ਟਰੰਪ ਨੇ ਭਾਰਤ-ਪਾਕਿ ਜੰਗ ਨੂੰ ਰੋਕਣ ਦੇ ਦਾਅਵੇ ਨੂੰ ਮੁੜ੍ਹ ਦੁਹਰਾਇਆ
ਵਾਸ਼ਿੰਗਟਨ, 22 ਅਕਤੂਬਰ, 2025 (ਫਤਿਹ ਪੰਜਾਬ ਬਿਊਰੋ) – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ੍ਹ ਜ਼ੋਰ ਦੇ ਕੇ ਕਿਹਾ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਹੋਏ ਫੌਜੀ ਟਕਰਾਅ ਨੂੰ ਇਕੱਲਿਆਂ ਹੀ “ਹੱਲ” ਕਰ ਦਿੱਤਾ ਅਤੇ ਨਾਲ ਹੀ ਦਾਅਵਾ ਕੀਤਾ ਹੈ ਕਿ ਇਸ ਜੰਗ ਦੌਰਾਨ ਸੱਤ ਜਹਾਜ਼ ਡੇਗੇ ਗਏ ਸਨ ਪਰ ਉਨ੍ਹਾਂ ਨੇ ਇਹ ਦੱਸਣ ਤੋਂ ਗੁਰੇਜ਼ ਕੀਤਾ ਕਿ ਕਿਸ ਪੱਖ ਦਾ ਇਹ ਨੁਕਸਾਨ ਹੋਇਆ ਹੈ।
ਐਤਵਾਰ ਨੂੰ ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ‘ਤੇ ਦੰਡਕਾਰੀ ਟੈਰਿਫ ਲਗਾਉਣ ਦੀ ਉਨ੍ਹਾਂ ਦੀ ਧਮਕੀ ਨੇ ਦੋ ਪ੍ਰਮਾਣੂ ਹਥਿਆਰਬੰਦ ਗੁਆਂਢੀ ਮੁਲਕਾਂ ਨੂੰ ਆਪਸੀ ਟਕਰਾਅ ਰੋਕਣ ਲਈ ਮਜਬੂਰ ਕੀਤਾ।
ਟਰੰਪ ਨੇ ਕਿਹਾ ਕਿ ਟੈਰਿਫ ਦੀ ਧਮਕੀ ਨੇ ਭਾਰਤ ਅਤੇ ਪਾਕਿਸਤਾਨ, ਦੋ ਪ੍ਰਮਾਣੂ ਦੇਸ਼ਾਂ ਨੂੰ ਜੰਗ ‘ਤੇ ਵਧਣ ਤੋਂ ਰੋਕਿਆ। ਸੱਤ ਜਹਾਜ਼ ਡੇਗੇ ਗਏ ਜੋ ਬਹੁਤ ਜ਼ਿਆਦਾ ਹੈ ਅਤੇ ਇਹ ਇੱਕ ਪ੍ਰਮਾਣੂ ਯੁੱਧ ਹੋ ਸਕਦਾ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਉਨ੍ਹਾਂ ਦੇ ਵਿਚੋਲਗੀ ਯਤਨਾਂ ਲਈ ਨਿੱਜੀ ਤੌਰ ‘ਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਉਸਨੇ ਕਿਹਾ “ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਅਸਲ ਵਿੱਚ ਕਿਹਾ, ਰਾਸ਼ਟਰਪਤੀ ਟਰੰਪ ਨੇ ਇਹ ਉੱਦਮ ਕਰਕੇ ਲੱਖਾਂ ਜਾਨਾਂ ਬਚਾਈਆਂ।”
ਆਪਣੇ ਦਖਲ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ ਟਰੰਪ ਨੇ ਕਿਹਾ ਕਿ ਉਸਨੇ ਨਵੀਂ ਦਿੱਲੀ ਅਤੇ ਇਸਲਾਮਾਬਾਦ ਦੋਵਾਂ ਨੂੰ ਵਪਾਰਕ ਪਾਬੰਦੀਆਂ ਦੀ ਚੇਤਾਵਨੀ ਦਿੱਤੀ ਸੀ ਜੇਕਰ ਉਹ ਤਣਾਅ ਘਟਾਉਣ ਵਿੱਚ ਅਸਫਲ ਰਹਿੰਦੇ ਹਨ। “ਮੈਂ ਦੋਵਾਂ ਦੇਸ਼ਾਂ ਨੂੰ ਕਿਹਾ, ‘ਅਸੀਂ 200 ਪ੍ਰਤੀਸ਼ਤ ਟੈਰਿਫ ਲਗਾਉਣ ਜਾ ਰਹੇ ਹਾਂ, ਜਿਸ ਨਾਲ ਤੁਹਾਡੇ ਲਈ ਸੌਦਾ ਕਰਨਾ ਔਖਾ ਹੋ ਜਾਵੇਗਾ ਅਤੇ ਅਸੀਂ ਤੁਹਾਡੇ ਨਾਲ ਵਪਾਰ ਨਹੀਂ ਕਰਾਂਗੇ। ਇਸ ਤਰ੍ਹਾਂ 24 ਘੰਟਿਆਂ ਬਾਅਦ, ਮੈਂ ਜੰਗ ਦਾ ਨਿਪਟਾਰਾ ਕਰ ਦਿੱਤਾ।”
10 ਮਈ ਤੋਂ ਟਰੰਪ ਨੇ ਵਾਰ-ਵਾਰ ਦੋਵਾਂ ਵਿਰੋਧੀ ਦੇਸ਼ਾਂ ਵਿਚਕਾਰ ਸ਼ਾਂਤੀ ਲਈ ਵਿਚੋਲਗੀ ਕਰਨ ਦਾ ਸਿਹਰਾ ਲੈਣ ਦਾ ਦਾਅਵਾ ਵਾਰ ਵਾਰ ਕੀਤਾ ਹੈ ਪਰ ਭਾਰਤ ਨੇ ਲਗਾਤਾਰ ਅਜਿਹੇ ਦਾਅਵਿਆਂ ਨੂੰ ਖਾਰਜ ਕੀਤਾ ਹੈ ਤੇ ਕਿਹਾ ਕਿ 7 ਮਈ ਨੂੰ ਸ਼ੁਰੂ ਹੋਈ ਲੜਾਈ (ਆਪ੍ਰੇਸ਼ਨ ਸਿੰਦੂਰ) ਦਾ ਅੰਤ ਬਿਨਾਂ ਕਿਸੇ ਬਾਹਰੀ ਵਿਚੋਲਗੀ ਤੋਂ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (DGMOs) ਵਿਚਕਾਰ ਸਿੱਧੀ ਗੱਲਬਾਤ ਦੌਰਾਨ ਹੋਇਆ ਸੀ।