ਗੋਰਖਧੰਦੇ ‘ਚ ਨਾਮੀ ਕੰਪਨੀਆਂ ਵੀ ਸ਼ਾਮਲ – ਦੁਕਾਨਾਂ ਤੋਂ ਸਟਾਕ ਵਾਪਸ ਮੰਗਵਾਉਣ ਦੇ ਆਦੇਸ਼
ਸ਼ਿਮਲਾ 28 ਜੂਨ 2024 (ਫਤਿਹ ਪੰਜਾਬ) ਸੈਂਟਰਲ ਡਰੱਗ ਕੰਟਰੋਲ ਆਰਗੇਨਾਈਜ਼ੇਸ਼ਨ ਵੱਲੋਂ ਪਿਛਲੇ ਮਹੀਨੇ ਦੇਸ਼ ਭਰ ਵਿੱਚ ਦਵਾਈਆਂ ਦੇ ਭਰੇ ਸੈਂਪਲਾਂ ਦੀ ਜਾਂਚ ਦੌਰਾਨ ਦੇਸ਼ ‘ਚ ਬਣੀਆਂ 52 ਦਵਾਈਆਂ ਮਾਪਦੰਡਾਂ ‘ਤੇ ਖਰੀਆਂ ਨਹੀਂ ਉਤਰੀਆਂ ਅਤੇ ਉੱਨਾਂ ਵਿੱਚੋਂ 22 ਦਵਾਈਆਂ ਹਿਮਾਚਲ ਪ੍ਰਦੇਸ਼ ਵਿੱਚ ਬਣਦੀਆਂ ਹਨ ਜਿੰਨਾਂ ਦੇ ਇਹ ਸੈਂਪਲ ਫੇਲ ਹੋਏ ਹਨ। ਵਰਨਣਯੋਗ ਹੈ ਕਿ ਦੇਸ਼ ਵਿੱਚ ਪੈਦਾ ਹੋਣ ਵਾਲੇ ਹਰ ਤੀਜੀ ਦਵਾਈ ਵਿੱਚੋਂ ਇੱਕ ਹਿਮਾਚਲ ਵਿੱਚ ਤਿਆਰ ਹੁੰਦੀ ਹੈ।
ਹਿਮਾਚਲ ਦੇ ਡਰੱਗ ਕੰਟਰੋਲਰ ਮਨੀਸ਼ ਕਪੂਰ ਦਾ ਕਹਿਣਾ ਹੈ ਕਿ ਸੈਂਪਲ ਫੇਲ ਹੋਣ ਵਾਲੇ ਫਾਰਮਾਸਿਊਟੀਕਲ ਉਦਯੋਗਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਅਤੇ ਉੱਨਾਂ ਨੂੰ ਬਜ਼ਾਰ ਤੋਂ ਅਜਿਹੇ ਸਟਾਕ ਵਾਪਸ ਮੰਗਵਾਉਣ ਲਈ ਕਹਿ ਦਿੱਤਾ ਹੈ। ਯਾਦ ਰਹੇ ਕਿ ਪਿਛਲੇ ਸਾਲ ਹਿਮਾਚਲ ਪ੍ਰਦੇਸ਼ ਵਿੱਚ ਮਿਆਰ ਤੋਂ ਡਿੱਗੀਆਂ ਦਵਾਈਆਂ ਬਣਾਉਣ ਦੇ ਧੰਦੇ ਨੂੰ ਰੋਕਣ ਲਈ ਕੀਤੀ ਸਖਤ ਕਾਰਵਾਈ ਦੌਰਾਨ ਸ਼ਾਮਲ 13 ਬੰਦਿਆਂ ਨੂੰ ਫੜਿਆ ਗਿਆ ਸੀ। ਦੱਸ ਦੇਖੀਏ ਕਿ ਸਰਕਾਰੀ ਅੰਕੜਿਆਂ ਮੁਤਾਬਿਕ ਪਿਛਲੇ ਸਾਲ ਹਿਮਾਚਲ ਵਿੱਚ ਬਣਦੀਆਂ ਲਗਭਗ 120 ਦਵਾਈਆਂ ਦੇ ਨਮੂਨੇ ਟੈਸਟ ਦੇ ਮਾਪਦੰਡਾਂ ਵਿੱਚ ਫੇਲ ਹੋ ਗਏ ਸਨ।
ਹੋਰ 10 ਰਾਜਾਂ ਚ 30 ਦਵਾਈਆਂ ਘਟੀਆ ਪਾਈਆਂ ਗਈਆਂ
ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਮੁਤਾਬਿਕ ਇਸ ਜਾਂਚ ਦੌਰਾਨ ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰਾਖੰਡ, ਪੰਜਾਬ, ਉੱਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਚੇਨਈ ਵਿੱਚ ਬਣੀਆਂ 30 ਦਵਾਈਆਂ ਵੀ ਘਟੀਆ ਪਾਈਆਂ ਗਈਆਂ।
ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਵਿੱਚ ਹਿਮਾਚਲ ਪ੍ਰਦੇਸ਼ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ 1,680 ਨਸ਼ੀਲੇ ਪਦਾਰਥਾਂ ਦੇ ਨਮੂਨੇ ਟੈਸਟਾਂ ਵਿੱਚ ਫੇਲ੍ਹ ਹੋਣ ਤੋਂ ਬਾਅਦ ਸਥਾਨਕ ਡਰੱਗ ਕੰਟਰੋਲ ਦਫ਼ਤਰ ਰਾਹੀਂ ਜਾਂਚ ਸ਼ੁਰੂ ਕੀਤੀ ਸੀ ਤਾਂ ਜੋ ਵਿਸਤ੍ਰਿਤ ਨਤੀਜੇ ਜੁਲਾਈ ਵਿੱਚ ਵਿਧਾਨ ਸਭਾ ਦੇ ਅਜਲਾਸ ਦੌਰਾਨ ਪੇਸ਼ ਕੀਤੇ ਜਾ ਸਕਣ।
ਹਿਮਾਚਲ ਚ 3 ਸਾਲਾਂ ਦੌਰਾਨ ਕੁੱਲ 1,683 ਨਮੂਨੇ ਹੋਏ ਫੇਲ੍ਹ
ਜਿਕਰਯੋਗ ਹੈ ਕਿ ਹਿਮਾਚਲ ਵਿਧਾਨ ਸਭਾ ਵਿੱਚ ਮਾਰਚ ਮਹੀਨੇ ਅਜਲਾਸ ਦੌਰਾਨ ਦੋ ਵਿਧਾਇਕਾਂ ਕੇਵਲ ਸਿੰਘ ਪਠਾਨੀਆ ਅਤੇ ਵਿਪਨ ਸਿੰਘ ਪਰਮਾਰ ਦੁਆਰਾ ਉਠਾਏ ਗਏ ਸਵਾਲਾਂ ਦੇ ਜਵਾਬ ਵਿੱਚ ਰਾਜ ਸਰਕਾਰ ਵੱਲੋਂ ਇੱਕ ਲਿਖਤੀ ਜਵਾਬ ਵਿੱਚ ਦੱਸਿਆ ਗਿਆ ਸੀ ਸਿਹਤ ਵਿਭਾਗ ਦੇ ਡਰੱਗ ਕੰਟਰੋਲਰ ਦੀ ਜਾਂਚ ਦੌਰਾਨ ਜਨਵਰੀ 2024 ਤੱਕ ਕੁੱਲ 1,683 ਨਮੂਨੇ ਗੁਣਵੱਤਾ ਟੈਸਟਾਂ ਵਿੱਚ ਫੇਲ੍ਹ ਹੋਏ ਪਾਏ ਗਏ ਜਿਨ੍ਹਾਂ ਵਿੱਚੋਂ ਪਿਛਲੇ ਇੱਕ ਸਾਲ 2023 ਵਿੱਚ ਕੁੱਲ 374 ਨਮੂਨੇ ਫੇਲ੍ਹ ਹੋਏ ਸਨ। ਇਸ ਉਪਰੰਤ ਰਾਜ ਸਰਕਾਰ ਨੇ ਸਾਰੇ ਸਹਾਇਕ ਡਰੱਗ ਕੰਟਰੋਲਰਾਂ ਨੂੰ ਸਾਰੇ ਫਾਰਮਾਸਿਊਟੀਕਲ ਉਦਯੋਗਾਂ ਦੀ ਸਾਂਝੀ ਜਾਂਚ ਕਰਨ ਅਤੇ ਉਸ ਦੀ ਵਿਸਥਾਰਤ ਜਾਂਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਵਿਸਤ੍ਰਿਤ ਨਤੀਜੇ ਜੁਲਾਈ ਮਹੀਨੇ ਵਿਧਾਨ ਸਭਾ ਅੱਗੇ ਰੱਖੇ ਜਾ ਸਕਣ।
ਕੇਂਦਰੀ ਡਰੱਗ ਕੰਟਰੋਲਰ ਦੀ ਰਿਪੋਰਟ ਮੁਤਾਬਿਕ ਪਾਉਂਟਾ ਸਾਹਿਬ ਦੀ ਦਵਾਈ ਕੰਪਨੀ ਜ਼ੀ ਲੈਬਾਰਟਰੀ ਦੇ ਤਿੰਨ ਨਮੂਨੇ ਅਤੇ ਝਾਰ ਮਾਜਰੀ ਦੀ ਡੇਕਸਿਨ ਫਾਰਮਾ ਦੇ ਦੋ ਸੈਂਪਲ ਇਕੱਠੇ ਫੇਲ ਹੋਏ ਹਨ। ਸਿਰਮੌਰ ਦੇ ਪੰਜ, ਊਨਾ ਤੋਂ ਇੱਕ ਅਤੇ ਸੋਲਨ ਜ਼ਿਲ੍ਹੇ ਦੇ 16 ਨਮੂਨੇ ਫੇਲ੍ਹ ਹੋਏ ਹਨ। ਇੰਨਾਂ ਵਿੱਚ ਗਲੇ ਦੀ ਇਨਫੈਕਸ਼ਨ, ਹਾਈ ਬਲੱਡ ਪ੍ਰੈਸ਼ਰ, ਕੈਂਸਰ, ਦਰਦ, ਬੈਕਟੀਰੀਅਲ ਇਨਫੈਕਸ਼ਨ, ਅਲਸਰ, ਖੰਘ, ਐਲਰਜੀ, ਵਾਇਰਸ ਇਨਫੈਕਸ਼ਨ, ਐਸੀਡਿਟੀ, ਖੁਜਲੀ ਅਤੇ ਬੁਖਾਰ ਲਈ ਤਿਆਰ ਦਵਾਈਆਂ ਦੇ ਸੈਂਪਲ ਸਹੀ ਨਹੀਂ ਪਾਏ ਗਏ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਦਵਾਈਆਂ ਬਿਨਾਂ ਲੇਬਲ ਤੋਂ ਪਾਈਆਂ ਗਈਆਂ ਅਤੇ ਕੁਝ ਦਵਾਈਆਂ ਨਕਲੀ ਪਾਈਆਂ ਗਈਆਂ।
ਜੋ ਦਵਾਈਆਂ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀਆਂ ਹਨ ਉਹਨਾਂ ਵਿੱਚ ਕੈਂਸਰ ਦੇ ਇਲਾਜ ਲਈ ਵਰਤੇ ਜਾਣ ਵਾਲੇ ਓਨਡੈਨਸੇਟਰੋਨ ਅਤੇ ਡੌਕਸੋਰੁਬੀਸੀਨ ਹਾਈਡ੍ਰੋਕਲੋਰਾਈਡ ਸ਼ਾਮਲ ਹਨ, ਜਿਸ ਵਿੱਚ ਸੇਫਿਕਜਾਈਮ, ਅਜ਼ੀਥਰੋਮਾਈਸਿਨ, ਪੈਰਾਸੀਟਾਮੋਲ, ਐਲਬੈਂਡਾਜ਼ੋਲ, ਸਪਿਰੋਨੋਲੈਕਟੋਨ ਗੋਲੀਆਂ, ਫੇਨੋਫਾਈਬਰੇਟ ਕੈਪਸੂਲ, ਡੌਕਸੀਲਾਮਾਈਨ ਸੁਕਸੀਨੇਟ, ਪਾਈਰੀਡੋਕਸਾਈਨ ਹਾਈਡ੍ਰੋਕਲੋਰਾਈਡ ਅਤੇ ਲੋਸੀਪ੍ਰੋਸੀਸੀਨ ਅਤੇ ਫੋਲੀਕਸਾਈਨ ਗੋਲੀਆਂ ਤੇ ਇੰਜੈਕਸ਼ਨ ਵੀ ਸ਼ਾਮਲ ਹਨ।
ਕਿੰਨਾਂ ਦਵਾਈਆਂ ਦੇ ਨਮੂਨੇ ਫੇਲ੍ਹ ਹੋਏ
ਇਸ ਜਾਂਚ ਰਿਪੋਰਟ ਮੁਤਾਬਿਕ ਜਿੰਨ੍ਹਾਂ ਦਵਾਈਆਂ ਦੇ ਨਮੂਨੇ ਫੇਲ੍ਹ ਹੋਏ ਹਨ ਉੱਨਾਂ ਵਿੱਚ ਝਾਰਮਾਜਰੀ ਦੀ ਸਕਾਟਾਡਲੀ ਕੰਪਨੀ ਦੇ ਬੀਪੀ ਮੈਟਰੋਪ੍ਰੋਜ਼ਲ, ਝਾਰ ਮਾਜਰੀ ਦੀ ਡੈਕਸਿਨ ਫਾਰਮਾ ਦੀ ਗਲੇ ਦੀ ਲਾਗ ਲਈ ਸੇਫੂਰੋਕਸਾਈਮ ਅਤੇ ਇਨਫੈਕਸ਼ਨ ਦੀ ਦਵਾਈ ਸੇਫਿਕਸਾਈਮ ਦੇ ਨਮੂਨੇ ਬੁਰੀ ਤਰ੍ਹਾਂ ਫੇਲ੍ਹ ਹੋ ਗਏ ਹਨ। ਬੱਦੀ ਦੀ ਵਿੰਗਸ ਬਾਇਓਟੈਕ ਦੀ ਕੈਂਸਰ ਦੀ ਦਵਾਈ ਪ੍ਰਡਨੀਸੋਲੋਨ, ਟਾਹਲੀਵਾਲ, ਊਨਾ ਸਥਿਤ ਨਿਊਰੋ ਪੈਥਿਕ ਦੀ ਅਲਫ਼ਾ ਲਿਪੋਇਕ ਐਸਿਡ ਅਤੇ ਲੋਦੀ ਮਾਜਰਾ ਦੀ ਨਵਕਾਰ ਕੰਪਨੀ ਦੀ ਹਾਈ ਬਲੱਡ ਪ੍ਰੈਸ਼ਰ ਦੀ ਦਵਾਈ ਦੇ ਸੈਂਪਲ ਵੀ ਮਾਪਦੰਡਾਂ ‘ਤੇ ਪੂਰੇ ਨਹੀਂ ਉਤਰੇ। ਪਾਉਂਟਾ ਸਾਹਿਬ ਦੀ ਪੇਸ ਬਾਇਓਟੈਕ ਕੰਪਨੀ ਦੀ ਬੈਕਟੀਰੀਅਲ ਇਨਫੈਕਸ਼ਨ, ਬੱਦੀ ਦੀ ਬਾਇਓ ਐਟਲਸ ਫਾਰਮਾ ਦੀ ਬੀਪੀ ਦਵਾਈ ਟੈਲਮੀਸਰਟਨ, ਬੱਦੀ ਦੀ ਹਿਲਰ ਲੈਬ ਦੀ ਅਲਸਰ ਦਵਾਈ ਪੇਂਟਾਪ੍ਰੋਜ਼ੋਲ, ਬਰੋਟੀਵਾਲਾ ਦੀ ਡਬਲਯੂਪੀਬੀ ਫਾਰਮਾ ਦੀ ਖੰਘ ਦੀ ਦਵਾਈ ਲੇਵੋਸਲ, ਪਾਉਂਟਾ ਦੀ ਜੀ ਲੈਬਾਰਟਰੀ ਦੀ ਐਲਰਜੀ ਦੀ ਦਵਾਈ ਡੈਕਸਾਮੇਥਾਸੋਨ ਦੇ ਨਮੂਨੇ ਸ਼ਾਮਲ ਹਨ ਅਤੇ ਬੱਦੀ ਦੀ ਗਲਫਾ ਲੈਬਾਰਟਰੀ ਤੋਂ ਦਰਦ ਦੀ ਦਵਾਈ ਡਿਕਲੋਫੇਨਾਕ ਫੇਲ ਹੋਈ ਹੈ।