ਅਹਿਮਦਾਬਾਦ 3 ਫਰਵਰੀ 2025 (ਫਤਿਹ ਪੰਜਾਬ ਬਿਉਰੋ) ਅਹਿਮਦਾਬਾਦ ਦੀ ਕ੍ਰਾਈਮ ਬ੍ਰਾਂਚ ਨੇ ਆਪਣੀ ਕਿਸਮ ਦੇ ਧੋਖਾਧੜੀ ਕਰਨ ਵਾਲੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਈ-ਕਾਮਰਸ ਵੈੱਬਸਾਈਟਾਂ ਨੂੰ ਹੈਕ ਕਰਕੇ ਅਤੇ ਸਿਰਫ਼ ਇੱਕ ਜਾਂ ਦੋ ਰੁਪਏ ਵਿੱਚ ਲੱਖਾਂ ਰੁਪਏ ਦੇ ਉਤਪਾਦ ਖਰੀਦ ਕੇ ਧੋਖਾਧੜੀ ਕਰਦਾ ਸੀ। ਬਾਪੂਨਗਰ ਇਲਾਕੇ ਵਿੱਚ ਛਾਪੇਮਾਰੀ ਤੋਂ ਬਾਅਦ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਮਹਿੰਗੇ ਫੋਨ, ਲੈਪਟਾਪ, ਵਾਈਫਾਈ ਰਾਊਟਰ, ਬਿੱਲ ਅਤੇ ਦਸਤਾਵੇਜ਼ਾਂ ਸਮੇਤ 3.31 ਲੱਖ ਰੁਪਏ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ। ਇਹ ਗਿਰੋਹ ਦੋ ਸਾਲਾਂ ਤੋਂ ਸਰਗਰਮ ਸੀ। ਹਾਲੇ ਤੱਕ ਲਗਭਗ 7 ਕਰੋੜ ਰੁਪਏ ਦੀ ਧੋਖਾਧੜੀ ਸਾਹਮਣੇ ਆਈ ਹੈ। ਇਸ ਤਰ੍ਹਾਂ ਦੀ ਧੋਖਾਧੜੀ ਦਾ ਇਹ ਪਹਿਲਾ ਮਾਮਲਾ ਹੈ।

ਕ੍ਰਾਈਮ ਬ੍ਰਾਂਚ ਦੇ ਡਿਪਟੀ ਕਮਿਸ਼ਨਰ ਅਜੀਤ ਰਾਜਯਨ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਵਿਜੇ ਵਾਘੇਲਾ, ਨਿਤੇਸ਼ ਉਰਫ ਛੋਟੂ ਮਦਾ ਅਤੇ ਆਦਿਲ ਪਰਮਾਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕ੍ਰਾਈਮ ਬ੍ਰਾਂਚ ਟੀਮ ਨੇ ਆਨਲਾਈਨ ਸੱਟੇਬਾਜ਼ੀ ਚੱਲਣ ਸਬੰਧੀ ਬਾਪੂਨਗਰ ਵਿੱਚ ਛਾਪਾ ਮਾਰਿਆ ਸੀ ਅਤੇ ਉੱਥੋਂ ਮਿਲੇ ਦਸਤਾਵੇਜ਼ਾਂ ਅਤੇ ਜਾਂਚ ਤੋਂ ਪਤਾ ਲੱਗਿਆ ਕਿ ਇਹ ਧੋਖਾਧੜੀ ਈ-ਕਾਮਰਸ ਨੂੰ ਹੈਕ ਕਰਕੇ ਕੀਤੀ ਗਈ ਸੀ।

ਭੁਗਤਾਨ ਗੇਟਵੇ ਦੀ ਪ੍ਰਕਿਰਿਆ ਦੌਰਾਨ ਕੀਤੀ ਛੇੜਛਾੜ

ਡਿਪਟੀ ਕਮਿਸ਼ਨਰ ਪੁਲਿਸ ਰਾਜਯਨ ਨੇ ਠੱਗੀ ਕਰਨ ਦੇ ਤਰੀਕਿਆਂ ਬਾਰੇ ਦੱਸਿਆ ਕਿ ਠੱਗੀ ਕਰਨ ਵਾਲਾ ਵਿਜੇ ਵਾਘੇਲਾ ਐਮਬੀਏ ਤੱਕ ਪੜ੍ਹਿਆ ਹੈ। ਉਹ ਸਰਚ ਇੰਜਣਾਂ ਤੋਂ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਨੰਬਰ ਪ੍ਰਾਪਤ ਕਰਦਾ ਸੀ ਫਿਰ ਸਰਚ ਇੰਜਣਾਂ ਤੋਂ ਡੀ-ਬੱਗਿੰਗ ਸੌਫਟਵੇਅਰ ਪ੍ਰਾਪਤ ਕਰਕੇ ਅਤੇ ਬੱਗ ਹੰਟਿੰਗ ਕਰਨ ਤੋਂ ਬਾਅਦ ਉਹ ਈ-ਕਾਮਰਸ ਵੈੱਬਸਾਈਟ ਨੂੰ ਹੈਕ ਕਰ ਲੈਂਦਾ ਸੀ। ਇਸ ਤੋਂ ਬਾਅਦ ਉਹ ਪ੍ਰਾਪਤ ਕੀਤੇ ਡੈਬਿਟ ਕਾਰਡ ਨੰਬਰ ਦੀ ਵਰਤੋਂ ਕਰਕੇ ਜਾਅਲੀ ਪਤੇ ‘ਤੇ ਇਲੈਕਟ੍ਰਾਨਿਕ ਉਤਪਾਦ ਅਤੇ ਹੋਰ ਉਤਪਾਦ ਆਰਡਰ ਕਰਦਾ ਸੀ। ਔਨਲਾਈਨ ਉਤਪਾਦਾਂ ਦੇ ਭੁਗਤਾਨ ਸਮੇਂ ਇਹ ਠੱਗ ਭੁਗਤਾਨ ਗੇਟਵੇ ਪ੍ਰਕਿਰਿਆ ਦੌਰਾਨ ‘ਸੋਰਸ ਕੋਡ’ ਨਾਲ ਛੇੜਛਾੜ ਕਰਕੇ ਲੱਖਾਂ ਰੁਪਏ ਦੇ ਭੁਗਤਾਨ ਨੂੰ ਇੱਕ ਜਾਂ ਦੋ ਰੁਪਏ ਵਿੱਚ ਬਦਲ ਦਿੰਦੇ ਸਨ ਜਿਸ ਕਾਰਨ ਉਨ੍ਹਾਂ ਦੀ ਡਿਜੀਟਲ ਭੁਗਤਾਨ ਰਸੀਦ ਵਿੱਚ ਲੱਖਾਂ ਰੁਪਏ ਦਿਖਾਏ ਜਾਂਦੇ ਸਨ ਪਰ ਈ-ਕਾਮਰਸ ਵੈੱਬਸਾਈਟ ਦੇ ਬੈਂਕ ਖਾਤੇ ਵਿੱਚ ਸਿਰਫ਼ ਇੱਕ ਰੁਪਿਆ ਜਾਂ ਸਿਰਫ਼ ਦੋ ਰੁਪਏ ਹੀ ਜਮ੍ਹਾ ਹੋਏ। 

