ਚੰਡੀਗੜ੍ਹ, 11 ਫਰਵਰੀ 2025 (ਫਤਹਿ ਪੰਜਾਬ ਬਿਊਰੋ) ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ Giani Harpreet Singh ਗਿਆਨੀ ਹਰਪ੍ਰੀਤ ਸਿੰਘ ਸਿੱਖਾਂ ਦੀ ਸਿਰਮੌਰ ਧਾਰਮਿਕ ਪ੍ਰਬੰਧਕੀ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵਲੋਂ ਬੇਦਖਲ ਕੀਤੇ ਗਏ ਪਹਿਲੇ ਜਥੇਦਾਰ ਨਹੀਂ ਜਿਨ੍ਹਾਂ ਨੇ ਆਪਣੇ ਮਨ ਦੀ ਗੱਲ ਕਰਨੀ ਚਾਹੀ ਅਤੇ ਅਕਾਲੀ ਦਲ ਵਿਰੁੱਧ ਜਾਣ ਦੀ ਹਿੰਮਤ ਕੀਤੀ। SGPC ਨੇ ਪਹਿਲਾਂ ਵੀ ਅਜਿਹੇ ਚਾਰ ਜਥੇਦਾਰ ਅਹੁਦਿਆਂ ਤੋਂ ਹਟਾਏ ਹਨ ਜੋ ਉਸ ਦੀ ਰਜਾ ਅਨੁਸਾਰ ਨਹੀਂ ਚੱਲੇ।
ਪਿਛਲੇ ਦਿਨੀ ਹਰਪ੍ਰੀਤ ਸਿੰਘ ਖਿਲਾਫ਼ SGPC ਵੱਲੋਂ ਬਣਾਈ ਤਿੰਨ ਮੈਂਬਰੀ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ਉਤੇ ਉਨ੍ਹਾਂ ਉਪਰ ਲੱਗੇ ਇਲਜ਼ਾਮ ਸਾਬਤ ਹੋਣ ਅਤੇ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਉਨ੍ਹਾਂ ਨੂੰ ਜਥੇਦਾਰ ਵਜੋਂ ਅਹੁਦੇ ਤੋਂ ਹਟਾ ਦਿੱਤਾ ਹੈ।ਉੱਨਾਂ ਉੱਤੇ ਦੋਸ਼ ਲੱਗਾ ਹੈ ਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਚਲਦਾ ਸ਼ਬਦ ਕੀਰਤਨ ਰੋਕ ਕੇ ਪੰਜ ਪਿਆਰਿਆਂ ਨੂੰ ਖੜੇ ਕਰਕੇ ਆਪਣੇ ਵਿਰੁੱਧ ਪਹੁੰਚੀ ਸ਼ਿਕਾਇਤ ਬਾਰੇ ਨਿੱਜੀ ਸਪਸ਼ਟੀਕਰਨ ਮਾਈਕ ਉੱਪਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪੜਤਾਲੀਆ ਕਮੇਟੀ ਨੂੰ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਤੋਂ ਪਹਿਲਾਂ ਹਟਾਏ ਗਏ ਜਥੇਦਾਰਾਂ ਦੀ ਸੂਚੀ ਇਸ ਤਰ੍ਹਾਂ ਹੈ।
ਅਪ੍ਰੈਲ 2017: ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਮੌਕੇ ਰਾਜਨੀਤਿਕ ਦਖਲਅੰਦਾਜ਼ੀ ਵਿਰੁੱਧ ਬੋਲਣ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਨੂੰ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਜਨਵਰੀ 2015: ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦਾ ਸਮਰਥਨ ਕਰਨ ਲਈ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ।
ਅਗਸਤ 2008: ਡੇਰਾ ਸੱਚਾ ਸੌਦਾ ਸਿਰਸਾ ਮਾਮਲੇ ‘ਤੇ ਨਰਮ ਰਹਿਣ ਤੋਂ ਇਨਕਾਰ ਕਰਨ ਤੋਂ ਬਾਅਦ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।
ਮਾਰਚ 2000: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਪੂਰਨ ਸਿੰਘ ਨੂੰ ਤੱਤਕਾਲੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੰਥ ਵਿਚੋਂ ਛੇਕਣ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ।
ਫਰਵਰੀ 1999: ਅਕਾਲ ਤਖ਼ਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਨਾਲ ਮਤਭੇਦਾਂ ਰੱਖਣ ਅਤੇ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸਮਰਥਨ ਕਰਨ ਲਈ ਹਟਾ ਦਿੱਤਾ ਗਿਆ।
