ਨਵੀਂ ਦਿੱਲੀ, 14 ਮਈ 2024 (ਫਤਿਹ ਪੰਜਾਬ) ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ’ਤੇ ਕਥਿਤ ਤੌਰ ’ਤੇ ਕੁੱਟਮਾਰ ਦੇ ਮੁੱਦੇ ’ਤੇ ਭਾਜਪਾ ਦੇ ਕੌਂਸਲਰਾਂ ਦੇ ਹੰਗਾਮੇ ਤੋਂ ਬਾਅਦ ਦਿੱਲੀ ਨਗਰ ਨਿਗਮ (ਐਮਸੀਡੀ) ਸਦਨ ਦੀ ਕਾਰਵਾਈ ਅੱਜ ਬਿਨਾਂ ਕਿਸੇ ਚਰਚਾ ਦੇ ਮੁਲਤਵੀ ਕਰ ਦਿੱਤੀ ਗਈ। ਇਸ ਦੌਰਾਨ ਭਾਜਪਾ ਦੇ ਕੌਂਸਲਰਾਂ ਨੇ ਤਖ਼ਤੀਆਂ ਫੜ੍ਹ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। 

ਸਦਨ ਦੇ ਮੁਲਤਵੀ ਹੋਣ ਤੋਂ ਕੁਝ ਘੰਟਿਆਂ ਬਾਅਦ, ਦਿੱਲੀ ਦੇ ਮੇਅਰ ਸ਼ੈਲੀ ਓਬਰਾਏ ਨੇ ਕਿਹਾ ਕਿ ਭਾਜਪਾ ਦੇ ਸਾਰੇ ਕੌਂਸਲਰਾਂ ਨੇ ਸਦਨ ਦੇ ਅੰਦਰ ਹੰਗਾਮਾ ਕੀਤਾ ਅਤੇ ਉਨ੍ਹਾਂ ਐਮ.ਸੀ.ਡੀ. ਦੇ ਮੁੱਦਿਆਂ ’ਤੇ ਕੋਈ ਚਰਚਾ ਨਹੀਂ ਹੋਣ ਦਿੱਤੀ।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਨੇਤਾ ਤੇ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸੋਮਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਉਨ੍ਹਾਂ ਦੇ ਕਰੀਬੀ ਰਿਸ਼ਵ ਕੁਮਾਰ ‘ਤੇ ਉਸ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਸੀ। 

ਸੂਤਰਾਂ ਮੁਤਾਬਿਕ ਮਾਲੀਵਾਲ ਨੇ ਸਵੇਰੇ ਕਰੀਬ 10 ਵਜੇ ਮੁੱਖ ਮੰਤਰੀ ਨਿਵਾਸ ਤੋਂ ਇਸ ਸਬੰਧੀ ਪੀਸੀਆਰ ਨੂੰ ਫੋਨ ਕਾਲ ਕੀਤੀ ਸੀ ਜਿਸ ਤੋਂ ਬਾਅਦ ਦਿੱਲੀ ਪੁਲਿਸ ਸਿਵਲ ਲਾਈਨ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਪਹੁੰਚੀ। ਉਪਰੰਤ ਉਹ ਥਾਣੇ ਵੀ ਪਹੁੰਚੀ ਪਰ ਸਵਾਤੀ ਨੇ ਅਜੇ ਤਕ ਇਸ ਸਬੰਧੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ। 

ਪ੍ਰੋਟੋਕੋਲ ਮੁਤਾਬਿਕ ਦਿੱਲੀ ਪੁਲਿਸ ਮੁੱਖ ਮੰਤਰੀ ਹਾਊਸ ਦੇ ਅੰਦਰ ਨਹੀਂ ਜਾ ਸਕਦੀ। PCR ਕਾਲ ਦਾ ਸੱਚ ਕੀ ਹੈ ? ਪੁਲਿਸ ਇਸ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ। ਵਿਸ਼ੇਸ਼ ਕਮਿਸ਼ਨਰ (ਕਾਨੂੰਨ ਵਿਵਸਥਾ) ਰਵਿੰਦਰ ਸਿੰਘ ਯਾਦਵ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

Skip to content