ਇਸ ਠੱਗੀ ਲਈ ਉਹ ਨਕਲੀ ਸਿਮ ਕਾਰਡਾਂ ਦੀ ਵਰਤੋਂ ਕਰਦੇ ਸਨ। ਲੱਖਾਂ ਰੁਪਏ ਦਾ ਸਮਾਨ ਪ੍ਰਾਪਤ ਕਰਨ ਤੋਂ ਬਾਅਦ ਨਿਤੇਸ਼ ਉਸਨੂੰ ਸਸਤੇ ਭਾਅ ‘ਤੇ ਵੇਚਦਾ ਸੀ।

3 ਲੱਖ ਦਾ ਡਰੋਨ 2 ਰੁਪਏ ਵਿੱਚ ਖਰੀਦਿਆ

ਇਸ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮ ਨੇ ਇੱਕ ਈ-ਕਾਮਰਸ ਵੈੱਬਸਾਈਟ ਤੋਂ ਲਗਭਗ 3 ਲੱਖ ਰੁਪਏ ਦਾ ਸਭ ਤੋਂ ਮਹਿੰਗਾ ਡਰੋਨ ਸਿਰਫ਼ 2 ਰੁਪਏ ਵਿੱਚ ਖਰੀਦਿਆ ਸੀ। ਇਸ ਤੋਂ ਇਲਾਵਾ ਉੱਨਾਂ ਨੇ ਬਹੁਤ ਸਾਰੇ ਆਈਫੋਨ, ਮਹਿੰਗੇ ਫੋਨ ਅਤੇ ਹੋਰ ਸਮਾਨ ਵੀ ਸਿਰਫ਼ ਇੱਕ ਜਾਂ ਦੋ ਰੁਪਏ ਵਿੱਚ ਹੀ ਖਰੀਦਿਆ।

ਜਿਊਲਰਾਂ ਨਾਲ ਮਾਰੀ 50 ਲੱਖ ਰੁਪਏ ਦੀ ਠੱਗੀ

ਜਾਂਚ ਤੋਂ ਇਹ ਵੀ ਪਤਾ ਲੱਗਾ ਕਿ ਇਸ ਗਰੋਹ ਨੇ ਇੱਕ ਜੌਹਰੀ ਦੀ ਵੈੱਬਸਾਈਟ ਹੈਕ ਕਰਕੇ 50 ਲੱਖ ਰੁਪਏ ਦੇ ਸੋਨੇ ਦੇ ਸਿੱਕੇ ਖਰੀਦੇ ਸਨ ਪਰ ਜੌਹਰੀ ਦੇ ਖਾਤੇ ਵਿੱਚ ਇੱਕ ਵੀ ਰੁਪਿਆ ਜਮ੍ਹਾ ਨਹੀਂ ਹੋਇਆ। ਇਸ ਜੌਹਰੀ ਤੋਂ ਸੋਨੇ ਦੀ ਖਰੀਦ ਦੇ 11 ਬਿੱਲ ਬਰਾਮਦ ਕੀਤੇ ਗਏ ਹਨ।

ਔਨਲਾਈਨ ਕੈਸੀਨੋ ਵੈੱਬਸਾਈਟ ਵੀ ਹੈਕ ਕੀਤੀ

ਉਕਤ ਮੁਲਜ਼ਮ ਆਦਿਲ ਆਈਟੀ ਦਾ ਮਾਹਿਰ ਹੈ ਜਿਸ ਨੇ ਕਈ ਔਨਲਾਈਨ ਕੈਸੀਨੋ ਵੈੱਬਸਾਈਟਾਂ ਵੀ ਹੈਕ ਕੀਤੀਆਂ। ਬੈਂਕ ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਜਾਣਕਾਰੀ ਇਕੱਠੀ ਕਰਕੇ ਉਹ ਕੈਸੀਨੋ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਦੇ ਪੈਸੇ ਆਪਣੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਲੈਂਦਾ ਸੀ। ਅਜਿਹੇ ਜੁਰਮਾਂ ਰਾਹੀਂ ਇਸ ਗਰੋਹ ਨੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ।

error: Content is protected !!
Skip to content