ਬਰਮਿੰਘਮ, 1 ਦਸੰਬਰ 2024 (ਫਤਿਹ ਪੰਜਾਬ) ਤਤਕਾਲੀ ਭਾਰਤ ਸਰਕਾਰ ਦੇ ਆਦੇਸ਼ਾਂ ‘ਤੇ ਭਾਰਤੀ ਫੌਜ ਵਲੋਂ ਜੂਨ 1984 ਵਿਚ ਸਾਕਾ ਨੀਲਾ ਤਾਰਾ ਹੇਠ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਅਨੇਕਾਂ ਹੋਰ ਗੁਰਦੁਆਰਾ ਸਾਹਿਬਾਨਾਂ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਬਰਤਾਨੀਆਂ ਦੀ ਤਤਕਾਲੀ ਸਰਕਾਰ ਦੀ ਚਰਚਿਤ ਭੂਮਿਕਾ ਲੰਮੇਂ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਬਾਰੇ ਲੇਬਰ ਸਰਕਾਰ ਨੇ ਬੀਤੇ ਕਈ ਵਰ੍ਹੇ ਵਿਰੋਧੀ ਧਿਰ ਵਿਚ ਰਹਿੰਦਿਆਂ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਜਾਂਚ ਦੀ ਮੰਗ ਜਾਰੀ ਰੱਖੀ ਸੀ, ਜਿਸਨੂੰ ਬਾਅਦ ਵਿੱਚ ਆਪਣੇ ਚੋਣ ਮਨੋਰਥ ਪੱਤਰ ਦਾ ਹਿੱਸਾ ਵੀ ਬਣਾਇਆ ਗਿਆ ਸੀ ਲੇਕਿਨ ਹੁਣ ਲੇਬਰ ਪਾਰਟੀ ਦੀ ਸਰਕਾਰ ਬਣਿਆਂ ਕਈ ਮਹੀਨੇ ਹੋ ਚੁੱਕੇ ਹਨ, ਪਰ ਸਰਕਾਰ ਵਲੋਂ ਉਕਤ ਮਾਮਲੇ ਵੱਲ ਕੋਈ ਤਵੱਜੋਂ ਨਹੀਂ ਦਿੱਤੀ ਜਾ ਰਹੀ।
ਮੌਜੂਦਾ ਲੇਬਰ ਸਰਕਾਰ ਦੀ ਇਸ ਚੁੱਪ ‘ਤੇ ਬਰਤਾਨੀਆ ਦੇ ਸਿੱਖਾਂ ਵਲੋਂ ਸਵਾਲ ਉਠਾਏ ਜਾ ਰਹੇ ਹਨ। ਬਰਮਿੰਘਮ ਸਿਟੀ ਕੌਂਸਲ ਦੇ ਲੀਡਰ ਕੌਂਸਲਰ ਜੌਹਨ ਕੌਟਨ ਨੇ ਬਰਤਾਨੀਆਂ ਦੀ ਡਿਪਟੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਦੇ ਘੱਲੂਘਾਰੇ ਨੂੰ 40 ਸਾਲ ਬੀਤ ਗਏ ਹਨ, ਭਾਰਤੀ ਫੌਜ ਵਲੋਂ ਸਿੱਖਾਂ ਦੇ ਸਰਵ ਉੱਚ ਅਸਥਾਨ ‘ਤੇ ਕੀਤੇ ਹਮਲੇ ਵਿਚ ਸੈਂਕੜੇ ਨਾਗਰਿਕ ਮਾਰੇ ਗਏ ਸਨ, ਸਿੱਖਾਂ ਦੀ ਇਤਿਹਾਸਕ ਇਮਾਰਤ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਸੀ ਤੇ ਇਤਿਹਾਸਕ ਲਿਖਤਾਂ ਤਬਾਹ ਕਰ ਦਿੱਤੀਆਂ ਸਨ।
ਜੌਹਨ ਕੌਟਨ ਨੇ ਲਿਖਿਆ ਕਿ ਬਰਮਿੰਘਮ ਸ਼ਹਿਰ ਸਿੱਖਾਂ ਦਾ 65 ਸਾਲਾਂ ਤੋਂ ਵੱਧ ਸਮੇਂ ਤੋਂ ਘਰ ਹੈ, ਜਿਸ ਲਈ ਸਿੱਖਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਜੂਨ 1984 ਦੀਆਂ ਘਟਨਾਵਾਂ ਨੇ ਸਿੱਖਾਂ ਖਿਲਾਫ ਹਿੰਸਾ, ਤਸ਼ੱਦਦ, ਜਬਰਦਸਤੀ ਲਾਪਤਾ ਕਰਨ ਸਮੇਤ ਸਿੱਖ ਵਿਰੋਧੀ ਹਿੰਸਾ ਨੂੰ ਪ੍ਰੇਰਿਤ ਕੀਤਾ। ਸਾਲ 1984 ਤੋਂ 1995 ਤੱਕ ਭਾਰਤ ਵਿਚ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਇਨਸਾਫ ਨਾ ਮਿਲਣ ਕਾਰਨ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਹੈ। ਉਨ੍ਹਾਂ ਲੇਬਰ ਸਰਕਾਰ ਤੋਂ ਮੰਗ ਕੀਤੀ ਕਿ ਸਾਕਾ ਨੀਲਾ ਤਾਰਾ ਵਿਚ ਬਰਤਾਨੀਆਂ ਦੀ ਭੂਮਿਕਾ ਸਬੰਧੀ ਜਲਦੀ ਤੋਂ ਜਲਦੀ ਨਿਰਪੱਖ ਜਾਂਚ ਕਰਵਾਈ ਜਾਵੇ।
