ ਅੰਤਿਮ ਫੈਸਲਾ ਲਿਆ ਜਾਵੇਗਾ। ਉਦੋਂ ਤੱਕ, ਅਸੀਂ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇੱਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਹੈ।”
ਉਨਾਂ ਖੁਲਾਸਾ ਕੀਤਾ ਕਿ ਸਾਡਾ ਪਹਿਲਾ ਕਦਮ ਮਾਘੀ ਮੇਲੇ ਤੋਂ ਪਹਿਲਾਂ ਦੋ ਮੀਟਿੰਗਾਂ ਕਰਨਾ ਹੈ। ਅਸੀਂ ਅਕਾਲੀ ਦਲ ਦੇ ਉਨ੍ਹਾਂ ਸਾਰੇ ਆਗੂਆਂ ਨਾਲ ਸੰਪਰਕ ਕਰਾਂਗੇ ਜੋ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਪਾਲਣਾ ਨਾ ਕਰਨ ਕਾਰਨ ਮੁੱਖ ਆਗੂਆਂ ਤੋਂ ਨਾਖੁਸ਼ ਹਨ।
ਉਨ੍ਹਾਂ ਕਿਹਾ ਕਿ ਉਹ ਸਿੱਖ ਬੁੱਧੀਜੀਵੀਆਂ ਨੂੰ ਨਾਲ ਲੈ ਕੇ ਚੱਲਣ ਲਈ ਤਿੰਨ ਸੰਮੇਲਨਾਂ ਦੀ ਲੜੀ ਕਰਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਖਾਲਸਾ ਪੰਥ ਦਾ ਇੱਕ ਵੱਡਾ ਇਕੱਠ ਹੋਵੇਗਾ। ਸਾਡੇ ਸਾਰੇ ਸਮਾਗਮ ਹੋਲਾ ਮੁਹੱਲਾ ‘ਤੇ ਸਮਾਪਤ ਹੋਣਗੇ।
ਇੰਨਾਂ ਆਗੂਆਂ ਨੇ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (1920) ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨਾਲ ਵੀ ਉਚੇਚੀ ਮੀਟਿੰਗ ਕੀਤੀ ਅਤੇ ਦੱਸਿਆ ਕਿ ਰਵੀਇੰਦਰ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਉਠਾਏ ਗਏ ਮੁੱਦਿਆਂ ‘ਤੇ ਉਨ੍ਹਾਂ ਦੇ ਨਾਲ ਹਨ।
ਨਵਾਂ ਸ਼੍ਰੋਮਣੀ ਅਕਾਲੀ ਦਲ (ਸ਼੍ਰੀ ਅਨੰਦਪੁਰ ਸਾਹਿਬ) ਬਣੇਗਾ ਮਾਘੀ ਮੌਕੇ
ਦੱਸ ਦੇਈਏ ਕਿ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ, ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਵੀ ਐਲਾਨ ਕੀਤਾ ਹੈ ਕਿ ਮਾਘੀ ਮੌਕੇ ਉੱਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਸ਼੍ਰੀ ਅਨੰਦਪੁਰ ਸਾਹਿਬ) ਦਾ ਗਠਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਸੌਂਪੀ ਜਾਵੇਗੀ। ਇੰਨਾਂ ਵੱਲੋਂ ਪਹਿਲਾਂ ਅਜਿਹਾ ਵੱਖਰਾ ਅਕਾਲੀ ਦਲ ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਬਣਾਇਆ ਜਾਣ ਦਾ ਫੈਸਲਾ ਕੀਤਾ ਗਿਆ ਸੀ ਪਰ ਅਕਾਲ ਤਖਤ ਵੱਲੋਂ ਰਵਾਇਤੀ ਸਿੱਖ ਆਗੂਆਂ ਨੂੰ ਤਨਖ਼ਾਹਾਂ ਲਾਏ ਜਾਣ ਪਿੱਛੋਂ ਉਨ੍ਹਾਂ ਨੇ ਉਸ ਯੋਜਨਾ ਨੂੰ ਹੁਣ ਅਮਲੀ ਰੂਪ ਦੇਣ ਦਾ ਫੈਸਲਾ ਕੀਤਾ ਹੈ।