ਕਿਹਾ, ਸਰੀਰਕ ਕਸਰਤ ਲਈ ਸਿੱਖ ਯੋਗਾ ਨਹੀਂ, ਗੱਤਕਾ ਖੇਡਦੇ ਨੇ
ਅੰਮ੍ਰਿਤਸਰ 23 ਜੂਨ 2024 (ਫਤਿਹ ਪੰਜਾਬ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬੀਤੇ ਦਿਨ ਅਰਚਨਾ ਮਕਵਾਨਾ ਨਾਮ ਦੀ ਇੱਕ ਲੜਕੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿੱਚ ਯੋਗ ਆਸਣ ਦੇ ਵਿੱਚ ਤਸਵੀਰਾਂ ਖਿਚਵਾ ਕੇ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਕਰਨ ਦੇ ਮਾਮਲੇ ਵਿੱਚ ਕਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸਿੱਖ ਕੌਮ ਦੀ ਰੂਹਾਨੀਅਤ ਦਾ ਮੁੱਖ ਕੇਂਦਰ ਹੈ ਅਤੇ ਇੱਥੇ ਸਮੁੱਚੀ ਮਾਨਵ ਜਾਤੀ ਨੂੰ ਰੱਬੀ ਏਕਤਾ ਦਾ ਸੰਦੇਸ਼ ਮਿਲਦਾ ਹੈ ਪਰ ਯੋਗ ਆਸਣਾ ਦੀ ਸਿੱਖ ਧਰਮ ਵਿੱਚ ਕੋਈ ਮਹੱਤਤਾ ਨਹੀਂ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸਿੱਖ ਧਰਮ ਇੱਕ ਨਿਆਰਾ ਅਤੇ ਨਿਰਾਲਾ ਧਰਮ ਹੈ ਜਿਸ ਬਾਰੇ ਕੁਝ ਤਾਕਤਾਂ ਜਾਣ-ਬੁੱਝ ਕੇ ਗਲਤ ਪ੍ਰਚਾਰ ਕਰਨ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਆਪਣੇ ਆਸ-ਪਾਸ ਦੇ ਸਮਾਜ ਨੂੰ ਤਿਆਗ ਕੇ ਆਪਣੇ ਸਰੀਰ ਦੀਆਂ ਬਹੱਤਰ ਹਜ਼ਾਰ ਨਾੜੀਆਂ ਵਿਚ ਕੁੰਡਲੀ ਜਗਾਉਣ ਵਾਲਾ ਧਰਮ ਨਹੀਂ ਹੈ, ਨਾ ਹੀ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਨਿਉਲੀ ਕਰਮ ਕਰਨ ਵਾਲਾ ਅਤੇ ਜੋਗੀਆਂ ਵਾਲੇ 84 ਆਸਣਾਂ ਦੇ ਨਾਲ ਸਾਧਨਾ ਕਰਨ ਵਾਲਾ ਮੱਤ ਹੈ ਬਲਕਿ ਇਸ ਦਾ ਆਦਰਸ਼ਵਾਦ ‘‘ਨਾਨਕ ਸਤਿਗੁਰਿ ਭੇਟੀਐ ਪੂਰੀ ਹੋਵੈ ਜੁਗਤਿ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥’’ ਦੇ ਨਿਰਬਾਣ ਆਸ਼ੇ ਨੂੰ ਸੇਧਿਤ ਹੈ।
ਉਨ੍ਹਾਂ ਕਿਹਾ ਕਿ ਇਸੇ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਤਮ ਜਗਿਆਸੂਆਂ ਲਈ ਗੁਰਬਾਣੀ ਦੇ ਰੂਹਾਨੀ ਆਭਾ ਮੰਡਲ ਦਾ ਲਾਹਾ ਲੈਣ ਦਾ ਮੁਕੱਦਸ ਅਸਥਾਨ ਹੈ ਅਤੇ ਇਸ ਪਾਵਨ ਅਸਥਾਨ ਦੀ ਹਦੂਦ ਅੰਦਰ ਯੋਗ ਆਸਣ ਆਦਿ ਕਿਰਿਆਵਾਂ, ਜਿਨ੍ਹਾਂ ਦੀ ਸਿੱਖ ਧਰਮ ਵਿਚ ਕੋਈ ਮਾਨਤਾ ਨਾ ਹੋਵੇ, ਕਰਨੀਆਂ ਘੋਰ ਮਨਮਤਿ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਰੀਰਕ ਕਸਰਤ ਲਈ ਸਿੱਖਾਂ ਨੂੰ ਗੱਤਕਾ ਵਰਗੀ ਜੰਗਜੂ ਕਲਾ ਦਿੱਤੀ ਹੈ ਅਤੇ ਸਿੱਖ ਯੋਗਾ ਨਹੀਂ, ਗੱਤਕਾ ਖੇਡਦੇ ਹਨ।