ਅੰਮ੍ਰਿਤਸਰ 3 ਜੂਨ 2024 (ਫਤਿਹ ਪੰਜਾਬ) ਜੂਨ 1984 ’ਚ ਸ੍ਰੀ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਭਾਰਤ ਦੀ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਦੀ 40ਵੀਂ ਸਾਲਾਨਾ ਯਾਦ ਦੇ ਸਬੰਧ ਵਿੱਚ ਭਲਕੇ 4 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਅਰੰਭ ਕੀਤੇ ਜਾਣਗੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ Shiromani Gurudwara Parbandhak Committee ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ-ਨਾਲ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਅੰਦਰ ਵੀ 6 ਜੂਨ ਨੂੰ ਸ਼ਹੀਦੀ ਸਮਾਗਮ ਕੀਤੇ ਜਾ ਰਹੇ ਹਨ।
ਇਨ੍ਹਾਂ ਸਮਾਗਮਾਂ ਦੇ ਪ੍ਰਬੰਧਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇਥੇ ਮੁੱਖ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਇਕੱਤਰਤਾ ਕੀਤੀ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਦੌਰਾਨ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਜੂਨ 1984 ਦਾ ਪਹਿਲਾ ਹਫ਼ਤਾ ਸਿੱਖ ਕੌਮ ਲਈ ਕਦੇ ਨਾ ਭੁੱਲਣਵਾਲਾ ਹੈ। ਦੇਸ਼ ਦੀ ਤਤਕਾਲੀ ਕਾਂਗਰਸ ਹਕੂਮਤ ਵੱਲੋਂ ਸਿੱਖਾਂ ਨੂੰ ਜੂਨ 1984 ਵਿਚ ਦਿੱਤੇ ਜ਼ਖ਼ਮ ਹਰ ਸਾਲ ਰਿਸਦੇ ਹਨ। ਇਸ ਸਾਲ ਸਿੱਖ ਕੌਮ ਜੂਨ 1984 ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ ਮਨਾ ਰਹੀ ਹੈ, ਜਿਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸਮੁੱਚੇ ਗੁਰਦੁਆਰਾ ਸਾਹਿਬਾਨ ਵਿਚ ਸ਼ਹੀਦੀ ਸਮਾਗਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਘੱਲੂਘਾਰਾ ਦਿਵਸ ਸਿੱਖਾਂ ਲਈ ਬੇਹੱਦ ਭਾਵੁਕਤਾ ਵਾਲਾ ਸਮਾਂ ਹੈ, ਜਿਸ ਨੂੰ ਇਸਦੀ ਭਾਵਨਾ ਅਨੁਸਾਰ ਮਨਾਉਣਾ ਕੌਮ ਦਾ ਫਰਜ਼ ਹੈ।
ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਕ 4 ਤੋਂ 6 ਜੂਨ ਤੱਕ ਕਾਲੀਆਂ ਦਸਤਾਰਾਂ ਸਜਾਈਆਂ ਜਾਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰੇ ਦੀ 40ਵੀਂ ਯਾਦ ਮੌਕੇ ਸ਼ਾਂਤਮਈ ਤਰੀਕੇ ਨਾਲ ਗੁਰਬਾਣੀ ਜਾਪ ਕੀਤੇ ਜਾਣ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਅੰਤ੍ਰਿੰਗ ਮੈਂਬਰ ਰਘਬੀਰ ਸਿੰਘ ਸਹਾਰਨਮਾਜਰਾ, ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਅਜਾਇਬ ਸਿੰਘ ਅਭਿਆਸੀ, ਸਕੱਤਰ ਪ੍ਰਤਾਪ ਸਿੰਘ, ਇੰਜੀ: ਸੁਖਮਿੰਦਰ ਸਿੰਘ, ਗੁਰਿੰਦਰ ਸਿੰਘ ਮਥਰੇਵਾਲ,  ਪ੍ਰੀਤਪਾਲ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ  ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ  ਕੁਲਦੀਪ ਸਿੰਘ ਰੋਡੇ, ਗੁਰਚਰਨ ਸਿੰਘ ਕੁਹਾਲਾ,  ਜਸਵਿੰਦਰ ਸਿੰਘ ਜੱਸੀ, ਗੁਰਨਾਮ ਸਿੰਘ, ਬਲਵਿੰਦਰ ਸਿੰਘ ਖੈਰਾਬਾਦ, ਮਨਜੀਤ ਸਿੰਘ, ਸ਼ਾਹਬਾਜ਼ ਸਿੰਘ, ਹਰਭਜਨ ਸਿੰਘ ਵਕਤਾ,  ਸੁਖਬੀਰ ਸਿੰਘ ਆਦਿ ਮੌਜੂਦ ਸਨ।

Skip to content