iPhone ਵੀ safe ਨਹੀਂ? ‘Hey Siri’ ਕਹੇ ਬਿਨਾਂ ਹੀ Siri ਸੁਣਦੀ ਹੈ ਤੁਹਾਡੀ ਗੱਲਬਾਤ
Apple Siri case
ਕੈਲੀਫੋਰਨੀਆ 27 ਜਨਵਰੀ 2025 (ਫਤਿਹ ਪੰਜਾਬ ਬਿਉਰੋ) ਤਕਨਾਲੋਜੀ ਦਿੱਗਜ ਕੰਪਨੀ Apple ਨੂੰ ਆਪਣੇ ਐਪ Siri ਰਾਹੀਂ ਜਾਸੂਸੀ ਕਰਨ ਦੇ ਮਾਮਲੇ ਨੂੰ 95 ਮਿਲੀਅਨ ਡਾਲਰ (815 ਕਰੋੜ ਰੁਪਏ) ਦੇ ਹਰਜਾਨੇ ਵਿੱਚ ਨਿਬੇੜਨ ਲਈ ਸਹਿਮਤ ਹੋ ਗਈ ਹੈ। ਇਸ ਮੁਕੱਦਮੇ ਵਿੱਚ Apple ਕੰਪਨੀ ਤੇ ਇਹ ਦੋਸ਼ ਲੱਗਿਆ ਹੈ ਕਿ ਆਈਫੋਨ, ਆਈਪੈਡ ਅਤੇ ਹੋਮਪੌਡ ਵਰਗੇ ਐਪਲ ਡਿਵਾਈਸਾਂ ਵਿੱਚ ਚਲਦਾ ਡਿਜੀਟਲ ਸਹਾਇਕ, ਸਿਰੀ, ਵਰਤੋਂਕਾਰ ਲੋਕਾਂ (ਉਪਭੋਗਤਾਵਾਂ) ਦੀਆਂ ਨਿੱਜੀ ਗੱਲਬਾਤਾਂ ਸੁਣਦੀ ਸੀ ਜੋ ਕਿ ਅੱਗੇ ਵਿਗਿਆਪਨ ਕੰਪਨੀਆਂ ਨੂੰ ਵੇਚ ਕੇ ਪੈਸਾ ਕਮਾ ਰਹੀ ਸੀ। ਕੈਲੀਫੋਰਨੀਆ ਦੇ ਓਕਲੈਂਡ ਸ਼ਹਿਰ ਦੀ ਸੰਘੀ ਅਦਾਲਤ ਪੰਜ ਸਾਲ ਪੁਰਾਣੇ ਇਸ ਕੇਸ ਦਾ ਹੱਲ ਕਰ ਰਹੀ ਹੈ। ਸਤੰਬਰ 2021 ਵਿੱਚ, ਐਪਲ ਦੇ ਖਿਲਾਫ ਉਸਦੇ ਹੀ ਇੱਕ ਕਰਮਚਾਰੀ ਵੱਲੋਂ ਇਹ ਮੁਕੱਦਮਾ ਦਾਇਰ ਕੀਤਾ ਗਿਆ ਸੀ।
ਐਪਲ ਸਿਰੀ ਰਾਹੀਂ ਉਪਭੋਗਤਾਵਾਂ ਦੀ ਕਰਦਾ ਹੈ ਜਾਸੂਸੀ ?