ਅਹੁਦੇ ਤੋਂ ਲਾਹੇ ਜਾਣ ਮਗਰੋਂ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ 2 ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਦੋਸ਼ੀ ਠਹਿਰਾਏ ਜਾਣ ਮੌਕੇ ਤਨਖ਼ਾਹ ਲਾਉਣ ਦੀ ਕਾਰਵਾਈ ਕਾਰਨ ਉਨ੍ਹਾਂ ਨੂੰ ਇਸ ਕਾਰਵਾਈ ਦਾ ਪਹਿਲਾਂ ਹੀ ਅੰਦੇਸ਼ਾ ਸੀ।
ਇਸ ਤੋਂ ਪਹਿਲਾਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਅਸਤੀਫ਼ਾ ਭੇਜਿਆ ਸੀ ਪਰ ਉਸਨੂੰ ਮਨਜ਼ੂਰ ਨਹੀਂ ਸੀ ਕੀਤਾ ਗਿਆ।
ਯਾਦ ਰਹੇ ਕਿ ਮੁਕਤਸਰ ਨਿਵਾਸੀ ਇੱਕ ਵਿਅਕਤੀ ਵੱਲੋਂ ਹਰਪ੍ਰੀਤ ਸਿੰਘ ਉੱਪਰ 18 ਸਾਲ ਪੁਰਾਣੇ ਪਰਿਵਾਰਕ ਵਿਵਾਦ ਬਾਰੇ SGPC ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਕਰਕੇ GPC ਨੇ ਉਨ੍ਹਾਂ ਦੀ ਸੇਵਾ ਨੂੰ ਆਰਜ਼ੀ ਤੌਰ ‘ਤੇ ਰੋਕਦਿਆਂ ਇੱਕ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਸੀ।
ਗਿਆਨੀ ਹਰਪ੍ਰੀਤ ਸਿੰਘ : ਗੁਰਮਤਿ ਪ੍ਰਚਾਰਕ ਤੋਂ ਜਥੇਦਾਰੀ ਤੱਕ
ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਧਾਰਮਿਕ ਅਧਿਐਨ ਵਿੱਚ ਮਾਸਟਰ ਦੀ ਡਿਗਰੀ ਪਿੱਛੋਂ ‘ਕੁਰਾਨ’ ਅਤੇ ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ ਦੇ ਉਪਦੇਸ਼ਾਂ ਦੀ ਤੁਲਨਾਤਮਕ ਪੜਾਈ ਤੇ PhD ਕੀਤੀ।
ਗਿਆਨੀ ਹਰਪ੍ਰੀਤ ਸਿੰਘ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਤੋਂ ਉਚੀ ਸਿੱਖਿਆ ਲੈਣ ਦੇ ਬਾਅਦ ਸਾਲ 1997 ਵਿੱਚ SGPC ਵਿੱਚ ਪ੍ਰਚਾਰਕ ਵਜੋਂ ਭਰਤੀ ਹੋਏ ਅਤੇ ਸਾਲ 1999 ਵਿੱਚ ਗੁਰਦੁਆਰਾ ਦਰਬਾਰ ਸਾਹਿਬ ਮੁਕਤਸਰ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਈ।
ਅਪ੍ਰੈਲ 2017 ਵਿੱਚ SGPC ਨੇ ਉਨ੍ਹਾਂ ਨੂੰ ਗਿਆਨੀ ਗੁਰਮੁਖ ਸਿੰਘ ਦੀ ਥਾਂ ਉੱਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਸੀ ਜਿਨ੍ਹਾਂ ਨੇ SGPC ਦੀ ਅਲੋਚਨਾ ਕਰਨ ਕਰਕੇ ਆਪਣਾ ਅਹੁਦਾ ਗੁਆ ਲਿਆ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਸਾਲ 2015 ਵਿੱਚ SGPC ਨੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ “ਮਾਫ਼ੀ” ਦੇਣ ਲਈ ਜਥੇਦਾਰਾਂ ‘ਤੇ ਦਬਾਅ ਪਾਇਆ ਸੀ।
ਇਸ ਤੋਂ ਬਾਅਦ ਅਕਤੂਬਰ 2018 ਵਿੱਚ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਸੀ ਪਰ ਜੂਨ 2023 ਵਿੱਚ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ (AAP) ਦੇ ਆਗੂ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਅਭਿਨੇਤਰੀ ਪਰਿਨੀਤੀ ਚੋਪੜਾ ਦੀ ਮੰਗਣੀ ਵਿੱਚ ਸ਼ਿਰਕਤ ਕਰਨ ਕਰਕੇ ਛਿੜੇ ਵਿਵਾਦ ਤੋਂ ਬਾਅਦ ਉਨ੍ਹਾਂ ਨੇ ਇਹ ਅਹੁਦਾ ਛੱਡ ਦਿੱਤਾ।