ਚੰਡੀਗੜ੍ਹ 13 ਮਈ 2024 (ਫਤਿਹ ਪੰਜਾਬ) ਚੰਡੀਗੜ੍ਹ ਲੋਕ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਹਾਲੇ ਸ਼ੁਰੂ ਹੋਈ ਸੀ ਜਿੱਥੋਂ ਪਾਰਟੀ ਵੱਲੋਂ ਪਹਿਲੀ ਵਾਰ ਕੌਂਸਲਰ ਤੇ ਸੂਬਾ ਪ੍ਰਧਾਨ ਹਰਦੀਪ ਸਿੰਘ ਸੈਣੀ ਨੂੰ ਚੋਣ ਮੈਦਾਨ ਵਿੱਚ ਉਮੀਦਵਾਰ ਵਜੋਂ ਉਤਰਿਆ ਸੀ ਪਰ ਉਸ ਵੱਲੋਂ ਬੀਤੀ 6 ਮਈ ਨੂੰ ਪਾਰਟੀ ਛੱਡਣ ਅਤੇ ਤਿੰਨ ਦਿਨ ਬਾਅਦ ਹੈਰਾਨੀਜਨਕ ਤੌਰ ‘ਤੇ ਆਮ ਆਦਮੀ ਪਾਰਟੀ (ਆਪ) ‘ਚ ਸ਼ਾਮਲ ਹੋ ਕੇ ਪੰਥਕ ਧਿਰਾਂ ਨੂੰ ਵੱਡਾ ਝਟਕਾ ਦੇਣ ਨਾਲ ਦਲ ਦਾ ਇਹ ਫੈਸਲਾ ਗਰਮਾ ਗਿਆ। ਘਟਨਾਵਾਂ ਦੇ ਨਾਟਕੀ ਮੋੜ ਵਿੱਚ, ਹੁਣ ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਵਿੱਚ ਲੋਕ ਸਭਾ ਚੋਣ ਮੈਦਾਨ ਵਿੱਚੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ।
ਅਕਾਲੀ ਦਲ ਦੇ ਚੋਣ ਮੈਦਾਨ ਤੋਂ ਬਾਹਰ ਹੋਣ ਨਾਲ ਹੁਣ ਮੁੱਖ ਮੁਕਾਬਲਾ ਕਾਂਗਰਸ ਦੇ ਮਨੀਸ਼ ਤਿਵਾੜੀ ਅਤੇ ਭਾਜਪਾ ਦੇ ਸੰਜੇ ਟੰਡਨ ਵਿਚਕਾਰ ਹੈ ਅਤੇ ਇੱਥੋਂ ਆਮ ਆਦਮੀ ਪਾਰਟੀ ਇੰਡੀਆ ਗੱਠਜੋੜ ਕਰਕੇ ਕਾਂਗਰਸ ਦੀ ਹਮਾਇਤ ਕਰ ਰਹੀ ਹੈ।
ਅਕਾਲੀ ਦਲ ਨੇ 1996 ਤੋਂ ਆਪਣੇ ਗੱਠਜੋੜ ਦੇ ਭਾਈਵਾਲ ਵਜੋਂ ਭਾਜਪਾ ਉਮੀਦਵਾਰਾਂ ਨੂੰ ਸਮਰਥਨ ਦੇਣ ਤੋਂ ਬਾਅਦ ਐਤਕੀਂ ਪਹਿਲੀ ਵਾਰ ਇਸ ਸੀਟ ਤੋਂ ਵੱਖਰੇ ਹੋ ਕੇ ਚੋਣ ਲੜਨ ਦਾ ਫੈਸਲਾ ਕੀਤਾ ਸੀ ਕਿਉਂਕਿ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ਉੱਪਰ ਉਹ ਭਾਜਪਾ ਤੋਂ ਵੱਖ ਹੋ ਗਏ ਸਨ।
ਸੈਣੀ ਦੇ ਜਾਣ ਤੋਂ ਬਾਅਦ ਟਿਕਟ ਦੀ ਦਾਅਵੇਦਾਰੀ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਬੁਲਾਰੇ ਹਰਜੀਤ ਸਿੰਘ ਭੁੱਲਰ ਨੇ ਪਾਰਟੀ ਵੱਲੋਂ ਚੰਡੀਗੜ੍ਹ ਵਿੱਚ ਲੋਕ ਸਭਾ ਚੋਣ ਲੜਨ ਤੋਂ ਪਹਿਲਾਂ ਸ਼ਹਿਰ ਵਿੱਚ ਆਪਣੀ ਜ਼ਮੀਨੀ ਮੌਜੂਦਗੀ ਨੂੰ ਮਜ਼ਬੂਤ ਕਰਨ ਵੱਲ ਰਣਨੀਤਕ ਤਬਦੀਲੀ ਦਾ ਹਵਾਲਾ ਦਿੰਦੇ ਹੋਏ ਪਾਰਟੀ ਵੱਲੋਂ ਲੋਕ ਸਭਾ ਚੋਣ ਬਾਰੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ।
ਉਸਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੀ ਇਸ ਵਾਰ ਚੰਡੀਗੜ੍ਹ ਤੋਂ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਭੁੱਲਰ ਨੇ ਕਿਹਾ ਕਿ ਪਾਰਟੀ 2025 ਦੀਆਂ ਨਗਰ ਨਿਗਮ (ਐਮਸੀ) ਚੋਣਾਂ ਤੋਂ ਪਹਿਲਾਂ ਧੜੇਬੰਦੀ ਅਤੇ ਅੰਦਰੂਨੀ ਕਲੇਸ਼ ਨੂੰ ਦੂਰ ਕਰਕੇ ਪਾਰਟੀ ਦੀ ਸਥਾਨਕ ਇਕਾਈ ਨੂੰ ਮਜ਼ਬੂਤ ਕਰਨ ‘ਤੇ ਧਿਆਨ ਦੇਵੇਗੀ ਅਤੇ ਪਾਰਟੀ ਪ੍ਰਧਾਨ ਜਲਦੀ ਹੀ ਸਥਾਨਕ ਲੀਡਰਸ਼ਿਪ ਨਾਲ ਸਲਾਹ ਕਰਨ ਤੋਂ ਬਾਅਦ ਚੰਡੀਗੜ੍ਹ ਅਕਾਲੀ ਦਲ ਲਈ ਨਵੀਂ ਬਾਡੀ ਦਾ ਐਲਾਨ ਕਰਨਗੇ।
ਚੰਡੀਗੜ੍ਹ ਵਿੱਚ ਅਕਾਲੀ ਦਲ ਦੇ ਇਕੱਲੇ ਕੌਂਸਲਰ ਹੋਣ ਕਾਰਨ, ਸੈਣੀ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਵੀ 35 ਮੈਂਬਰੀ ਐਮਸੀ ਹਾਊਸ ਵਿੱਚ ਆਪ ਪਾਰਟੀ ਦੇ ਕੌਂਸਲਰਾਂ ਦੀ ਗਿਣਤੀ 12 ਤੋਂ 13 ਹੋ ਗਈ ਹੈ। ਭਾਜਪਾ ਕੋਲ 15 ਅਤੇ ਕਾਂਗਰਸ ਦੇ ਸੱਤ ਕੌਂਸਲਰ ਹਨ।
ਸੈਣੀ ਨੇ 2015 (ਉਪ ਚੋਣ), 2016 ਅਤੇ 2021 ਵਿੱਚ ਤਿੰਨ ਵਾਰ ਵਾਰਡ ਨੰਬਰ 10 ਤੋਂ ਐਮਸੀ ਚੋਣਾਂ ਜਿੱਤੀਆਂ ਜੋ ਸਥਾਨਕ ਵੋਟਰਾਂ ਵਿੱਚ ਉਸਦੀ ਲੋਕਪ੍ਰਿਅਤਾ ਨੂੰ ਦਰਸਾਉਂਦਾ ਹੈ।
ਦੂਜੀ ਪੀੜ੍ਹੀ ਦੇ ਅਕਾਲੀ ਆਗੂ, ਸੈਣੀ ਨੂੰ 2018 ਵਿੱਚ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਸੀ। ਸਾਲ 2016 ਵਿੱਚ, ਉਹ ਡਿਪਟੀ ਮੇਅਰ ਵਜੋਂ ਚੁਣੇ ਗਏ ਸਨ, ਅਤੇ ਤਿੰਨ ਸਾਲ ਬਾਅਦ 2019 ਵਿੱਚ ਸੀਨੀਅਰ ਡਿਪਟੀ ਮੇਅਰ ਵਜੋਂ ਚੁਣੇ ਗਏ ਸਨ।
ਪਰ ਬੀਤੀ 9 ਮਈ ਨੂੰ, ਉਸਨੇ ਚੰਡੀਗੜ੍ਹ ਵਿੱਚ ਅਕਾਲੀ ਦਲ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਕਰਦਿਆਂ ਅਤੇ ਇੰਡੀਆ ਬਲਾਕ ਦੇ ਉਮੀਦਵਾਰ ਮਨੀਸ਼ ਤਿਵਾੜੀ ਦੀ ਮੁਹਿੰਮ ਨੂੰ ਹੁਲਾਰਾ ਦਿੰਦੇ ਹੋਏ ਕਈ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ ਹੋ ਕੇ ਪਾਲਾ ਬਦਲ ਲਿਆ।
ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਵਿੱਚ ਭਾਜਪਾ ਦੀ ਮੁਹਿੰਮ ਦਾ ਸਮਰਥਨ ਕਰਨ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਪਾਰਟੀ ਦੀ ਸੀਨੀਅਰ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਿੰਦਰ ਕੌਰ ਨੂੰ ਵੀ ਪਾਰਟੀ ਵਿੱਚੋਂ ਕੱਢ ਦਿੱਤਾ ਹੈ।