ਜਾਣੋ ਕਹਿਰ ਦੀ ਗਰਮੀ ਕਿਵੇਂ ਦਿਲ, ਗੁਰਦੇ ਤੇ ਜਿਗਰ ਨੂੰ ਕਰਦੀ ਹੈ ਪ੍ਰਭਾਵਿਤ
ਚੰਡੀਗੜ੍ਹ 28 ਮਈ 28 2024 (ਫਤਿਹ ਪੰਜਾਬ) ਪੰਜਾਬ ‘ਚ ਕਹਿਰ ਦੀ ਗਰਮੀ ਤੇ ਲੂਅ ਦੌਰਾਨ ਵੱਧ ਰਹੇ ਤਾਪਮਾਨ ਨੇ ਤੀਜੇ ਦਿਨ ਪਿਛਲੇ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸੋਮਵਾਰ ਨੂੰ ਬਠਿੰਡਾ ਵਿੱਚ ਤਾਪਮਾਨ 48.4 ਡਿਗਰੀ ਦਰਜ ਕੀਤਾ ਗਿਆ। ਪੰਜਾਬ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ।
ਉਧਰ ਮੌਸਮ ਵਿਭਾਗ ਨੇ 29 ਮਈ ਤੱਕ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ Western disturbance ਪੱਛਮੀ ਪੌਣਾਂ ਦੇ ਸਰਗਰਮ ਹੋਣ ਦੀ ਉਮੀਦ ਹੈ।
ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਦੋ ਦਿਨ ਹੋਰ ਤੇਜ਼ ਗਰਮੀ ਦਾ ਅਸਰ ਦੇਖਣ ਨੂੰ ਮਿਲੇਗਾ ਤੇ ਤਾਪਮਾਨ ਵਿੱਚ ਮਾਮੂਲੀ ਵਾਧਾ ਦੇਖਿਆ ਜਾ ਸਕਦਾ ਹੈ।
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਬਠਿੰਡਾ ਵਿੱਚ ਤਾਪਮਾਨ 48.4 ਡਿਗਰੀ ਰਿਹਾ ਜੋ ਕਿ 21 ਮਈ 1978 ਦੇ ਤਾਪਮਾਨ ਨਾਲੋਂ 0.7 ਡਿਗਰੀ ਵੱਧ ਹੈ। ਇਸ ਦਿਨ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਅੰਮ੍ਰਿਤਸਰ ਵਿੱਚ 47.7 ਡਿਗਰੀ ਦਰਜ ਕੀਤਾ ਗਿਆ ਸੀ।
ਜਦੋਂਕਿ ਬਠਿੰਡਾ ਤੋਂ ਬਾਅਦ ਸਭ ਤੋਂ ਵੱਧ ਤਾਪਮਾਨ ਪਠਾਨਕੋਟ ਵਿੱਚ 47.1 ਡਿਗਰੀ ਰਿਹਾ। ਇਸ ਦੇ ਨਾਲ ਹੀ ਫ਼ਿਰੋਜ਼ਪੁਰ ਦਾ ਤਾਪਮਾਨ 45.7 ਡਿਗਰੀ, ਫ਼ਰੀਦਕੋਟ ਦਾ 45.6 ਡਿਗਰੀ, ਅੰਮ੍ਰਿਤਸਰ ਦਾ ਤਾਪਮਾਨ 45.4 ਡਿਗਰੀ ਦਰਜ ਕੀਤਾ ਗਿਆ ਹੈ।
ਪੰਜਾਬ ਦੇ ਮੁੱਖ ਸ਼ਹਿਰਾਂ ਦਾ ਤਾਪਮਾਨ
ਅੰਮ੍ਰਿਤਸਰ – ਕੱਲ੍ਹ ਦਾ ਤਾਪਮਾਨ 45.4 ਡਿਗਰੀ ਰਿਹਾ। ਅੱਜ ਮੰਗਲਵਾਰ ਨੂੰ ਤਾਪਮਾਨ 46 ਤੋਂ ਪਾਰ ਰਹਿਣ ਦਾ ਅਨੁਮਾਨ ਹੈ।
ਜਲੰਧਰ — ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 42.7 ਡਿਗਰੀ ਦਰਜ ਕੀਤਾ ਗਿਆ, ਜੋ ਅੱਜ ਮੰਗਲਵਾਰ ਨੂੰ 44 ਡਿਗਰੀ ਦੇ ਆਸ-ਪਾਸ ਰਹੇਗਾ।
