Skip to content

ਨਵੀਂ ਦਿੱਲੀ 9 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਹਾਰਨ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਬਤੌਰ MLA ਆਪਣੀ ਸੀਟ ਗੁਆਉਣ ‘ਤੇ ਬਹੁਤ ਖੁਸ਼ੀ ਮਹਿਸੂਸ ਕੀਤੀ ਪਰ ਖੁਦ ਚੋਣ ਮੈਦਾਨ ਵਿੱਚੋਂ ਬਾਹਰ ਰਹਿ ਕੇ ਰਾਸ਼ਟਰੀ ਰਾਜਧਾਨੀ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵਾਧੂ ‘ਸਿਆਸੀ ਪਿੜ’ ਸੌਂਪ ਦਿੱਤਾ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਿਰੁੱਧ ਸਰਗਰਮੀ ਨਾਲ ਪ੍ਰਚਾਰ ਕੀਤਾ ਪਰ ਫਿਰ ਵੀ ਅਕਾਲੀ ਦਲ ਤੋਂ ਪਲਟੀ ਮਾਰ ਕੇ ਗਏ ਰਾਜੌਰੀ ਗਾਰਡਨ ਤੋਂ ਇਸ ਭਾਜਪਾਈ ਉਮੀਦਵਾਰ ਨੇ 18,190 ਵੋਟਾਂ ਨਾਲ ਫੈਸਲਾਕੁੰਨ ਜਿੱਤ ਪ੍ਰਾਪਤ ਕੀਤੀ ਹੈ ਜਿਸ ਤੋਂ ਸਾਫ਼ ਹੈ ਕਿ ਸਿੱਖ ਵੋਟਰਾਂ ਦੇ ਇੱਕ ਮਹੱਤਵਪੂਰਨ ਹਿੱਸੇ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ। 52 ਸਾਲਾ ਸਿਰਸਾ ਤੀਜੀ ਵਾਰ ਵਿਧਾਇਕ ਚੁਣੇ ਗਏ ਹਨ।

ਉਨ੍ਹਾਂ ਦੇ ਆਮ ਪ੍ਰਚਾਰਕਾਂ ਵਿੱਚ ਡੀਐਸਜੀਐਮਸੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਉਨ੍ਹਾਂ ਦਾ ਧੜਾ ਸ਼ਾਮਲ ਸੀ ਜਿਨ੍ਹਾਂ ਨੇ ਭਾਜਪਾ ਨਾਲ ਗੱਠਜੋੜ ਕਰਕੇ ਦਿੱਲੀ ਦੇ ਕਈ ਹਲਕਿਆਂ ਵਿੱਚ ਇਸਦੇ ਉਮੀਦਵਾਰਾਂ ਦਾ ਖੁੱਲ੍ਹਾ ਸਮਰਥਨ ਕੀਤਾ। ਭਾਜਪਾ ਵੱਲੋਂ ਖੜ੍ਹੇ ਸਿੱਖ ਉਮੀਦਵਾਰਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਭਾਜਪਾ ਦੇ ਰਾਸ਼ਟਰੀ ਸਕੱਤਰ ਸਿਰਸਾ ਨੇ ਰਾਜੌਰੀ ਗਾਰਡਨ, ਤਰਵਿੰਦਰ ਸਿੰਘ ਮਰਵਾਹਾ ਨੇ ਜੰਗਪੁਰਾ ਅਤੇ ਅਰਵਿੰਦਰ ਸਿੰਘ ਲਵਲੀ ਗਾਂਧੀ ਨਗਰ ਹਲਕੇ ਤੋਂ ਜੇਤੂ ਰਹੇ। ਇਸ ਦੌਰਾਨ ‘ਆਪ’ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਚਾਰ ਸਿੱਖ ਉਮੀਦਵਾਰਾਂ ਵਿੱਚੋਂ ਸਿਰਫ਼ ਦੋ ਉਮੀਦਵਾਰਾਂ- ਜਰਨੈਲ ਸਿੰਘ ਤਿਲਕ ਨਗਰ ਤੋਂ ਅਤੇ ਪੁਨਰਦੀਪ ਸਿੰਘ ਸਾਹਨੀ ਚਾਂਦਨੀ ਚੌਕ ਤੋਂ ਜਿੱਤੇ ਹਨ। ਉਧਰ ਕਾਂਗਰਸ ਵੱਲੋਂ ਚੋਣ ਲੜਨ ਵਾਲੇ ਚਾਰੇ ਸਿੱਖ ਉਮੀਦਵਾਰ ਚੋਣ ਹਾਰ ਗਏ। 

