Skip to content

ਚੰਡੀਗੜ੍ਹ, 4 ਅਪ੍ਰੈਲ 2025 (ਫਤਿਹ ਪੰਜਾਬ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ‘ਸੁਧਰ ਲਹਿਰ’ ਨਾਮੀ ਇੱਕ ਬਾਗ਼ੀ ਧੜੇ ਵੱਲੋਂ ਚਲਾਈ ਜਾ ਰਹੀ ਮੈਂਬਰਸ਼ਿਪ ਮੁਹਿੰਮ ਦੀ ਸਿੱਖ ਸੰਗਠਨਾਂ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ ਹੈ ਜਿਨ੍ਹਾਂ ਨੇ ਇੰਨਾਂ ਅਸੰਤੁਸ਼ਟ ਆਗੂਆਂ ‘ਤੇ ਪੰਥ ਵਿਰੋਧੀ ਤਾਕਤਾਂ ਦੇ ਇਸ਼ਾਰੇ ‘ਤੇ ਆਪਣੇ ਰਾਜਨੀਤਿਕ ਮੁਫ਼ਾਦਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਮ ਵਰਤਣ ਦਾ ਦੋਸ਼ ਲਗਾਇਆ ਹੈ।

ਅਕਾਲ ਤਖ਼ਤ ਦੇ ਜਥੇਦਾਰ ਨੂੰ ਜ਼ੋਰਦਾਰ ਸ਼ਬਦਾਂ ਵਿੱਚ ਅਪੀਲ ਕਰਦੇ ਹੋਏ ਮੋਹਾਲੀ ਅਤੇ ਲੁਧਿਆਣਾ ਦੇ ਘੱਟੋ-ਘੱਟ ਛੇ ਗੁਰਦੁਆਰਿਆਂ ਅਤੇ ਤਿੰਨ ਚੈਰੀਟੇਬਲ ਟਰੱਸਟਾਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਨੇ ਉਨ੍ਹਾਂ ਵੱਲੋਂ ਵਿਵਾਦਪੂਰਨ ਮੈਂਬਰਸ਼ਿਪ ਮੁਹਿੰਮ ਵਿੱਚ ਅਕਾਲ ਤਖ਼ਤ ਦੇ ਨਾਮ ਦੀ “ਦੁਰਵਰਤੋਂ” ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।

ਗੁਰਦੁਆਰੇ, ਚੈਰੀਟੇਬਲ ਟਰੱਸਟਾਂ ਵੱਲੋਂ ਕਾਰਵਾਈ ਦੀ ਮੰਗ

ਬਾਗ਼ੀ ਆਗੂਆਂ ਦਾ ਸਿੱਧਾ ਨਾਮ ਲਏ ਬਿਨਾਂ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਿਆਂ ਅਤੇ ਸੰਬੰਧਿਤ ਟਰੱਸਟਾਂ ਦੇ ਅਹੁਦੇਦਾਰਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਨਿੱਜੀ ਦਖਲ ਦੇਣ ਅਤੇ ਰਾਜਨੀਤਿਕ ਲਾਮਬੰਦੀ ਲਈ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਅਣਅਧਿਕਾਰਤ ਵਰਤੋਂ ਕਰਦੇ ਹੋਏ ਸਿੱਖਾਂ ਵਿੱਚ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ।

ਮੋਹਾਲੀ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਿਆਂ ਤੋਂ ਇੱਕ ਪ੍ਰਤੀਨਿਧੀ ਮੁਤਾਬਕ “ਇਹ ਸਹੀ ਪੰਥਕ ਪ੍ਰਥਾ ਨਹੀਂ ਹੈ। ਸਿੱਖ ਸਾਰੀਆਂ ਰਾਜਨੀਤਿਕ ਪਾਰਟੀਆਂ ਵਿੱਚ ਮੌਜੂਦ ਹਨ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਵਰਤੋਂ ਕਰਨ ਨਾਲ ਇਹ ਪ੍ਰਭਾਵ ਮਿਲਦਾ ਹੈ ਕਿ ਇੱਕ ਖਾਸ ਧੜੇ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਇਸਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ।”

