ਸ਼੍ਰੀ ਅਕਾਲ ਤਖ਼ਤ ਦੀ ਪ੍ਰਵਾਨਗੀ ਤੋਂ ਬਿਨਾਂ ਮੈਂਬਰਸ਼ਿਪ ਮੁਹਿੰਮ ਚ ਸ਼ਮੂਲੀਅਤ ਨਹੀਂ – ਇਆਲੀ
ਚੰਡੀਗੜ੍ਹ 14 ਜਨਵਰੀ (ਫਤਿਹ ਪੰਜਾਬ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਦਾਖਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪਹੁੰਚ ਕੇ ਇਹ ਨਿਰਦੇਸ਼ ਲੈਣਗੇ ਕਿ ਕੀ ਉਨ੍ਹਾਂ ਨੂੰ ਪਾਰਟੀ ਵੱਲੋਂ ਮੈਂਬਰਸ਼ਿਪ ਮੁਹਿੰਮ ਦੀ ਨਿਗਰਾਨੀ ਲਈ ਬਣਾਈ ਗਈ ਕਮੇਟੀ ਦਾ ਹਿੱਸਾ ਬਣਨਾ ਚਾਹੀਦਾ ਹੈ ਜਾਂ ਨਹੀਂ।
ਉਧਰ ਐਸਜੀਪੀਸੀ ਮੈਂਬਰ ਸੰਤਾ ਸਿੰਘ ਉਮੈਦਪੁਰ ਨੇ ਵੀ ਹਿਮਾਚਲ ਪ੍ਰਦੇਸ਼ ਵਿੱਚ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੀ ਨਿਗਰਾਨੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮਾਮਲੇ ਉੱਪਰ ਪਾਰਟੀ ਦੇ ਉਪ ਪ੍ਰਧਾਨ ਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਪਣੇ ਪ੍ਰਤੀਕਰਮ ਵਿੱਚ ਸਪੱਸ਼ਟ ਕੀਤਾ ਹੈ ਕਿ “ਜੇਕਰ ਕੋਈ ਨੇਤਾ ਜ਼ਿੰਮੇਵਾਰੀ ਨਹੀਂ ਸੰਭਾਲਣਾ ਚਾਹੁੰਦਾ ਹੈ, ਤਾਂ ਪਾਰਟੀ ਇਸ ਬਾਬਤ ਕੁਝ ਨਹੀਂ ਕਹਿ ਸਕਦੀ।”
ਦੱਸ ਦੇਈਏ ਕਿ 10 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 25 ਜਨਵਰੀ ਤੋਂ ਮਹੀਨਾ ਭਰ ਚੱਲਣ ਵਾਲੀ ਮੈਂਬਰਸ਼ਿਪ ਮੁਹਿੰਮ ਦੀ ਨਿਗਰਾਨੀ ਲਈ 25 ਮੈਂਬਰਾਂ ਵਾਲੀ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਸੀ ਜਦੋਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੁਕਮਨਾਮੇ ਵਿੱਚ ਮੈਂਬਰਸ਼ਿਪ ਮੁਹਿੰਮ ਅਤੇ ਪਾਰਟੀ ਦੇ ਪੁਨਰਗਠਨ ਲਈ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ। ਪਰ ਹੁਣ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਗਠਿਤ ਤਾਜ਼ਾ ਕਮੇਟੀ ਵਿੱਚ ਸਿਰਫ਼ ਪੰਜ ਨਾਮ ਬਰਕਰਾਰ ਰੱਖੇ ਗਏ ਹਨ ਪਰ ਇਸ ਵਿੱਚ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਸਤਵੰਤ ਕੌਰ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਕਰਮਚਾਰਨ ਹੈ, ਨੂੰ ਸ਼ਾਮਲ ਨਹੀਂ ਕੀਤਾ ਗਿਆ।
ਅਕਾਲ ਤਖ਼ਤ ਵੱਲੋਂ ਐਲਾਨੀ ਕਮੇਟੀ ਦੇ ਹੋਰ ਮੈਂਬਰਾਂ ਵਿੱਚ ਸਾਬਕਾ ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਐਸਜੀਪੀਸੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਐਸਜੀਪੀਸੀ ਮੈਂਬਰ ਸੰਤਾ ਸਿੰਘ ਉਮੈਦਪੁਰ ਅਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਸ਼ਾਮਲ ਹਨ ਜਿਨ੍ਹਾਂ ਨੂੰ ਇਸ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਵਰਕਿੰਗ ਕਮੇਟੀ ਨੇ ਰਾਜਸਥਾਨ ਵਿੱਚ ਮੈਂਬਰ ਬਣਾਉਣ ਲਈ ਇਆਲੀ ਨੂੰ ਜਿੰਮੇਵਾਰੀ ਸੌਂਪੀ ਹੈ ਜਦਕਿ ਸੰਤਾ ਸਿੰਘ ਉਮੈਦਪੁਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਪਾਰਟੀ ਦੀ ਮੈਂਬਰਸ਼ਿਪ ਲਈ ਨਿਯੁਕਤ ਕੀਤਾ ਹੈ।
ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਇੱਕ ਸੰਦੇਸ਼ ਵਿੱਚ, ਇਆਲੀ ਨੇ ਲਿਖਿਆ ਹੈ ਕਿ “ਮੈਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਦਿਸ਼ਾ-ਨਿਰਦੇਸ਼ ਲਵਾਂਗਾ ਕਿ ਕਿਵੇਂ ਅੱਗੇ ਵਧਣਾ ਹੈ,” ਇਆਲੀ ਨੇ ਅੱਗੇ ਲਿਖਿਆ ਕਿ ਅਕਾਲ ਤਖ਼ਤ ਇੱਕ ਸਰਵਉੱਚ ਅਥਾਰਟੀ ਹੈ ਅਤੇ ਇਸ ਵੱਲੋਂ 2 ਦਸੰਬਰ ਨੂੰ ਸੁਣਾਇਆ ਗਿਆ ਹੁਕਮਨਾਮਾ ਸੱਚੀ ਭਾਵਨਾ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਮੈਂ ਅਕਾਲ ਤਖ਼ਤ ਸਾਹਿਬ ਤੋਂ ਮਿਲਣ ਵਾਲੇ ਨਿਰਦੇਸ਼ਾਂ ਦੀ ਪਾਲਣਾ ਕਰਾਂਗਾ।”
ਸੁਧਾਰ ਲਹਿਰ ਵਾਲੇ ਕਰਨਗੇ ਜਥੇਦਾਰ ਨੂੰ ਸ਼ਿਕਾਇਤ
ਜ਼ਿਕਰਯੋਗ ਹੈ ਕਿ ਬਾਗੀ ਧੜਾ ਅਕਾਲੀ ਦਲ ਵੱਲੋਂ 7 ਮੈਂਬਰੀ ਕਮੇਟੀ ਬਾਰੇ ਫ਼ੈਸਲੇ ਨੂੰ ਅੱਖੋਂ-ਪਰੋਖ਼ੇ ਕੀਤੇ ਜਾਣ ’ਤੇ ਸਖ਼ਤ ਇਤਰਾਜ਼ ਕਰ ਰਿਹਾ ਹੈ। ਉਨ੍ਹਾਂ ਨੇ ਇਸ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਮਿਲਣ ਦਾ ਫੈਸਲਾ ਲਿਆ ਹੈ। ਬਾਗੀ ਆਗੂਆਂ ਨੇ ਇਤਰਾਜ਼ ਕੀਤਾ ਹੈ ਕਿ ਅਕਾਲੀ ਦਲ ਨੇ ਆਪਣੇ ਪੱਧਰ ’ਤੇ ਹੀ ਮੈਂਬਰਸ਼ਿਪ ਭਰਤੀ ਲਈ ਅਬਜਰਬਰ ਲਾ ਦਿੱਤੇ ਹਨ ਜਦਕਿ ਅਕਾਲ ਤਖਤ ਵੱਲੋਂ ਇਹ ਕਾਰਜ ਸੱਤ ਮੈਂਬਰੀ ਕਮੇਟੀ ਨੂੰ ਸੌਂਪਿਆ ਗਿਆ ਸੀ।
ਜਥੇਦਾਰ ਵੱਲੋਂ ਵੀ ਨਰਾਜ਼ਗੀ ਜ਼ਾਹਰ
ਬੀਤੇ ਦਿਨ ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਅਕਾਲੀ ਦਲ ਵੱਲੋਂ ਹੁਕਮਨਾਮੇ ਨੂੰ ਲਾਗੂ ਕਰਨ ਚ ਹੋ ਰਹੀ ਆਨਾ-ਕਾਨੀ ਤੇ ਨਰਾਜ਼ਗੀ ਜ਼ਾਹਰ ਕੀਤੀ ਹੈ। ਜਥੇਦਾਰ ਨੇ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਲਾਗੂ ਕਰਨ ਵਿੱਚ ਕੋਈ ਢਿੱਲ-ਮੱਠ ਨਹੀਂ ਹੋਣੀ ਚਾਹੀਦੀ। ਉੱਨਾਂ ਸਪਸ਼ਟ ਕਿਹਾ ਕਿ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਚਲਾਉਣ ਅਤੇ ਲੀਡਰਸ਼ਿਪ ਦੀ ਚੋਣ ਕਰਨ ਲਈ ਗਠਿਤ ਕੀਤੀ 7 ਮੈਂਬਰੀ ਕਮੇਟੀ ਰੱਦ ਨਹੀਂ ਕੀਤੀ। ਇਹ ਫ਼ੈਸਲਾ ਅਜੇ ਵੀ ਸਟੈਂਡ ਕਰਦਾ ਹੈ।