Skip to content

ਚੰਡੀਗੜ੍ਹ 2 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ) ਦੁਆਰਾ ਤਿਆਰ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਪੰਜਾਬ ਦੇ 1927 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ 855 ਪ੍ਰਿੰਸੀਪਲਾਂ ਤੋਂ ਬਿਨਾਂ ਕੰਮ ਕਰ ਰਹੇ ਹਨ ਜਿਸਦਾ ਅਰਥ ਹੈ ਕਿ ਰਾਜ ਵਿੱਚ 44 ਫੀਸਦ ਅਜਿਹੀਆਂ ਅਸਾਮੀਆਂ ਖਾਲੀ ਹਨ।

ਰਿਪੋਰਟ ਦੇ ਅਨੁਸਾਰ 10 ਜ਼ਿਲ੍ਹਿਆਂ ਅਤੇ 77 ਸਿੱਖਿਆ ਬਲਾਕਾਂ ਵਿੱਚ ਅੱਧੀਆਂ ਭਾਵ 50 ਫੀਸਦ ਤੋਂ ਵੱਧ ਅਜਿਹੇ ਸਕੂਲਾਂ ਵਿੱਚ ਕੋਈ ਪ੍ਰਿੰਸੀਪਲ ਹੀ ਨਹੀਂ ਹੈ। ਡੀਟੀਐਫ ਨੇ ਇਹ ਅੰਕੜੇ ਜਾਰੀ ਕਰਦਿਆਂ “ਪੰਜਾਬ ਸਰਕਾਰ ਦੇ ਸਿੱਖਿਆ ਕ੍ਰਾਂਤੀ ਲਿਆਉਣ ਦੇ ਦਾਅਵਿਆਂ” ‘ਤੇ ਸਵਾਲ ਉਠਾਏ ਹਨ। 

ਇੱਕ ਬਿਆਨ ਵਿੱਚ ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌਰੀਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਦੇ 73 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ 60 ਅਤੇ ਬਰਨਾਲਾ ਜ਼ਿਲ੍ਹੇ ਦੇ 47 ਵਿੱਚੋਂ 36 ਵਿੱਚ ਪ੍ਰਿੰਸੀਪਲ ਦੀਆਂ ਅਸਾਮੀਆਂ ਖਾਲੀ ਹਨ। 

ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਵਿੱਚ, 95 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ 57 ਪ੍ਰਿੰਸੀਪਲ ਤੋਂ ਬਿਨਾਂ ਹਨ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਵਿੱਚ 109 ਵਿੱਚੋਂ 17; ਫਤਿਹਗੜ੍ਹ ਸਾਹਿਬ 44 ਵਿੱਚੋਂ 11; ਬਠਿੰਡਾ 129 ਵਿੱਚੋਂ 82; ਫਿਰੋਜ਼ਪੁਰ 63 ਵਿੱਚੋਂ 33; ਫਾਜ਼ਿਲਕਾ 79 ਵਿੱਚੋਂ 18; ਮੁਕਤਸਰ 88 ਵਿੱਚੋਂ 32; ਮੋਗਾ 84 ਵਿੱਚੋਂ 56; ਫਰੀਦਕੋਟ 42 ਵਿੱਚੋਂ 18; ਮਲੇਰਕੋਟਲਾ 27 ਵਿੱਚੋਂ 14; ਲੁਧਿਆਣਾ 182 ਵਿੱਚੋਂ 69; ਅੰਮ੍ਰਿਤਸਰ 119 ਵਿੱਚੋਂ 36; ਤਰਨਤਾਰਨ 77 ਵਿੱਚੋਂ 51; ਗੁਰਦਾਸਪੁਰ 117 ਵਿੱਚੋਂ 47; ਪਠਾਨਕੋਟ 47 ਵਿੱਚੋਂ 13; ਜਲੰਧਰ 159 ਵਿੱਚੋਂ 69; ਨਵਾਂਸ਼ਹਿਰ 52 ਵਿੱਚੋਂ 30; ਹੁਸ਼ਿਆਰਪੁਰ 130 ਵਿੱਚੋਂ 56 ਅਤੇ ਕਪੂਰਥਲਾ 62 ਵਿੱਚੋਂ 37 ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਅਸਾਮੀਆਂ ਖਾਲੀ ਹਨ।

error: Content is protected !!