ਚੰਡੀਗੜ੍ਹ 11 ਮਈ 2024 (ਫਤਹਿ ਪੰਜਾਬ) ਪੰਜਾਬ ਸਰਕਾਰ ਨੇ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਤੇ ਸਾਬਕਾ ਆਈਏਐਸ ਪਰਮਪਾਲ ਕੌਰ ਸਿੱਧੂ ਨੂੰ ਡਿਊਟੀ ਤੋਂ ਰੀਲੀਵ ਕਰ ਦਿੱਤਾ ਹੈ। ਉਨ੍ਹਾਂ ਨੂੰ ਵੀਆਰਐਸ ਨਹੀਂ ਦਿੱਤਾ ਗਿਆ, ਸਗੋਂ ਅਸਤੀਫ਼ੇ ਵਜੋਂ ਉਸ ਦੀ ਅਰਜ਼ੀ ਸਵੀਕਾਰ ਕਰ ਲਈ ਗਈ। ਇਸ ਤੋਂ ਪਹਿਲਾਂ ਪਰਮਪਾਲ ਕੌਰ ਨੇ ਆਪਣੀ ਅਰਜ਼ੀ ਕੇਂਦਰ ਸਰਕਾਰ ਨੂੰ ਵੀ ਭੇਜ ਦਿੱਤੀ ਸੀ ਜਿਸਨੇ ਰਾਜ ਸਰਕਾਰ ਨਾਲ ਰਾਬਤਾ ਕੀਤੇ ਬਿਨਾਂ ਹੀ ਉਸਦਾ ਅਸਤੀਫਾ ਪ੍ਰਵਾਨ ਕਰ ਲਿਆ ਸੀ ਤੇ ਉਹ ਅਗਲੇ ਦਿਨ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ। ਇਸ ਪਿੱਛੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕੇਂਦੇ ਵੱਲੋ ਉਸਦਾ ਅਸਤੀਫਾ ਮਨਜ਼ੂਰ ਕਰਨ ਉੱਪਰ ਕਿੰਤੂ ਕੀਤਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਹਾਲੇ ਪਰਮਪਾਲ ਕੌਰ ਨੂੰ ਵੀਆਰਐਸ ਨਾਲ ਸਬੰਧਤ ਲਾਭ ਨਹੀਂ ਦੇਵੇਗੀ। ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਪਰਮਪਾਲ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਪਰਮਪਾਲ ਕੌਰ ਦਾ ਕਹਿਣਾ ਹੈ ਕਿ ਉਸ ਦਾ ਕੰਮ ਅਰਜ਼ੀ ਦੇਣਾ ਸੀ ਤੇ ਉਸ ਬਾਰੇ ਫੈਸਲਾ ਲੈਣਾ ਸਰਕਾਰ ਦਾ ਕੰਮ ਹੈ। ਇਹ ਸਪੱਸ਼ਟ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਭਾਜਪਾ ਉਮੀਦਵਾਰ ਵਜੋਂ ਉਹ ਆਪਣੀ ਨਾਮਜ਼ਦਗੀ ਦਾਖਲ ਕਰੇਗੀ।