ਸਿੱਖਾਂ ਨੇ ਵੀ ਗੁਰਦੁਆਰਿਆਂ ਨੂੰ ਸਰਕਾਰੀ ਕੰਟਰੋਲ ਤੋਂ ਮੁਕਤ ਕਰਨ ਦੀ ਕੀਤੀ ਮੰਗ
ਨਵੀਂ ਦਿੱਲੀ 28 ਦਸੰਬਰ 2024 (ਫਤਿਹ ਪੰਜਾਬ ਬਿਊਰੋ) Vishav Hindu Parishad ਵਿਸ਼ਵ ਹਿੰਦੂ ਪ੍ਰੀਸ਼ਦ ਨੇ ਮੰਦਰਾਂ ਨੂੰ ਸਰਕਾਰੀ ਨਿਯੰਤਰਣ ਤੋਂ “ਮੁਕਤ” ਕਰਨ ਲਈ ਇੱਕ ਦੇਸ਼ ਵਿਆਪੀ “ਜਨ-ਜਾਗਰਣ” ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਪ੍ਰੀਸ਼ਦ ਦੇ ਜਥੇਬੰਦਕ ਜਨਰਲ ਸਕੱਤਰ ਮਿਲਿੰਦ ਪਰਾਂਦੇ ਨੇ ਹਿੰਦੂ ਭਾਈਚਾਰੇ ਦੇ ਵਿਰੁੱਧ “ਪੱਖਪਾਤੀ ਪ੍ਰਥਾਵਾਂ” ਨੂੰ ਖਤਮ ਕਰਨ ਦੀ ਮੰਗ ਕੀਤੀ ਹੈ।
ਪਰਾਂਦੇ ਨੇ ਕਿਹਾ, “ਭਾਰਤ ਦੀ ਆਜ਼ਾਦੀ ਦੇ ਬਾਵਜੂਦ, ਹਿੰਦੂ ਮੰਦਰਾਂ ‘ਤੇ ਸਰਕਾਰੀ ਕੰਟਰੋਲ ਜਾਰੀ ਹੈ, ਜਦੋਂ ਕਿ ਚਰਚ ਅਤੇ ਮਸਜਿਦਾਂ ਅਜਿਹੀ ਨਿਗਰਾਨੀ ਤੋਂ ਮੁਕਤ ਹਨ,”। ਹਿੰਦੂ ਪ੍ਰੀਸ਼ਦ ਦੇ ਨੇਤਾ ਨੇ ਕਿਹਾ, “ਇਕੱਲੇ 11 ਰਾਜਾਂ ਵਿੱਚ, 20,000 ਤੋਂ 50,000 ਮੰਦਰ ਸਰਕਾਰਾਂ ਦੇ ਕੰਟਰੋਲ ਵਿੱਚ ਹਨ। ਇਹ ਇੱਕ ਵੱਡੀ ਚੁਣੌਤੀ ਹੈ, ਹਿੰਦੂ ਮੰਦਰਾਂ ਦਾ ਪ੍ਰਬੰਧ ਹਿੰਦੂ ਭਾਈਚਾਰੇ ਨੂੰ ਖੁਦ ਕਰਨਾ ਚਾਹੀਦਾ ਹੈ।”
ਉਸਨੇ ਦੱਸਿਆ ਕਿ ਇਹ ਮੁਹਿੰਮ 5 ਜਨਵਰੀ ਨੂੰ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਇੱਕ ਵਿਸ਼ਾਲ ਇਕੱਠ (‘ਹੈੰਦਵ ਸ਼ੰਖਾਰਾਵਮ’) ਕਰਕੇ ਸ਼ੁਰੂ ਕੀਤੀ ਜਾਵੇਗੀ ਜਿਸ ਦੌਰਾਨ 2,000 ਤੋਂ ਵੱਧ ਪਿੰਡਾਂ ਤੱਕ ਪਹੁੰਚ ਕੀਤੀ ਗਈ ਹੈ ਅਤੇ 2,00,000 ਤੋਂ ਵੱਧ ਲੋਕਾਂ ਨੇ ਪ੍ਰੋਗਰਾਮ ਲਈ ਰਜਿਸਟਰ ਕੀਤਾ ਹੈ।
