ਚੌੜਾ ਨੂੰ “ਪੰਥਕ ਯੋਧਾ” ਐਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ
ਜਲੰਧਰ ਦਸੰਬਰ 2024 (ਫਤਿਹ ਪੰਜਾਬ ਬਿਊਰੋ) ਅੱਜ ਇੱਥੇ ਖ਼ਾਲਸਾ ਪੰਥ ਦੀਆਂ ਸਮੂਹ ਜਥੇਬੰਦੀਆਂ ਨੇ ਪ੍ਰੈੱਸ ਕਲੱਬ ਜਲੰਧਰ ਵਿਖੇ ਇਕੱਤਰ ਹੋ ਕੇ ਸਾਂਝੀ ਕਾਨਫਰੰਸ ਕੀਤੀ। ਜਿਸ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਬਾਦਲ ਦਲ ਨੂੰ ਲਾਈ ਗਈ ਤਨਖ਼ਾਹ, ਭਾਈ ਨਾਰਾਇਣ ਸਿੰਘ ਚੌੜਾ ਵਲੋਂ ਸੁਖਬੀਰ ਬਾਦਲ ਦਲ ‘ਤੇ ਕੀਤੇ ਹਮਲੇ ਅਤੇ ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵਲੋਂ ਜੋ ਭਾਈ ਨਾਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਬਾਬਤ ਵਿਚਾਰਾਂ ਕੀਤੀਆਂ ਗਈਆਂ। ਇਕੱਤਰਤਾ ਵੱਲੋਂ ਇਹ ਫੈਸਲਾ ਵੀ ਲਿਆ ਗਿਆ ਕਿ ਭਾਈ ਨਾਰਾਇਣ ਸਿੰਘ ਚੌੜਾ ਨੂੰ “ਪੰਥਕ ਯੋਧਾ” ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇ।
ਇਸ ਕਾਨਫਰੰਸ ਨੂੰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਆਵਾਜ਼ ਏ ਕੌਮ ਤੋਂ ਨੋਬਲਜੀਤ ਸਿੰਘ ਬੁੱਲ੍ਹੋਵਾਲ, ਮਨਜੀਤ ਸਿੰਘ ਕਰਤਾਰਪੁਰ, ਹਰਜਿੰਦਰ ਸਿੰਘ ਜਿੰਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸਭਾ ਭਾਈ ਸੁਖਜੀਤ ਸਿੰਘ ਖੋਸਾ, ਕੌਮੀ ਇਨਸਾਫ਼ ਮੋਰਚਾ ਤੋਂ ਪਾਲ ਸਿੰਘ ਫਰਾਂਸ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਸੁਖਦੇਵ ਸਿੰਘ ਫਗਵਾੜਾ, ਐਡਵੋਕੇਟ ਪਰਮਿੰਦਰ ਸਿੰਘ ਵਿਜ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਭਾਈ ਮਨਜੀਤ ਸਿੰਘ ਰੇਰੂ ਅਤੇ ਸਿੱਖ ਸਦਭਾਵਨਾ ਦਲ ਤੋਂ ਗੁਰਵਤਨ ਸਿੰਘ, ਬਾਬਾ ਦੀਪ ਸਿੰਘ ਜੀ ਸੇਵਾ ਦਲ ਤੋਂ ਭਾਈ ਬਲਦੇਵ ਸਿੰਘ ਅਤੇ ਜਤਿੰਦਰਪਾਲ ਸਿੰਘ ਮਝੈਲ, ਜਸਵੰਤ ਸਿੰਘ ਸੁਭਾਨਾ, ਪਰਤਾਪ ਸਿੰਘ ਨਿਹੰਗ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਬਾਦਲ ਦਲ ਦੇ ਆਗੂਆਂ ਦੇ ਗੁਨਾਹ ਪੰਥ ਅਤੇ ਪੰਜਾਬ ਦਾ ਘਾਣ ਕਰਨ ਬਾਬਤ ਗੱਦਾਰੀਆਂ ਅਤੇ ਬੇਈਮਾਨੀਆਂ ਨਾਲ ਭਰੇ ਹੋਏ ਹਨ ਅਤੇ ਇਨ੍ਹਾਂ ਗੁਨਾਹਾਂ ਦੀ ਸੂਚੀ ਬਹੁਤ ਵੱਡੀ ਹੈ। ਇਸ ਤੋਂ ਇਲਾਵਾ ਗੁਰੂ ਕੀਆਂ ਗੋਲਕਾਂ ਦੀ ਦੁਰਵਰਤੋਂ ਕੀਤੀ, ਪੰਥ ਦੀਆਂ ਸਿਰਮੌਰ ਸੰਸਥਾਵਾਂ ਨੂੰ ਪੰਥਕ ਲੀਹਾਂ ਤੋਂ ਲਾਹਿਆ, ਭਾਜਪਾ- ਆਰ.ਐੱਸ. ਐੱਸ ਦੀ ਪੰਥ ਦੀਆਂ ਸਿਰਮੌਰ ਸੰਸਥਾਵਾਂ ਅੰਦਰ ਘੁਸਪੈਠ ਕਰਵਾਈ ਪਰ ਜਥੇਦਾਰਾਂ ਵੱਲੋਂ ਨੇ ਬਾਦਲ ਦਲ ਦੇ ਆਗੂਆਂ ਨੂੰ ਸਜ਼ਾ ਘੱਟੋ ਘੱਟ ਸਜ਼ਾ ਲਾਈ ਹੈ ਜਦਕਿ ਉੱਨਾਂ ਨੂੰ ਪੰਥ ਚੋਂ ਛੇਕਣਾ ਚਾਹੀਦਾ ਸੀ ਜੋ ਕਿ ਜਥੇਦਾਰਾਂ ਦੀ ਬਹੁਤ ਵੱਡੀ ਗਲਤੀ ਹੈ।
ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਥੇਦਾਰਾਂ ਨੇ ਬਾਦਲਾਂ ਨੂੰ ਇੰਨੀ ਹਲਕੀ ਅਤੇ ਛੋਟੀ ਸੇਵਾ ਲਗਾ ਕੇ ਪੰਥਕ ਰਵਾਇਤਾਂ ਅਤੇ ਪੰਥਕ ਰਹੁ-ਰੀਤਾਂ ਦਾ ਘਾਣ ਕੀਤਾ ਹੈ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਹਸਤੀ ਨੂੰ ਛੋਟਾ ਕਰਨ ਦਾ ਯਤਨ ਕੀਤਾ ਹੈ। ਉੱਨਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਸਜ਼ਾ ਲਗਵਾਉਣ ਪਿੱਛੇ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਦਾ ਅਸਲ ਮਕਸਦ ਅਤੇ ਮਨੋਰਥ ਰਾਜਨੀਤਿਕ ਤੌਰ ‘ਤੇ ਮੁੜ ਤਾਕਤ ‘ਚ ਆਉਣ ਦਾ ਸੁਪਨਾ ਹੈ।
ਉੱਨਾਂ ਕਿਹਾ ਕਿ ਜਦ ਜਥੇਦਾਰਾਂ ਨੇ ਇੰਨੇ ਵੱਡੇ ਅਤੇ ਨਾ ਬਖਸ਼ਣਯੋਗ ਗੁਨਾਹਾਂ ਦੇ ਬਾਵਜੂਦ ਵੀ ਅਕਾਲੀ ਆਗੂਆਂ ਨੂੰ ਪੰਥ ਚੋਂ ਛੇਕਣ ਦੀ ਬਜਾਏ ਨੂੰ ਇੱਕ ਛੋਟੀ ਜਿਹੀ ਸਜ਼ਾ ਲਗਾ ਕੇ ਮੁਆਫ਼ ਕਰ ਦਿੱਤਾ ਤਾਂ ਫਿਰ ਪੰਥਕ ਜ਼ਜ਼ਬਾਤਾਂ ਦਾ ਉੱਠਣਾ ਲਾਜ਼ਮੀ ਅਤੇ ਸੁਭਾਵਿਕ ਸੀ ਜਿਸ ਕਰਕੇ ਭਾਈ ਨਾਰਾਇਣ ਸਿੰਘ ਚੌੜਾ ਨੇ ਸੁਖਬੀਰ ਬਾਦਲ ਨੂੰ ਸਜ਼ਾ-ਏ-ਮੌਤ ਦੇਣ ਦਾ ਯਤਨ ਕੀਤਾ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕਾਰਵਾਈ ਸੀ।
ਉੱਨਾਂ ਦੋਸ਼ ਲਾਇਆ ਕਿ ਬਾਦਲ ਦੇ ਮੋਹਰੀ ਲੀਡਰ ਬਿਕਰਮ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ ਅਤੇ ਸਰਬਜੀਤ ਸਿੰਘ ਝਿੰਜਰ ਵਲੋਂ ਵਾਰ-ਵਾਰ ਬਿਆਨਬਾਜ਼ੀ ਤੇ ਪਰੈੱਸ ਕਾਨਫਰੰਸਾਂ ਕਰਕੇ ਸਿੱਖ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਹੈ।
ਉਨਾਂ ਫੈਸਲਾ ਕੀਤਾ ਕਿ ਭਾਈ ਨਾਰਾਇਣ ਸਿੰਘ ਚੌੜਾ ਦੀ ਦਸਤਾਰ ਜਾਣ-ਬੁੱਝ ਕੇ ਉਤਾਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਪਠਾਨਕੋਟ ਤੋਂ ਯੂਥ ਆਗੂ ਤੇ ਮੁੱਖ ਬੁਲਾਰਾ ਜਸਪ੍ਰੀਤ ਸਿੰਘ ਰਾਣਾ ਜੇਕਰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਨਾ ਹੋਇਆ ਤਾਂ ਸਿੱਖ ਜਥੇਬੰਦੀਆਂ ਉਸ ਦਾ ਪਠਾਨਕੋਟ ਜਾ ਕੇ ਵਿਰੋਧ ਕਰਨਗੀਆਂ।
ਬੁਲਾਰਿਆਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਬਾਦਲ ਦਲ ਨਾਲ ਸੰਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਭਾਈ ਨਾਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਲਈ ਜਥੇਦਾਰ ਨੂੰ ਮੰਗ ਪੱਤਰ ਦੇਣਾ ਬਹੁਤ ਹੀ ਨੀਵੇਂ ਪੱਧਰ ਦੀ ਘਟੀਆ ਸੋਚ ਹੈ, ਜਿਸ ਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ।