ਅੰਮ੍ਰਿਤਸਰ 7 ਫਰਵਰੀ 2025 (ਫਤਿਹ ਪੰਜਾਬ ਬਿਉਰੋ) Shiromani Gurdwara Parbandhak Committee SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅਹਿਮ ਮੀਟਿੰਗ 10 ਫਰਵਰੀ ਨੂੰ ਸੱਦੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਹੋ ਰਹੀ ਇਸ ਮੀਟਿੰਗ ਵਿੱਚ ਵੱਖ-ਵੱਖ ਗੁਰਦੁਆਰਿਆਂ, ਟਰੱਸਟਾਂ, ਵਿਭਾਗਾਂ ਅਤੇ ਸ਼੍ਰੋਮਣੀ ਕਮੇਟੀ ਨਾਲ ਸਬੰਧਿਤ ਜ਼ਰੂਰੀ ਮਸਲੇ ਵਿਚਾਰੇ ਜਾਣਗੇ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਕਮੇਟੀ ਦੇ ਅੰਮ੍ਰਿਤਸਰ ਵਿਖੇ ਮੁੱਖ ਦਫਤਰ ਵਿਚ 10 ਫਰਵਰੀ ਨੂੰ ਸਵੇਰੇ 11 ਵਜੇ ਰੱਖੀ ਗਈ ਹੈ। ਭਾਵੇਂ ਮੀਟਿੰਗ ਦੇ ਏਜੰਡੇ ਬਾਰੇ ਕਮੇਟੀ ਵੱਲੋਂ ਹਾਲੇ ਤੱਕ ਕੁੱਝ ਸਪਸ਼ਟ ਨਹੀਂ ਕੀਤਾ ਗਿਆ ਹੈ ਪਰ ਵੱਡੀ ਚਰਚਾ ਹੈ ਕਿ ਇਸ ਮੀਟਿੰਗ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁਅੱਤਲ ਚੱਲ ਰਹੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਲੱਗੇ ਦੋਸ਼ਾਂ ਦੀ ਚੱਲ ਰਹੀ ਜਾਂਚ ਦੀ ਰਿਪੋਰਟ ਬਾਰੇ ਚਰਚਾ ਹੋ ਸਕਦੀ ਹੈ ਅਤੇ ਇਸ ਸਬੰਧੀ ਗਠਿਤ ਕਮੇਟੀ ਨੂੰ ਹੋਰ ਸਮਾਂ ਵੀ ਦਿੱਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਬੰਧੀ ਬਣ ਰਹੀਆਂ ਵੋਟਾਂ ਨੂੰ ਲੈ ਕੇ ਵੋਟਰ ਸੂਚੀਆਂ ਵਿੱਚ ਯੋਗਤਾ ਤੋਂ ਹਟ ਕੇ ਬਣਾਏ ਗਏ ਸਹਿਜਧਾਰੀ ਵੋਟਰ ਅਤੇ ਬਿਨਾਂ ਫੋਟੋ ਤੋਂ ਬਣਾਈਆਂ ਵੋਟਾਂ ਸਬੰਧੀ ਵੀ ਅੰਤ੍ਰਿੰਗ ਕਮੇਟੀ ਵੱਲੋਂ ਕੋਈ ਫੈਸਲਾ ਲਿਆ ਜਾ ਸਕਦਾ ਹੈ।