VHP ਨੇ ਮੰਦਰਾਂ ਦੇ ਪ੍ਰਬੰਧ ਚਲਾਉਣ ਲਈ ਤਜਵੀਜ਼ ਤਿਆਰ ਕਰਨ ਵਾਸਤੇ ਸੁਪਰੀਮ ਕੋਰਟ ਦੇ ਵਕੀਲਾਂ, ਸੇਵਾਮੁਕਤ ਮੁੱਖ ਜੱਜਾਂ ਅਤੇ ਵੱਡੇ ਸਾਧੂਆਂ ਨੂੰ ਸ਼ਾਮਲ ਕਰਨ ਲਈ ਇੱਕ ਥਿੰਕ-ਟੈਂਕ ਦਾ ਗਠਨ ਕੀਤਾ ਹੈ। ਇਹ ਗਰੁੱਪ ਰਾਜ ਅਤੇ ਜ਼ਿਲ੍ਹਾ-ਪੱਧਰੀ ‘ਧਾਰਮਿਕ ਕੌਂਸਲਾਂ ਸਮੇਤ ਅਕੇਂਦਰੀਕ੍ਰਿਤ ਢਾਂਚੇ ਦੀ ਰੂਪਰੇਖਾ ਤਿਆਰ ਕਰੇਗਾ। ਪਰਾਂਦੇ ਨੇ ਕਿਹਾ, “ਇਹ ਰਾਜ ਪੱਧਰੀ ਪ੍ਰਬੰਧਕੀ ਕੌਂਸਲਾਂ ਮੰਦਰਾਂ ਦੇ ਖੁਦਮੁਖਤਿਆਰੀ ਪ੍ਰਬੰਧ ਸਮੇਤ ਧਾਰਮਿਕ ਅਤੇ ਸਮਾਜਿਕ ਸੇਵਾ ਲਈ ਉਹਨਾਂ ਦੇ ਮਾਇਕ ਸਰੋਤਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣਗੀਆਂ।”
ਸਿੱਖਾਂ ਵੱਲੋਂ ਵੀ ਗੁਰਦੁਆਰਿਆਂ ਨੂੰ ਸਰਕਾਰੀ ਕੰਟਰੋਲ ਤੋਂ ਮੁਕਤ ਕਰਨ ਦੀ ਮੰਗ
ਦੱਸ ਦੇਈਏ ਕਿ ‘ਗਲੋਬਲ ਸਿੱਖ ਕੌਂਸਲ’ ਨੇ ਵੀ ਪਿਛਲੇ ਦਿਨੀ ਇਕ ਮਤੇ ਰਾਹੀਂ ਬਿਹਾਰ ਅਤੇ ਮਹਾਰਾਸ਼ਟਰ ਦੀਆਂ ਰਾਜ ਸਰਕਾਰਾਂ ਤੋਂ ਕ੍ਰਮਵਾਰ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਕੰਟਰੋਲ ਸਿੱਖਾਂ ਨੂੰ ਵਾਪਸ ਕਰਨ ਦੀ ਮੰਗ ਕੀਤੀ ਸੀ।
ਗਲੋਬਲ ਸਿੱਖ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਡਾ: ਕੰਵਲਜੀਤ ਕੌਰ ਨੇ ਵਿਸ਼ਵ-ਵਿਆਪੀ ਸਿੱਖ ਭਾਈਚਾਰੇ ਨੂੰ ਦੋਵਾਂ ਸਰਕਾਰਾਂ ਦੇ ਗੈਰਕਾਨੂੰਨੀ ਕੰਟਰੋਲ ਤੋਂ ਇਨ੍ਹਾਂ ਪਵਿੱਤਰ ਤਖ਼ਤਾਂ ਨੂੰ ਆਜ਼ਾਦ ਕਰਵਾਉਣ ਅਤੇ ਮੁੜ ਪ੍ਰਾਪਤ ਕਰਨ ਲਈ ਨਿਰਣਾਇਕ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਹੋਰ ਵਿਸਥਾਰ ਜਾਣਕਾਰੀ ਲਈ ਪੜ੍ਹੋ ਇਹ ਖਬਰ 👇