ਡੋਪਿੰਗ ਰੋਕੂ ਏਜੰਸੀ ਨੇ ਨਮੂਨੇ ਨਾ ਦੇਣ ‘ਤੇ ਦਿੱਤਾ ਨੋਟਿਸ, 11 ਜੁਲਾਈ ਤੱਕ ਜਵਾਬ ਮੰਗਿਆ
ਨਵੀਂ ਦਿੱਲੀ 23 ਜੂਨ 2024 (ਫਤਿਹ ਪੰਜਾਬ) ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ Wrestler Bajrang Punia ਪਹਿਲਵਾਨ ਬਜਰੰਗ ਪੂਨੀਆ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ 11 ਜੁਲਾਈ ਤੱਕ ਜਵਾਬ ਦੇਣ ਲਈ ਨੋਟਿਸ ਵੀ ਭੇਜਿਆ ਹੈ।
ਯਾਦ ਰਹੇ ਕਿ ਮਾਰਚ ਵਿਚ ਸੋਨੀਪਤ ’ਚ ਹੋਏ ਰਾਸ਼ਟਰੀ ਟਰਾਇਲਾਂ ਦੌਰਾਨ ਬਜਰੰਗ ਪੂਨੀਆ ਵੱਲੋਂ ਡੋਪ ਟੈਸਟ ਲਈ ਆਪਣਾ ਸੈਂਪਲ ਨਾ ਦਿੱਤੇ ਜਾਣ ਤੋਂ ਬਾਅਦ ਨਾਡਾ ਨੇ ਇਹ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ 5 ਮਈ ਨੂੰ ਵੀ ਨਾਡਾ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਸੀ।
ਜਦੋਂ ਪਿਛਲੀ ਵਾਰ ਨਾਡਾ ਨੇ ਬਜਰੰਗ ਨੂੰ ਮੁਅੱਤਲ ਕੀਤਾ ਸੀ, ਤਾਂ ਅਨੁਸ਼ਾਸਨੀ ਪੈਨਲ ਦੁਆਰਾ ਉਸ ਦੀ ਮੁਅੱਤਲੀ ਨੂੰ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਨੂੰ ਨੋਟਿਸ ਜਾਰੀ ਨਹੀਂ ਕੀਤਾ ਗਿਆ ਸੀ। ਹੁਣ ਨਾਡਾ ਨੇ ਬਜਰੰਗ ਪੂਨੀਆ ਨੂੰ ਮੁਅੱਤਲੀ ਦੇ ਨਾਲ-ਨਾਲ ਨੋਟਿਸ ਵੀ ਜਾਰੀ ਕੀਤਾ ਹੈ।
10 ਮਾਰਚ ਨੂੰ ਓਲੰਪਿਕ ਖੇਡਾਂ ਵਿਚ ਭਾਗ ਲੈਣ ਲਈ ਏਸ਼ੀਆਈ ਕੁਆਲੀਫਾਇਰ ਦੇ ਕੌਮੀ ਟਰਾਇਲਾਂ ਦੌਰਾਨ ਨਾਡਾ ਨੇ ਬਜਰੰਗ ਨੂੰ ਆਪਣਾ ਨਮੂਨਾ ਦੇਣ ਲਈ ਕਿਹਾ ਸੀ। ਪਰ, ਬਜਰੰਗ ਨੇ ਨਮੂਨੇ ਦੇਣ ਤੋਂ ਇਨਕਾਰ ਕਰ ਦਿੱਤਾ।
ਪੂਨੀਆ ਸਮੇਤ ਕੁੱਝ ਹੋਰ ਪਹਿਲਵਾਨਾਂ ਨੇ Wrestling Federation of India (WFI) ਦੇ ਸਾਬਕਾ ਪ੍ਰਧਾਨ ਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਿੰਘ ‘ਤੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਉਦੋਂ ਬਜਰੰਗ ਪੂਨੀਆ, ਵਿਨੇਸ਼ ਫੋਗਟ ਅਤੇ ਸਾਕਸ਼ੀ ਮਲਿਕ ਦੀ ਅਗਵਾਈ ਹੇਠ ਇਸ ਸਬੰਧੀ ਪਹਿਲਵਾਨਾਂ ਨੇ ਜੰਤਰ-ਮੰਤਰ ਵਿਖੇ ਧਰਨਾ ਦਿੱਤਾ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ‘ਤੇ ਆਦੇਸ਼ ਦਿੱਤੇ ਅਤੇ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਖਿਲਾਫ਼ ਮਾਮਲਾ ਦਰਜ ਕਰ ਲਿਆ।
ਇਸ ਮਾਮਲੇ ਦੀ ਸੁਣਵਾਈ ਹਾਲੇ ਵੀ ਅਦਾਲਤ ਵਿਚ ਚੱਲ ਰਹੀ ਹੈ। ਇਸ ਸਮੇਂ ਦੌਰਾਨ ਡਬਲਯੂਐਫਆਈ ਦੀਆਂ ਚੋਣਾਂ ਹੋਈਆਂ ਅਤੇ ਬ੍ਰਿਜ ਭੂਸ਼ਣ ਦੇ ਨਜ਼ਦੀਕੀ ਸੰਜੇ ਸਿੰਘ ਨੇ ਚੋਣ ਜਿੱਤ ਲਈ ਸੀ ਜਿਸ ਤੋਂ ਬਾਅਦ ਬਜਰੰਗ ਤੋਂ ਇਲਾਵਾ ਵਿਨੇਸ਼ ਫੋਗਟ ਨੇ ਵੀ ਆਪਣੇ ਐਵਾਰਡ ਵਾਪਸ ਕਰ ਦਿੱਤੇ ਜਦਕਿ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ।