ਚੰਡੀਗੜ੍ਹ 7 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਅਕਾਲੀ ਦਲ ਸੁਧਾਰ ਲਹਿਰ ਦੇ ਮੁੱਖੀ ਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਮੁਤਾਬਿਕ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਪੰਜ ਸਿੰਘ ਸਹਿਬਾਨ ਵੱਲੋਂ ਹੋਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਸੁਧਾਰ ਲਹਿਰ ਨੂੰ ਸਮੇਟਣ ਦਾ ਫ਼ੈਸਲਾ ਕਰ ਲਿਆ ਗਿਆ ਹੈ ਅਤੇ ਇਸ ਫੈਸਲੇ ਨੂੰ ਰਸਮੀ ਤੌਰ ‘ਤੇ ਲਾਗੂ ਕਰਨ ਵਾਸਤੇ 9 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਵੇਰੇ 11 ਵਜੇ ਇਕੱਤਰਤਾ ਬੁਲਾਈ ਗਈ ਹੈ। ਜਿਸ ਵਿਚ ਪਰਜੀਡੀਅਮ, ਐਗਜੈਕਟਿਵ ਅਤੇ ਸਲਾਹਕਾਰ ਬੋਰਡ ਦੇ ਮੈਂਬਰ ਸ਼ਾਮਲ ਹੋਣਗੇ।
ਅੱਜ ਇੱਥੋਂ ਜਾਰੀ ਬਿਆਨ ਵਿਚ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਦੇ ਕੰਮਕਾਜ ਵਿਚ ਆਈਆਂ ਉਣਤਾਈਆਂ ਅਤੇ ਪਾਰਟੀ ਨੇਤਾਵਾਂ ਵੱਲੋਂ ਸੀਨੀਅਰ ਆਗੂਆਂ ਦੀ ਸਲਾਹ ਬਗੈਰ ਲਏ ਗਲਤ ਫ਼ੈਸਲਿਆਂ ਕਰਕੇ ਪਾਰਟੀ ਵਿਚ ਸੁਧਾਰ ਲਿਆਉਣ ਦੇ ਮਨੋਰਥ ਨਾਲ ਹੀ ਸੁਧਾਰ ਲਹਿਰ ਚਲਾਈ ਸੀ।
ਉੱਨਾਂ ਕਿਹਾ ਕਿ ਜਥੇਦਾਰ ਸਾਹਿਬਾਨ ਦੇ ਫ਼ੈਸਲਿਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਹੋਰ ਉੱਚਾ ਹੋਇਆ ਹੈ। ਮਰਿਆਦਾ ਦੀ ਪਾਲਣਾ ਕਰਦੇ ਹੋਏ ਸਿੰਘ ਸਹਿਬਾਨ ਵੱਲੋਂ ਲਏ ਫ਼ੈਸਲਿਆਂ ਉੱਪਰ ਦੁਨੀਆ ਭਰ ਵਿਚ ਸੰਗਤਾਂ ਨੇ ਤਸੱਲੀ ਪ੍ਰਗਟ ਕੀਤੀ ਹੈ।
ਵਡਾਲਾ ਨੇ ਕਿਹਾ ਕਿ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮਾਂ ਬੀਤਣ ਬਾਅਦ ਵੀ ਅਸਤੀਫੇ ਦੇਣ ਦਾ ਫ਼ੈਸਲਾ ਹਾਲੇ ਤੱਕ ਨਹੀਂ ਲਿਆ ਗਿਆ ਜਦਕਿ ਹਰ ਗੁਰਸਿੱਖ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨੀ ਚਾਹੀਦੀ ਹੈ, ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਬਹਾਨਾ ਲਗਾ ਕੇ ਅਸਤੀਫਿਆਂ ਨੂੰ ਟਾਲਣ ਦੀ ਕੋਸ਼ਿਸ਼ ਕਰਨਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਦੇ ਬਰਾਬਰ ਹੈ।
ਉੱਨਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਵਾਸਤੇ ਬਣਾਈ ਗਈ ਕਮੇਟੀ ਨੂੰ ਸਿੱਖ ਪੰਥ ਅਤੇ ਪੰਜਾਬੀਆਂ ਵੱਲੋਂ ਮਾਨਤਾ ਦਿੱਤੀ ਜਾ ਰਹੀ ਹੈ ਅਤੇ ਸਰਾਹਿਆ ਗਿਆ ਹੈ। ਇਸ ਕਮੇਟੀ ਨੂੰ ਲੈ ਕੇ ਪੰਜਾਬ ਦੇ ਲੋਕ ਅਕਾਲੀ ਦਲ ਦੀ ਨਵੀਂ ਭਰਤੀ ਨੂੰ ਉਡੀਕ ਰਹੇ ਹਨ ਅਤੇ ਸਮੁੱਚੇ ਪੰਜਾਬੀ ਇਸ ਭਰਤੀ ਵਿੱਚ ਸ਼ਾਮਲ ਹੋਣ ਲਈ ਤਾਂਗ ਲਾ ਕੇ ਬੈਠੇ ਹਨ।