ਨਵੀਂ ਦਿੱਲੀ 5 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਕੈਨੇਡਾ ਦੀ ਸਰਕਾਰ ਨੇ ਪਰਿਵਾਰਕ ਵੀਜ਼ੇ (ਫੈਮਲੀ ਕਲਾਸ ਸਟਰੀਮ) ਤਹਿਤ ਕਨੇਡਾ ਵਸਦੇ ਭਾਰਤੀਆਂ ਤੋਂ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਕਨੇਡਾ ਬੁਲਾਉਣ ਲਈ ਤਾਜ਼ਾ ਪਰਮਾਨੈਂਟ ਰੈਜ਼ੀਡੈਂਸੀ (ਪੀਆਰ) ਅਰਜ਼ੀਆਂ ਨੂੰ ਸਵੀਕਾਰ ਕਰਨਾ ਬੰਦ ਕਰ ਦਿੱਤਾ ਹੈ।
ਇਸ ਬਦਲਾਅ ਨੂੰ ਸ਼ੁੱਕਰਵਾਰ ਨੂੰ ਕੈਨੇਡਾ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਸੋਧ ਅਣਮਿੱਥੇ ਸਮੇਂ ਲਈ ਹੋਵੇਗੀ ਅਤੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ ਵੱਲੋਂ ਇਸ ਸਬੰਧੀ ਨਵੀਆਂ ਹਦਾਇਤਾਂ ਜਾਰੀ ਹੋਣ ਤੱਕ ਰੋਕ ਲਗਾ ਦਿੱਤੀ ਗਈ ਹੈ।
ਗਜ਼ਟ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ “ਇਹ ਹਦਾਇਤਾਂ ਇਹ ਯਕੀਨੀ ਬਣਾਉਣ ਲਈ ਜਾਰੀ ਕੀਤੀਆਂ ਹਨ ਕਿ 1 ਜਨਵਰੀ, 2025 ਤੋਂ ਕਿਸੇ ਸਪਾਂਸਰ ਦੇ ਮਾਪਿਆਂ ਜਾਂ ਦਾਦਾ-ਦਾਦੀ ਵੱਲੋਂ ਕੋਈ ਨਵੀਂ ਸਥਾਈ ਨਿਵਾਸੀ ਵੀਜ਼ਾ ਅਰਜ਼ੀਆਂ ਨਹੀਂ ਦਿੱਤੀਆਂ ਜਾਣ ਅਤੇ ਉਹਨਾਂ ਅਰਜ਼ੀਆਂ ਦੇ ਸਬੰਧ ਵਿੱਚ ਪ੍ਰਾਪਤ ਸਪਾਂਸਰਸ਼ਿਪ ਅਰਜ਼ੀਆਂ ਅਗਲੇ ਹੁਕਮਾਂ ਤੱਕ ਅੱਗੇ ਕਾਰਵਾਈ ਲਈ ਨਾ ਭੇਜੀਆਂ ਜਾਣ।”
ਪਰ ਕੈਨੇਡੀਅਨ ਨਾਗਰਿਕ ਅਤੇ ਸਥਾਈ ਨਿਵਾਸੀ ਉਹਨਾਂ ਪਰਿਵਾਰਿਕ ਮੈਂਬਰਾਂ ਨੂੰ ਸਪਾਂਸਰ ਕਰ ਸਕਦੇ ਹਨ ਅਤੇ ਉਹ ਸੁਪਰਵਾਈਜ਼ੇ ਲਈ ਅਰਜ਼ੀ ਦੇ ਸਕਣਗੇ ਜੋ ਕਿ ਇੱਕ ਲੰਬੇ ਸਮੇਂ ਲਈ ਮਲਟੀਪਲ-ਐਂਟਰੀ ਦਸਤਾਵੇਜ਼ ਹੁੰਦਾ ਹੈ।
ਨਾਗਰਿਕਤਾ ਅਤੇ ਇਮੀਗ੍ਰੇਸ਼ਨ ਵਿਭਾਗ, ਨੇ ਗਜ਼ਟ ਐਂਟਰੀ ਵਿੱਚ ਕਿਹਾ ਹੈ, ਕਿ ਇਸ ਸਬੰਧ ਵਿੱਚ ਸਿਰਫ ਸਾਲ 2024 ਵਿੱਚ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਪ੍ਰਕਿਰਿਆ ਸਾਲ 2024 ਵਿੱਚ ਨੇਪਰੇ ਚਾੜੀ ਜਾਵੇਗੀ।
ਅਜਿਹੀਆਂ ਸਪਾਂਸਰਸ਼ਿਪ ਅਰਜ਼ੀਆਂ ਦੀ ਗਿਣਤੀ ਦੀ 15,000 ਸੀਮਾ ਰੱਖੀ ਗਈ ਹੈ ਜੋ ਪ੍ਰਕਿਰਿਆ ਲਈ ਸਵੀਕਾਰ ਕੀਤੀਆਂ ਜਾਣਗੀਆਂ।
ਪਿਛਲੇ ਸਾਲ ਨਵੰਬਰ ਵਿੱਚ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ (ਆਈਆਰਸੀਸੀ) ਦੁਆਰਾ ਸੰਸਦ ਵਿੱਚ ਪੇਸ਼ ਕੀਤੀ ਗਈ ਸਾਲਾਨਾ ਰਿਪੋਰਟ ਦੇ ਅਨੁਸਾਰ, ਸਾਲ 2023 ਵਿੱਚ 28,313 ਵਿਅਕਤੀਆਂ (16,907 ਔਰਤਾਂ ਅਤੇ 11,406 ਪੁਰਸ਼) ਨੂੰ ਮਾਤਾ-ਪਿਤਾ ਅਤੇ ਦਾਦਾ-ਦਾਦੀ ਸ਼੍ਰੇਣੀ ਵਿੱਚ ਦਾਖਲਾ ਦਿੱਤਾ ਗਿਆ ਸੀ, ਜੋ ਕਿ 4% ਦੇ ਵਾਧੇ ਨੂੰ ਦਰਸਾਉਂਦਾ ਹੈ। ਸਾਲ 2022 – 2023 ਦੇ ਅੰਤ ਤੱਕ ਅਜਿਹੀਆਂ 40,000 ਤੋਂ ਵੱਧ ਸਪਾਂਸਰਸ਼ਿਪ ਅਰਜ਼ੀਆਂ ਵਿਭਾਗ ਕੋਲ ਲੰਬਿਤ ਹਨ ਅਤੇ 2024 ਦੇ ਅੰਕੜੇ ਅਜੇ ਉਪਲਬਧ ਨਹੀਂ ਹਨ।
ਸਾਲ 2023 ਵਿੱਚ ਵੀ IRCC ਨੇ ਮਾਪਿਆਂ ਅਤੇ ਦਾਦਾ-ਦਾਦੀ ਲਈ 73,113 ਸੁਪਰ ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਸੀ ਅਤੇ 2023 ਵਿੱਚ, ਪ੍ਰੋਸੈਸਿੰਗ ਸਮਾਂ ਸਾਲ 2022 ਵਿੱਚ 36 ਮਹੀਨਿਆਂ ਦੇ ਮੁਕਾਬਲੇ 24 ਮਹੀਨੇ ਸੀ।