ਲੁਧਿਆਣਾ ਸਥਿਤ ਇੱਕ ਗੁਰਦੁਆਰੇ ਅਤੇ ਚੈਰੀਟੇਬਲ ਟਰੱਸਟ ਨੇ ਇੱਕ ਕਦਮ ਹੋਰ ਅੱਗੇ ਵਧਦੇ ਹੋਏ ਕਿ “ਇੰਨਾਂ ਵਿੱਚੋਂ ਕੁਝ ਲੋਕ ਜੋ ਪੂਰਨ ਮਰਿਆਦਾ ਦੇ ਧਾਰਨੀ ਵੀ ਨਹੀਂ ਹਨ ਉਹ ਇੱਕ ਅਣਜੰਮੀ ਅਤੇ ਅਣਜਾਣ ਪਾਰਟੀ ਲਈ ਬਿਨਾਂ ਕਿਸੇ ਸਹੀ ਥਹੁ-ਪਤੇ ਅਤੇ ਲੋਗੋ ਤੋਂ ਮੈਂਬਰਸ਼ਿਪ ਸਲਿੱਪਾਂ ਜਾਰੀ ਕਰਦੇ ਹੋਏ ਅਕਾਲ ਤਖ਼ਤ ਦੇ ਨਾਮ ਦੀ ਵਰਤੋਂ ਕਰ ਰਹੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ। ਉਨ੍ਹਾਂ ਨੂੰ ਰਾਜਨੀਤਿਕ ਹਿੱਤਾਂ ਲਈ ਇਸ ਦੇ ਨਾਮ ਦੀ ਦੁਰਵਰਤੋਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ।”

ਅਕਾਲੀ ਦਲ ਦੇ ਸੰਵਿਧਾਨ ਦੀ ਉਲੰਘਣਾ ਤੇ ਨਵੀਂ ਜਥੇਬੰਦੀ ਬਣਾਉਣ ਵੱਲ ਕਦਮ

ਬਠਿੰਡਾ ਤੋਂ ਬਲਜੀਤ ਸਿੰਘ ਤੇ ਮੋਗਾ ਤੋਂ ਹਰਚਰਨ ਸਿੰਘ ਸਮੇਤ ਕਈ ਸਿੱਖ ਵਿਦਵਾਨਾਂ ਅਤੇ ਸਿੱਖਿਆ ਸ਼ਾਸਤਰੀਆਂ ਦਾ ਕਹਿਣਾ ਹੈ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੂਤ ਵਜੋਂ ਚੱਲ ਰਿਹਾ ਇਹ ਅਸੰਤੁਸ਼ਟ ਸਮੂਹ ਭਾਰਤੀ ਚੋਣ ਕਮਿਸ਼ਨ (ECI) ਕੋਲ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਿਨਾਂ ਹੀ ਰਾਜਨੀਤਕ ਕੰਮ ਚਲਾ ਰਿਹਾ ਹੈ। ਇਹ ਪੰਜ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਨਿਰਧਾਰਤ ਸੰਵਿਧਾਨ ਅਤੇ ਮੈਮੋਰੰਡਮ ਆਫ਼ ਐਸੋਸੀਏਸ਼ਨ ਦੀ ਉਲੰਘਣਾ ਵੀ ਕਰ ਰਹੀ ਹੈ ਅਤੇ ਸੁਸਾਇਟੀ ਰਜਿਸਟ੍ਰੇਸ਼ਨ ਕਾਨੂੰਨ ਦੇ ਉਪਬੰਧਾਂ ਤੋਂ ਹਟਕੇ ਆਪਣੀ ਮੈਂਬਰਸ਼ਿਪ ਮੁਹਿੰਮ ਚਲਾ ਰਹੀ ਹੈ। ਇਨ੍ਹਾਂ ਸ਼ਖਸੀਅਤਾਂ ਨੇ ਸਪੱਸ਼ਟ ਤੌਰ ‘ਤੇ ਸੰਕੇਤ ਦਿੱਤਾ ਹੈ ਕਿ ਬਾਗ਼ੀ ਧੜਾ ਰਸਮੀ ਤੌਰ ‘ਤੇ ਇੱਕ ਵੱਖਰੇ ਅਕਾਲੀ ਦਲ ਦਾ ਐਲਾਨ ਕਰਨ ਦੀ ਤਿਆਰੀ ਕਰ ਰਿਹਾ ਹੈ ਜੋ ਭਵਿੱਖ ਵਿੱਚ ਰਜਿਸਟਰਡ ਪਾਰਟੀ ਵਜੋਂ ਦਰਜ ਸ਼੍ਰੋਮਣੀ ਅਕਾਲੀ ਦਲ ਦੀ ਜਾਇਜ਼ਤਾ ਨੂੰ ਚੁਣੌਤੀ ਦੇ ਸਕਦਾ ਹੈ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਵੀ ਇਸ ਕਦਮ ਦੀ ਨਿੰਦਾ ਕੀਤੀ ਹੈ ਤੇ ਇਸਨੂੰ “ਧਾਰਮਿਕ ਅਧਿਕਾਰਾਂ ਦੀ ਸ਼ਰੇਆਮ ਦੁਰਵਰਤੋਂ” ਕਰਾਰ ਦਿੱਤਾ ਹੈ। ਪਾਰਟੀ ਦੇ ਇੱਕ ਹੰਡੇ ਵਰਤੇ ਨੇਤਾ ਨੇ ਕਿਹਾ ਕਿ “ਬਾਗੀ ਧੜਾ ਇੱਕ ਅਜਿਹੀ ਪਾਰਟੀ ਲਈ ਅਕਾਲ ਤਖ਼ਤ ਦਾ ਨਾਮ ਵਰਤ ਕੇ ਪਾਰਟੀ ਵਰਕਰਾਂ ਨੂੰ ਗੁੰਮਰਾਹ ਕਰ ਰਿਹਾ ਹੈ ਜਿਸ ਕੋਲ ਕੋਈ ਕਾਨੂੰਨੀ ਦਰਜਾ ਹੀ ਨਹੀਂ ਹੈ।”

ਭਵਿੱਖਤ ਰਾਜਨੀਤਿਕ ਤੇ ਕਾਨੂੰਨੀ ਸਥਿਤੀ

ਕੁੱਝ ਸਿੱਖ ਸੰਸਥਾਵਾਂ ਵੱਲੋਂ ਬਾਗੀਆਂ ਦੀ ਮੁਹਿੰਮ ਦਾ ਖੁੱਲ੍ਹ ਕੇ ਵਿਰੋਧ ਕਰਨ ਨਾਲ ਅਕਾਲ ਤਖ਼ਤ ਸਾਹਿਬ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਦਬਾਅ ਵਧ ਰਿਹਾ ਹੈ। ਇਸ ਦੌਰਾਨ ਰਜਿਸਟਰਡ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮਾਮਲੇ ਨੂੰ ਕਾਨੂੰਨੀ ਤੌਰ ‘ਤੇ ਨਜਿੱਠੇ ਜਾਣ ਦੀ ਸੰਭਾਵਨਾ ਹੈ ਜੋ ਕਿ ਪਾਰਟੀ ਦਾ ਨਾਮ, ਚਿੰਨ੍ਹ ਅਤੇ ਜਾਇਦਾਦਾਂ ਦੀ ਕਿਸੇ ਵੀ ਅਣਅਧਿਕਾਰਤ ਵਰਤੋਂ ਨੂੰ ਰੋਕਣ ਲਈ ਅਦਾਲਤ ਅਤੇ ਚੋਣ ਕਮਿਸ਼ਨ ਦੇ ਦਖਲ ਦੀ ਮੰਗ ਕਰ ਸਕਦਾ ਹੈ।

ਸਿੱਖ ਰਾਜਨੀਤਿਕ ਵਿਸ਼ਲੇਸ਼ਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਪਾਰਟੀ ਅੰਦਰ ਇਹ ਡੂੰਘਾ ਹੁੰਦਾ ਜਾ ਰਿਹਾ ਪਾੜਾ ਵਿਧਾਨ ਸਭਾ ਦੀਆਂ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਹੋਰ ਕਮਜ਼ੋਰ ਕਰ ਸਕਦਾ ਹੈ। “ਆਉਣ ਵਾਲੇ ਮਹੀਨਿਆਂ ਵਿੱਚ ਪਾਰਟੀ ਦੀ ਏਕਤਾ ਦਾਅ ‘ਤੇ ਲੱਗੀ ਹੋਈ ਹੈ ਅਤੇ ਅਜਿਹੇ ਅੰਦਰੂਨੀ ਟਕਰਾਅ ਇਸਦੇ ਰਵਾਇਤੀ ਵੋਟਰ ਅਧਾਰ ਨੂੰ ਹੋਰ ਵੀ ਵਿਗਾੜ ਸਕਦੇ ਹਨ,” ਇੱਕ ਬਜ਼ੁਰਗ ਅਕਾਲੀ ਨਿਰੀਖਕ ਨੇ ਇਹ ਪੱਖ ਰੱਖਦਿਆਂ ਕਿਹਾ ਕਿ ਜਿਵੇਂ-ਜਿਵੇਂ ਅਕਾਲੀ ਦਲ ਅੰਦਰ ਵਿਵਾਦ ਤੇਜ਼ ਹੁੰਦਾ ਜਾ ਰਿਹਾ ਹੈ ਤਾਂ ਸਾਰੀਆਂ ਨਜ਼ਰਾਂ ਅਕਾਲ ਤਖ਼ਤ ਸਾਹਿਬ ਅਤੇ ਚੋਣ ਕਮਿਸ਼ਨ ‘ਤੇ ਟਿਕੀਆਂ ਹੋਈਆਂ ਹਨ ਕਿ ਉਹ ਭਵਿੱਖ ਵਿੱਚ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਦੇ ਅੰਦਰ ਇੱਕ ਨੈਤਿਕ ਅਤੇ ਸੰਵਿਧਾਨਕ ਸੱਤਾ ਸੰਘਰਸ਼ ਵਿਰੁੱਧ ਫੈਸਲਾਕੁੰਨ ਕੀ ਕਾਰਵਾਈ ਕਰ ਸਕਦੇ ਹਨ।

error: Content is protected !!