ਇੱਕ ਰਿਪੋਰਟ ਅਨੁਸਾਰ ਆਈਫੋਨ, ਆਈਪੈਡ ਅਤੇ ਹੋਮਪੌਡ ਵਰਗੇ ਐਪਲ ਡਿਵਾਈਸਾਂ ਵਿੱਚ ਸਿਰੀ ਉਪਭੋਗਤਾਵਾਂ ਦੀ ਨਿੱਜੀ ਗੱਲਬਾਤ ਬਿਨਾਂ ਇਜਾਜ਼ਤ ਸੁਣ ਰਹੀ ਸੀ। ਐਪਲ ਨੇ ਨਾ ਸਿਰਫ਼ ਇਹਨਾਂ ਗੱਲਬਾਤਾਂ ਨੂੰ ਰਿਕਾਰਡ ਅਤੇ ਸਟੋਰ ਕੀਤਾ, ਸਗੋਂ ਇਹ ਵੀ ਮੰਨਿਆ ਕਿ ਇਹ ਜਾਣਕਾਰੀ ਤੀਜੀ ਧਿਰਾਂ ਭਾਵ ਵਿਗਿਆਪਨ ਕੰਪਨੀਆਂ ਨਾਲ ਸਾਂਝੀ ਕੀਤੀ ਗਈ ਸੀ। ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਸਿਰੀ ਰਾਹੀਂ ਗੱਲਬਾਤ ਉਦੋਂ ਵੀ ਰਿਕਾਰਡ ਕੀਤੀ ਜਾਂਦੀ ਸੀ ਜਦੋਂ ਉਪਭੋਗਤਾਵਾਂ ਨੇ ਆਪਣੇ ਡਿਵਾਈਸਾਂ ‘ਤੇ ਸਿਰੀ ਨੂੰ ਐਕਟੀਵੇਟ ਵੀ ਨਹੀਂ ਕੀਤਾ ਸੀ।
ਹੁਣ 95 ਮਿਲੀਅਨ ਡਾਲਰ ਦਾ ਜੁਰਮਾਨਾ ਭਰਨਾ ਪਵੇਗਾ
ਸਮਝੌਤੇ ਵਿੱਚ, ਐਪਲ ਨੇ ਕਿਹਾ ਹੈ ਕਿ ਉਸਨੇ ਕਦੇ ਵੀ ਕੁਝ ਗਲਤ ਨਹੀਂ ਕੀਤਾ ਅਤੇ ਕੋਈ ਵੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕੀਤਾ ਹੈ। ਐਪਲ ਨੇ ਇਸ ਸਮੇਂ ਦੌਰਾਨ ਗੱਲਬਾਤ ਰਿਕਾਰਡ ਕਰਨ ਦੇ ਇਵਜ਼ ਵਜੋਂ ਲੋਕਾਂ ਨੂੰ ਪੈਸੇ ਦੇਣ ਲਈ 95 ਮਿਲੀਅਨ ਡਾਲਰ ਦਾ ਫੰਡ ਬਣਾਇਆ ਹੈ ਜਿਨ੍ਹਾਂ ਦੀ ਜਾਣਕਾਰੀ ਬਿਨਾਂ ਇਜਾਜ਼ਤ ਦੇ ਸੁਣੀ ਗਈ ਸੀ। ਇਸ ਸਮਝੌਤੇ ਨੂੰ ਅਜੇ ਅਦਾਲਤ ਵੱਲੋਂ ਮਨਜ਼ੂਰੀ ਮਿਲਣੀ ਬਾਕੀ ਹੈ। ਇਸ ਮੁਕੱਦਮੇ ਮੁਤਾਬਕ ਐਪਲ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਬਿਨਾਂ ਇਜਾਜ਼ਤ ਤੋਂ ਜੋ ਵੀ ਸੁਣਿਆ ਉਸਨੂੰ ਡਿਲੀਟ ਕਰ ਦੇਵੇ। ਇਸ ਤੋਂ ਇਲਾਵਾ ਐਪਲ ਨੂੰ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਆਪਣੇ ਡਿਜੀਟਲ ਸਹਾਇਕ ਸਿਰੀ ਦੁਆਰਾ ਸੁਣੀ ਗਈ ਆਵਾਜ਼ ਨਾਲ ਕੀ ਕੀਤਾ ਜਾਵੇਗਾ ਉਸ ਲਈ ਉਪਭੋਗਤਾਵਾਂ ਨੂੰ ਇਸ ‘ਤੇ ਪੂਰਾ ਅਧਿਕਾਰ ਦੇਣਾ ਹੋਵੇਗਾ।