ਸੰਗਤਾਂ ਨੇ ਮਾਰਚ ਦੌਰਾਨ ਕੀਤਾ ਵਾਹਿਗੁਰੂ-ਵਾਹਿਗੁਰੂ ਦਾ ਜਾਪ
ਲਖਨਊ 3 ਜੂਨ 2024 (ਫਤਿਹ ਪੰਜਾਬ) ਉੱਤਰ ਪ੍ਰਦੇਸ਼ ਦੇ ਸ਼ਹਿਰ ਕਾਨਪੁਰ ਵਿਚ ਸਿੱਖ ਸੰਗਤਾਂ ਨੇ ਜੂਨ 1984 ਵਿਚ ਸ੍ਰੀ ਅੰਮ੍ਰਿਤਸਰ ਵਿਖੇ ਪਾਵਨ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਦੇ 40 ਸਾਲ ਪੂਰੇ ਹੋਣ ਦੀ ਯਾਦ ਵਿਚ ਅਤੇ ਇਸ ਘੱਲੂਘਾਰੇ ਵਿਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਯਾਦ ਵਿਚ ਸ਼ਾਂਤੀ ਮਾਰਚ ਕੱਢਿਆ।
“ਵਾਹਿਗੁਰੂ ਵਾਹਿਗੁਰੂ” ਦੇ ਜਾਪ ਕਰਦਿਆਂ ਇਹ ਸ਼ਾਂਤੀ ਮਾਰਚ ਬੀਤੇ ਦਿਨ ਐਤਵਾਰ ਸ਼ਾਮ ਨੂੰ ਗੁਰਦੁਆਰਾ ਮਾਤਾ ਗੁਜਰੀ ਜੀ ਲੇਬਰ ਕਲੋਨੀ ਤੋਂ ਸ਼ੁਰੂ ਹੋਇਆ ਜੋ ਨਟਰਾਜ ਸਿਨੇਮਾ, ਬਾਟਾ ਚੌਕ ਅਤੇ ਗੋਵਿੰਦ ਨਗਰ ਥਾਣੇ ਤੋਂ ਹੁੰਦਾ ਹੋਇਆ ਚਾਵਲਾ ਮਾਰਕੀਟ ਚੌਰਾਹੇ ਪਹੁੰਚ ਕੇ ਸਮਾਪਤ ਹੋਇਆ।
ਸੰਗਤਾਂ ਨੇ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਾਂਤੀ ਮਾਰਚ ਵਿਚ ਸਾਰੇ ਸਿੱਖਾਂ ਨੇ ਕਾਲੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ ਅਤੇ ਬੀਬੀਆਂ ਨੇ ਕਾਲੀਆਂ ਚੁੰਨੀਆਂ, ਰੁਮਾਲ ਅਤੇ ਬਾਹਾਂ ਉੱਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ।
ਇਸ ਸ਼ਾਂਤੀ ਮਾਰਚ ਵਿਚ ਮੁੱਖ ਤੌਰ ਤੇ ਰਣਜੀਤ ਸਿੰਘ, ਰਜਿੰਦਰ ਸਿੰਘ ਜਿੰਦੀ, ਗੁਰਦੀਪ ਸਿੰਘ, ਟੀ.ਪੀ ਸਿੰਘ ਸੋਨੂੰ, ਬਲਵਿੰਦਰ ਸਿੰਘ, ਮਨਜੀਤ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ ਛਾਬੜਾ ਆਦਿ ਨੇ ਸ਼ਮੂਲੀਅਤ ਕੀਤੀ।
ਜ਼ਿਕਰਯੋਗ ਹੈ ਕਿ 1984 ਵਿੱਚ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਸਿੱਖ ਵਿਰੋਧੀ ਦੰਗੇ ਹੋਏ ਸਨ ਅਤੇ ਇਸ ਕਤਲੇਆਮ ਦੀ ਜਾਂਚ ਕਰਨ ਵਾਲੇ ਜਸਟਿਸ ਰੰਗਨਾਥ ਮਿਸ਼ਰਾ ਕਮਿਸ਼ਨ ਨੇ ਮ੍ਰਿਤਕ ਸਿੱਖਾਂ ਦੀ ਗਿਣਤੀ ਸਿਰਫ 127 ਦੱਸੀ ਸੀ ਜਦਕਿ ਕਾਨਪੁਰ ਦੇ ਸਿੱਖਾਂ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਵਿੱਚ 300 ਤੋਂ ਵੱਧ ਸਿੱਖ ਮਾਰੇ ਗਏ ਸਨ।