Skip to content

ਪਰਵਾਸ ਸਬੰਧੀ ਮੁੱਦਿਆਂ ’ਤੇ ਬਿੱਲ ਕੇਂਦਰ ਸਰਕਾਰ ਦੇ ਵਿਚਾਰ ਅਧੀਨ

ਨਵੀਂ ਦਿੱਲੀ, 22 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਪਰਵਾਸੀ ਭਾਰਤੀਆਂ ਦੀ ਵਧ ਰਹੀ ਗਿਣਤੀ ਅਤੇ ਉੱਨਾਂ ਦੇ ਵੱਖ-ਵੱਖ ਮੁੱਦਿਆਂ ਦੇ ਮੱਦੇਨਜ਼ਰ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੀ ਮੀਟਿੰਗ ਵਿੱਚ ਐੱਨਆਰਆਈਜ਼ ਨੂੰ ਦੇਸ਼ ਦੀ ਸੰਸਦ ਵਿੱਚ ਨੁਮਾਇੰਦਗੀ ਦੇਣ ਬਾਰੇ ਸੁਝਾਅ ਦਿੱਤਾ ਗਿਆ।
ਸੂਤਰਾਂ ਅਨੁਸਾਰ ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਇਸ ਮੰਗ ਦੇ ਸਮਰਥਨ ਵਿੱਚ ਇਟਲੀ ਵਰਗੇ ਕੁਝ ਦੇਸ਼ਾਂ ਦਾ ਹਵਾਲਾ ਦਿੱਤਾ ਜਿੱਥੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਇਟਲੀ ਦੇ ਪਰਵਾਸੀਆਂ ਲਈ ਉਥੋਂ ਦੀ ਵਿਧਾਨ ਸਭਾ ਵਿੱਚ ਰਾਖਵਾਂਕਰਨ ਹੈ।
ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਵਾਲੀ ਇਸ ਸਥਾਈ ਕਮੇਟੀ ਨੇ ਪਰਵਾਸੀ ਭਾਰਤੀਆਂ ਨਾਲ ਸਬੰਧਤ ਕਈ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ। ਮੀਟਿੰਗ ਵਿੱਚ ਕੇਰਲ, ਪੰਜਾਬ, ਦਿੱਲੀ ਅਤੇ ਗੁਜਰਾਤ ਦੀਆਂ ਸੰਸਥਾਵਾਂ ਨੇ ਹਿੱਸਾ ਲਿਆ ਅਤੇ ਕੁਝ ਚੰਗੇ ਸੁਝਾਅ ਵੀ ਦਿੱਤੇ।
ਹੁੱਡਾ ਨੇ ਕਿਹਾ ਕਿ ਲੱਖਾਂ ਪਰਵਾਸੀ ਭਾਰਤੀ ਵਿਦੇਸ਼ਾਂ ਵਿੱਚ ਰਹਿੰਦੇ ਹਨ, ਇਸ ਲਈ ਉਹ ਸੰਸਦ ਵਿੱਚ ਨੁਮਾਇੰਦਗੀ ਕਰਨ ਦੇ ਹੱਕਦਾਰ ਹਨ। ਪਿਛਲੇ ਸਮੇਂ ਵਿੱਚ ਵੀ ਕੁਝ ਪਰਵਾਸੀ ਭਾਰਤੀ ਗਰੁੱਪਾਂ ਨੇ ਸੰਸਦ ਵਿੱਚ ਸੀਟਾਂ ਦੀ ਮੰਗ ਕੀਤੀ ਹੈ। ਮੌਜੂਦਾ ਸਮੇਂ ਪਰਵਾਸੀ ਭਾਰਤੀ ਵਿਦੇਸ਼ਾਂ ਤੋਂ ਵੋਟ ਵੀ ਨਹੀਂ ਪਾ ਸਕਦੇ। ਉਨ੍ਹਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਭਾਰਤ ਆਉਣਾ ਪੈਂਦਾ ਹੈ। ਐੱਨਆਰਆਈਜ਼ ਨੂੰ ਅਧਿਕਾਰਤ ਤੌਰ ’ਤੇ ‘ਵਿਦੇਸ਼ੀ ਵੋਟਰ’ ਕਿਹਾ ਜਾਂਦਾ ਹੈ। ਥਰੂਰ ਨੇ ਕਿਹਾ ਕਿ ਅਸੀਂ ਪਰਵਾਸੀ ਭਾਰਤੀਆਂ ਨਾਲ ਕੰਮ ਕਰਨ ਵਾਲੀਆਂ ਚਾਰ ਸੰਸਥਾਵਾਂ ਨਾਲ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ।
ਜਿਕਰਯੋਗ ਹੈ ਕਿ ਵਿਦੇਸ਼ ਮੰਤਰਾਲੇ ਨੇ ਪਹਿਲਾਂ ਇੱਕ ਮੀਟਿੰਗ ਵਿੱਚ ਇਸ ਕਮੇਟੀ ਨੂੰ ਸੂਚਿਤ ਕੀਤਾ ਸੀ ਕਿ ਪਰਵਾਸ ਨਾਲ ਸਬੰਧਤ ਮੁੱਦਿਆਂ ’ਤੇ ਇੱਕ ਬਿੱਲ ਕੇਂਦਰ ਸਰਕਾਰ ਦੇ ਵਿਚਾਰ ਅਧੀਨ ਹੈ।

error: Content is protected !!