ਲੁਧਿਆਣਾ – ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 44.8 ਡਿਗਰੀ ਦਰਜ ਕੀਤਾ ਗਿਆ, ਜੋ ਅੱਜ 46 ਡਿਗਰੀ ਦੇ ਆਸ-ਪਾਸ ਰਹੇਗਾ।
ਮੋਹਾਲੀ — ਸੋਮਵਾਰ ਸ਼ਾਮ ਨੂੰ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 46 ਡਿਗਰੀ ਦੇ ਆਸਪਾਸ ਰਹੇਗਾ।
ਪਟਿਆਲਾ- ਬੀਤੇ ਦਿਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 46 ਡਿਗਰੀ ਦੇ ਆਸਪਾਸ ਰਹੇਗਾ।
ਬਾਹਰੀ ਤਪਸ਼ ਸਰੀਰ ਨੂੰ ਕਿਵੇਂ ਕਰਦੀ ਹੈ ਪ੍ਰਭਾਵਿਤ
ਹਾਰਵਰਡ ਹੈਲਥ ਜਰਨਲ ਵਿੱਚ ਜੁਲਾਈ, 2022 ਵਿੱਚ ਪ੍ਰਕਾਸ਼ਿਤ ਇੱਕ ਖੋਜ ਪੱਤਰ ਵਿੱਚ ਡਾ. ਐਰੋਨ ਬਰਨਸਟਾਈਨ ਲਿਖਦੇ ਹਨ ਕਿ ਜੇਕਰ ਵਾਤਾਵਰਨ ਦਾ ਤਾਪਮਾਨ 90 ਡਿਗਰੀ ਫਾਰਨਹਾਈਟ ਯਾਨੀ 32 ਡਿਗਰੀ ਸੈਲਸੀਅਸ ਤੋਂ ਵੱਧ ਜਾਂਦਾ ਹੈ, ਤਾਂ ਜੇਕਰ ਸਰੀਰ ਕਈ ਦਿਨਾਂ ਤੱਕ ਇਸ ਤਾਪਮਾਨ ਵਿੱਚ ਰਹਿੰਦਾ ਹੈ, ਤਾਂ ਇਸ ਨਾਲ ਸਿਰਫ ਡੀਹਾਈਡਰੇਸ਼ਨ ਤੇ ਦਸਤ ਆਦਿ ਦਾ ਹੀ ਖਤਰਾ ਨਹੀਂ ਹੁੰਦਾ ਸਗੋਂ ਸਾਡੇ ਸਰੀਰ ਦਾ ਸਾਰਾ ਅੰਦਰੂਨੀ ਤੰਤਰ ਇਸ ਤੋਂ ਪ੍ਰਭਾਵਿਤ ਹੁੰਦਾ ਹੈ।
ਡਾ.ਆਰੋਨ ਅਨੁਸਾਰ ਮਨੁੱਖੀ ਸਰੀਰ ਵਿੱਚ ਦਿਲ, ਗੁਰਦਾ, ਫੇਫੜੇ, ਜਿਗਰ ਅਤੇ ਦਿਮਾਗ ਇੱਕ ਨਿਸ਼ਚਿਤ ਤਾਪਮਾਨ ‘ਤੇ ਹੀ ਕੰਮ ਕਰ ਸਕਦੇ ਹਨ। ਜੇਕਰ ਤਾਪਮਾਨ ਇਸ ਤੋਂ ਕਿਤੇ ਜ਼ਿਆਦਾ ਜਾਂ ਘੱਟ ਹੋਵੇ ਤਾਂ ਸਰੀਰ ਦਾ ਤਾਪਮਾਨ ਬਰਕਰਾਰ ਰੱਖਣ ਲਈ ਪੂਰੇ ਸਰੀਰ ਨੂੰ ਜ਼ਿਆਦਾ ਮੁਸ਼ੱਕਤ ਕਰਨੀ ਪੈਂਦੀ ਹੈ। ਅੰਦਰੂਨੀ ਅੰਗਾਂ ‘ਤੇ ਪੈਣ ਵਾਲਾ ਵਾਧੂ ਤਣਾਅ ਉਨ੍ਹਾਂ ਅੰਗਾਂ ਦੇ ਅਚਾਨਕ ਫੇਲ ਹੋਣ ਜਾਂ ਮੌਤ ਤੋਂ ਲੈ ਕੇ ਕਈ ਬਿਮਾਰੀਆਂ ਵੀ ਸਹੇੜ ਸਕਦਾ ਹੈ।
ਗਰਮੀ ਜਾਨਲੇਵਾ ਵੀ ਹੋ ਸਕਦੀ ਹੈ
ਤਾਪਮਾਨ ਵਧਣ ਕਾਰਨ ਦਿਲ, ਗੁਰਦੇ, ਫੇਫੜੇ, ਜਿਗਰ ਅਤੇ ਦਿਮਾਗ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਇਹ ਸਾਰੇ ਅੰਗ ਪੂਰੀ ਤਰ੍ਹਾਂ ਤੰਦਰੁਸਤ ਹੋਣ, ਤਾਂ ਹੀ ਉਹ ਇਸ ਦਬਾਅ ਨੂੰ ਝੱਲ ਸਕਣਗੇ। ਜੇਕਰ ਉਨ੍ਹਾਂ ਅੰਗਾਂ ਨੂੰ ਪਹਿਲਾਂ ਹੀ ਕੋਈ ਬਿਮਾਰੀ, ਕਮਜ਼ੋਰੀ ਜਾਂ ਵਿਸ਼ੇਸ਼ ਸਿਹਤ ਸਥਿਤੀ ਹੈ, ਤਾਂ ਅੱਤ ਦੀ ਗਰਮੀ ਵਿੱਚ ਉਨ੍ਹਾਂ ਦੇ ਖਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।