ਦਸੰਬਰ 2021 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਥੋੜ੍ਹੀ ਦੇਰ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਸਿਰਸਾ ਦਿੱਲੀ ਦੇ ਰਾਜਨੀਤਿਕ ਪਿੜ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਇੱਕ ਮਹੱਤਵਪੂਰਨ ਹਸਤੀ ਸੀ। ਉਸ ਦੇ ਜਾਣ ਨਾਲ ਬਾਦਲ ਪਰਿਵਾਰ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਜੋਂ ਸੇਵਾ ਨਿਭਾਅ ਚੁੱਕੇ ਸਨ ਅਤੇ ਪਾਰਟੀ ਮਾਮਲਿਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਸੀ। 

ਸਾਲ 2021 ਵਿੱਚ ਡੀਐਸਜੀਐਮਸੀ ਚੋਣ ਹਾਰਨ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਵੋਟਿੰਗ ਵਾਲੇ ਦਿਨ ਹੀ ਉਨ੍ਹਾਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਵਿੱਚ ਤੁਰੰਤ ਆਪਣਾ ਪ੍ਰਤੀਨਿਧੀ ਨਾਮਜ਼ਦ ਕਰ ਦਿੱਤਾ ਸੀ। ਸਿਰਸੇ ਨੇ ਭਾਜਪਾ ਵਿੱਚ ਸ਼ਾਮਲ ਹੋਣ ਪਿੱਛੋਂ ਦਿੱਲੀ ਵਿੱਚ ਅਕਾਲੀ ਦਲ ਨੂੰ ਖੋਰਾ ਲਾਇਆ ਅਤੇ ਭਾਜਪਾ ਨੇ ਉਸ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਸਿੱਖ ਪ੍ਰਚਾਰਕ ਚਿਹਰੇ ਵਜੋਂ ਪੇਸ਼ ਕਰਕੇ ਰਵਾਇਤੀ ਅਕਾਲੀ ਦਲ ਤੇ ਆਪ ਪਾਰਟੀ ਵਿਰੁੱਧ ਪ੍ਰਚਾਰ ਕਰਵਾਇਆ। ਇੱਥੋਂ ਤੱਕ ਕਿ ਚੋਣਾਂ ਵਿੱਚ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਨਾ ਹੋਣ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ। 

ਸਾਲ 2022 ਦੀਆਂ ਪੰਜਾਬ ਚੋਣਾਂ ਵਿੱਚ ਭਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਜਾਰੀ ਰਿਹਾ ਜਿਸ ਕਰਕੇ ਡੀਐਸਜੀਐਮਸੀ ਦੇ ਪ੍ਰਧਾਨ ਕਾਲਕਾ ਅਤੇ ਕਈ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜ ਲਿਆ ਅਤੇ ਇੱਕ ਨਵੀਂ ਗੈਰ-ਰਾਜਨੀਤਿਕ ਸਿੱਖ ਸੰਸਥਾ ਬਣਾਈ ਜੋ ਸਿਰਫ਼ ਗੁਰਦੁਆਰਾ ਮਾਮਲਿਆਂ ‘ਤੇ ਕੇਂਦ੍ਰਿਤ ਹੈ। 

ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਦਿੱਲੀ ਵਿੱਚ ਆਪਣੇ ਵਿਰੋਧੀਆਂ ਤੇ ਦਿੱਲ਼ੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨਾਂ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨਾਲ ਗੱਠਜੋੜ ਬਣਾ ਕੇ ਆਪਣਾ ਪ੍ਰਭਾਵ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਸਾਂਝੀ ਮੁਹਿੰਮ ਦੇ ਬਾਵਜੂਦ ਸਿਰਸਾ ਜਿੱਤ ਗਿਆ।

ਹੁਣ ਭਾਜਪਾ ਵਿੱਚ ਅਤੇ ਰਾਜਧਾਨੀ ਅੰਦਰ ਸਿਰਸੇ ਦੇ ਵਧੇ ਰਾਜਸੀ ਕੱਦ ਨੂੰ ਦੇਖਦਿਆਂ ਭਾਜਪਾ ਵੱਲੋਂ ਮੁੜ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿੱਖ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਉਸ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਜੇਕਰ ਇੰਨਾਂ ਚੋਣਾਂ ਵਿੱਚ ਭਾਜਪਾ ਨਾਲ ਗੱਠਜੋੜ ਨਾ ਹੋਇਆ ਤਾਂ ਪੁਰਾਣੇ ਭਾਈਵਾਲ਼ ਇਸ ਸਾਬਕਾ ਅਕਾਲੀ ਆਗੂ ਦਿੱਲੀ ਦੇ ਹੋਰ ਮੁੱਖ ਸਿੱਖ ਆਗੂਆਂ ਨੂੰ ਨਾਲ ਲੈਕੇ ਆਪਣੀ ਪੁਰਾਣੀ ਪਾਰਟੀ ਨੂੰ ਹਰਾਉਣ ਲਈ ਮੁੜ ਵਾਹ ਲਾ ਸਕਦੇ ਹਨ। 

error: Content is protected !!