ਇਨਾਮ ਦੀ ਰਕਮ 25000 ਰੁਪਏ ਤੱਕ ਵਧਾਈ ਜਾਵੇਗੀ – ਨਿਤਿਨ ਗਡਕਰੀ
ਨਵੀਂ ਦਿੱਲੀ 12 ਜਨਵਰੀ 2025 (ਫਤਿਹ ਪੰਜਾਬ ਬਿਉਰੋ) ਕੇਂਦਰ ਸਰਕਾਰ ਸੜਕ ਦੁਰਘਟਨਾਵਾਂ ਦੇ ਪੀੜਤਾਂ ਨੂੰ ਤੁਰੰਤ ਡਾਕਟਰੀ ਦੇਖਭਾਲ ਲਈ ਹਸਪਤਾਲਾਂ ਵਿੱਚ ਪਹੁੰਚਾਉਣ ਵਾਲੇ ਚੰਗੇ ਲੋਕਾਂ ਲਈ ਇਨਾਮ ਦੀ ਰਕਮ ਵਧਾ ਕੇ 25,000 ਰੁਪਏ ਕਰੇਗੀ, ਜੋ ਮੌਜੂਦਾ 5,000 ਰੁਪਏ ਦੇ ਇਨਾਮ ਤੋਂ ਪੰਜ ਗੁਣਾ ਵੱਧ ਹੈ।
ਸੜਕ ਸੁਰੱਖਿਆ ਬਾਰੇ ਅਭਿਨੇਤਾ ਅਨੁਪਮ ਖੇਰ ਨਾਲ ਇੱਕ ਟੈਲੀਵਿਜ਼ਨ ‘ਤੇ ਗੱਲਬਾਤ ਕਰਦੇ ਹੋਏ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸੜਕ ਆਵਾਜਾਈ ਮੰਤਰਾਲੇ ਨੂੰ ਇਨਾਮ ਦੀ ਇਹ ਰਕਮ ਵਧਾਉਣ ਦੇ ਨਿਰਦੇਸ਼ ਦੇ ਦਿੱਤੇ ਹਨ ਕਿਉਂਕਿ ਮੌਜੂਦਾ ਇਨਾਮ ਰਾਸ਼ੀ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਇੱਕ ਘੰਟੇ (ਜਾਂ ਸੁਨਹਿਰੀ ਘੜੀ) ਦੇ ਅੰਦਰ ਹਸਪਤਾਲਾਂ ਜਾਂ ਟਰਾਮਾ ਕੇਅਰ ਸੈਂਟਰਾਂ ਤੱਕ ਪਹੁੰਚਾਉਣ ਵਾਲੇ ਵਿਅਕਤੀਆਂ ਲਈ ਬਹੁਤ ਘੱਟ ਹੈ ਅਤੇ ਅਕਸਰ ਇਹੀ ਸਮਾਂ ਕਿਸੇ ਦੀ ਜਾਨ ਬਚਾਉਣ ਵਿੱਚ ਮਹੱਤਵਪੂਰਨ ਹੁੰਦਾ ਹੈ। ਅਜਿਹੇ ਸਮੇਂ ਮਰੀਜ ਦੀ ਕੀਮਤੀ ਜਾਨ ਬਚਾਉਣ ਲਈ ਮਦਦ ਦੇਣ ਤੋਂ ਇਲਾਵਾ ਐਮਰਜੈਂਸੀ ਅਤੇ ਐਂਬੂਲੈਂਸ ਸੇਵਾਵਾਂ ਦੀ ਅਹਿਮ ਭੂਮਿਕਾ ਹੁੰਦੀ ਹੈ।
ਕੇਂਦਰ ਸਰਕਾਰ ਨੇ ਅਕਤੂਬਰ 2021 ਤੋਂ ਸੜਕ ਦੁਰਘਟਨਾ ਵਿੱਚ ਪੀੜਤਾਂ ਦੀ ਮਦਦ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਦੀ ਵਿਵਸਥਾ ਸ਼ੁਰੂ ਕੀਤੀ ਸੀ।
ਮੌਜੂਦਾ ਸਕੀਮ ਤਹਿਤ ਇਨਾਮ ਦੇਣ ਦੀ ਵਿਧੀ ਅਤੇ ਮਾਨਤਾ ਵਜੋਂ ਪ੍ਰਮਾਣ ਪੱਤਰ ਦੇਣ ਮੌਕੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਅਸਲ ਵਿਅਕਤੀ ਹੀ ਇਹ ਇਨਾਮ ਪ੍ਰਾਪਤ ਕਰਨ।
‘ਫਰਿਸ਼ਤੇ ਸਕੀਮ’ ਕੀਮਤੀ ਜਾਨਾਂ ਬਚਾਉਣ ਲਈ ਵਰਦਾਨ ਸਾਬਤ ਹੋਈ
ਪੰਜਾਬ ਸਰਕਾਰ ਨੇ ਸੜਕ ਹਾਦਸਿਆਂ ਵਿੱਚ ਜ਼ਖਮੀ ਹੋਣ ਵਾਲਿਆਂ ਦੀ ਮੌਤ ਦਰ ਨੂੰ ਘਟਾਉਣ ਅਤੇ ਸਰਕਾਰੀ/ਪ੍ਰਾਈਵੇਟ ਹਸਪਤਾਲਾਂ ਵਿੱਚ ਤੁਰੰਤ, ਨਿਰਵਿਘਨ ਇਲਾਜ ਦੀ ਸਹੂਲਤ ਦੇਣ ਦੇ ਇਰਾਦੇ ਨਾਲ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਹੈ। ਇਸ ਸਕੀਮ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਤੁਰੰਤ ਇਲਾਜ ਕਰਨ ਲਈ ਸੂਚੀਬੱਧ ਕੀਤਾ ਗਿਆ ਹੈ। ਇਸ ਸਕੀਮ ਦਾ ਉਦੇਸ਼ ਦੁਰਘਟਨਾ ਪੀੜਤਾਂ ਨੂੰ ਬਿਨਾਂ ਕਿਸੇ ਨਿਸ਼ਚਤ ਰਾਸ਼ੀ (ਕੈਪਿੰਗ ਅਮਾਊਂਟ) ਤੋਂ ਵਿਆਪਕ ਇਲਾਜ ਪ੍ਰਦਾਨ ਕਰਕੇ ਇਸ ਗੰਭੀਰ ਮੁੱਦੇ ਨੂੰ ਹੱਲ ਕਰਨਾ ਹੈ।
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਅਨੁਸਾਰ, ਭਾਰਤ ਵਿੱਚ ਹਰ ਰੋਜ਼ ਲਗਭਗ 1,400 ਸੜਕੀ ਹਾਦਸੇ ਅਤੇ 400 ਮੌਤਾਂ ਹੁੰਦੀਆਂ ਹਨ ਜਦਕਿ ਇਕੱਲੇ ਪੰਜਾਬ ਵਿੱਚ ਹਰ ਸਾਲ ਲਗਭਗ 5,000 ਮੌਤਾਂ ਸੜਕੀ ਦੁਰਘਟਨਾਵਾਂ ਕਾਰਨ ਹੁੰਦੀਆਂ ਹਨ।
ਮਦਦ ਕਰਨ ਵਾਲੇ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਜਾਂਦੀ
ਸੜਕ ਹਾਦਸੇ ਦੇ ਪੀੜਤ ਨੂੰ ਹਸਪਤਾਲ ਲੈ ਕੇ ਆਉਣ ਵਾਲੇ ਵਿਅਕਤੀ ਤੋਂ ਪੁਲਿਸ ਜਾਂ ਹਸਪਤਾਲ ਪ੍ਰਸ਼ਾਸਨ ਵੱਲੋਂ ਕੋਈ ਪੁੱਛਗਿੱਛ ਨਹੀਂ ਕੀਤੀ ਜਾਂਦੀ ਜਦੋਂ ਤੱਕ ਉਹ ਖੁਦ ਚਸ਼ਮਦੀਦ ਗਵਾਹ ਨਹੀਂ ਬਣਨਾ ਚਾਹੁੰਦਾ।
ਪਹਿਲਾਂ ਲੋਕ ਅਕਸਰ ਕਿਸੇ ਵੀ ਹਾਦਸੇ ਮੌਕੇ ਪੀੜਤ ਦੀ ਮਦਦ ਕਰਨ ਤੋਂ ਇਹ ਸੋਚ ਕੇ ਅੱਗੇ ਲੰਘ ਜਾਂਦੇ ਸੀ ਕਿ ਉਨ੍ਹਾਂ ਨੂੰ ਪੁਲਿਸ ਪੁੱਛਗਿਛ ਦਾ ਸਾਹਮਣਾ ਕਰਨਾ ਪਵੇਗਾ ਜਾਂ ਕਚਹਿਰੀਆਂ ਦੇ ਚੱਕਰਾਂ ਵਿਚ ਪੈਣਾ ਪਵੇਗਾ। ਪਰ ਹੁਣ ਫਰਿਸ਼ਤੇ ਸਕੀਮ ਤਹਿਤ ਬਿਨਾਂ ਖੱਜਲ ਖੁਆਰੀ ਤੋਂ ਜ਼ਖਮੀ ਲੋਕਾਂ ਦੀਆਂ ਜਾਨਾਂ ਬਚਾ ਸਕਦੇ ਹਨ ਤੇ ਨਾਲ ਹੀ ਉਨ੍ਹਾਂ ਨੂੰ ਇਨਾਮੀ ਰਾਸ਼ੀ ਨਾਲ ਸਨਮਾਨਿਤ ਵੀ ਕੀਤਾ ਜਾਂਦਾ ਹੈ।