Farmers Agitation against BJP ਚੰਡੀਗੜ੍ਹ 28 ਮਈ 2024 (ਫਤਿਹ ਪੰਜਾਬ) ਪੰਜਾਬ-ਹਰਿਆਣਾ ਦੇ ਬਾਰਡਰ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਸੰਯੁਕਤ ਕਿਸਾਨ ਮੋਰਚਾ SKM (ਗੈਰ-ਰਾਜਨੀਤਕ) ਵਲੋਂ ਚਲਾਏ ਜਾ ਰਹੇ ਕਿਸਾਨ ਅੰਦੋਲਨ ਨੇ ਸੋਮਵਾਰ ਨੂੰ ਜਿਥੇ 105 ਦਿਨ ਪੂਰੇ ਕੀਤੇ ਹਨ, ਉਥੇ ਵਧਦੇ ਤਾਪਮਾਨ ’ਚ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਕਿਸਾਨਾਂ ਅੰਦਰ ਬੇਕਸੂਰ ਕਿਸਾਨਾਂ ਦੀ ਰਿਹਾਈ ਲਈ ਰੋਹ ਪੂਰੀ ਤਰ੍ਹਾਂ ਭੜਕ ਚੁੱਕਾ ਹੈ। ਉਨ੍ਹਾਂ ਨੇ ਭਾਜਪਾ ਦੇ ਇਸ਼ਾਰੇ ’ਤੇ ਹਰਿਆਣਾ ਪੁਲਿਸ ਵਲੋਂ ਫੜੇ ਗਏ ਬੇਕਸੂਰ ਆਗੂਆਂ ਦੀ ਰਿਹਾਈ ਲਈ ਅੱਜ 28 ਮਈ ਨੂੰ ਪੰਜਾਬ ਭਰ ’ਚ 16 ਥਾਵਾਂ ’ਤੇ ਭਾਜਪਾ ਲੋਕ ਸਭਾ ਉਮੀਦਵਾਰਾਂ ਤੇ ਹੋਰ ਨੇਤਾਵਾਂ ਦੇ ਘਰਾਂ ਅੱਗੇ ਧਰਨੇ ਲਗਾਉਣ ਤੇ ਹਰਿਆਣਾ ’ਚ ਵੀ ਭਾਜਪਾ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਆਪਦੇ ਨੁਮਾਇੰਦਿਆਂ ਤੋਂ ਸਵਾਲ ਪੁੱਛਣਾ ਕੋਈ ਅਪਰਾਧ ਨਹੀਂ। ਨੇਤਾਵਾਂ ਨੇ ਦੱਸਿਆ ਕਿ ਸੋਮਵਾਰ ਨੂੰ ਸ਼ੰਭੂ ਬਾਰਡਰ ’ਤੇ ਕਿਸਾਨ ਮਜ਼ਦੂਰ ਮੋਰਚਾ ਦੀ ਇਕ ਮਹੱਤਵਪੂਰਨ ਮੀਟਿੰਗ ਹੋਈ, ਜਿਸ ’ਚ ਦੋਵਾਂ ਫੋਰਮਾਂ ਵਲੋਂ ਭਾਜਪਾ ਦੇ ਇਸ਼ਾਰੇ ’ਤੇ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਦੀ ਰਿਹਾਈ ਨੂੰ ਲੈ ਕੇ ਅਗਲੇ ਪ੍ਰੋਗਰਾਮ ਬਾਰੇ ਚਰਚਾ ਹੋਈ। ਉਨ੍ਹਾਂ ਦੱਸਿਆ ਕਿ 28 ਮਈ ਨੂੰ ਧਰਨੇ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਾਏ ਜਾਣਗੇ, ਜਿਸ ’ਚ ਮੁੱਖ ਮੰਗ ਕਿਸਾਨ ਸਾਥੀਆਂ ਦੀ ਰਿਹਾਈ ਹੈ।

ਇਸ ਮੀਟਿੰਗ ’ਚ ਸੁਖਵਿੰਦਰ ਸਿੰਘ ਸਭਰਾਅ, ਬਲਵੰਤ ਸਿੰਘ ਬਹਿਰਾਮਕੇ, ਗੁਰਧਿਆਨ ਸਿੰਘ ਸਿਉਣਾ, ਬੀਬੀ ਸੁਖਵਿੰਦਰ ਕੌਰ, ਕਰਨੈਲ ਸਿੰਘ ਲੰਗ, ਮੰਗਤ ਸਿੰਘ, ਸੁਖਚੈਣ ਸਿੰਘ ਹਰਿਆਣਾ, ਹਰਨੇਕ ਸਿੰਘ ਸਿੱਧੂਵਾਲ, ਸਤਨਾਮ ਸਿੰਘ ਹਰੀਕੇ, ਬਾਜ ਸਿੰਘ ਸੰਗਲਾ ਆਦਿ ਕਿਸਾਨ ਆਗੂ ਹਾਜ਼ਰ ਸਨ।

ਇਨ੍ਹਾਂ ਭਾਜਪਾ ਨੇਤਾਵਾਂ ਦਾ ਹੋਵੇਗਾ ਘਿਰਾਓ
ਪ੍ਰਨੀਤ ਕੌਰ ਪਟਿਆਲਾ, ਪਰਮਪਾਲ ਕੌਰ ਮਲੂਕਾ, ਹੰਸ ਰਾਜ ਹੰਸ, ਤਰਨਜੀਤ ਸਿੰਘ ਸੰਧੂ, ਮਨਜੀਤ ਸਿੰਘ ਮੰਨਾ, ਦਿਨੇਸ਼ ਬੱਬੂ, ਸੁਸ਼ੀਲ ਰਿੰਕੂ, ਅਨੀਤਾ ਸੋਮ ਪ੍ਰਕਾਸ਼, ਅਰਵਿੰਦ ਖੰਨਾ, ਰਵਨੀਤ ਸਿੰਘ ਬਿੱਟੂ, ਰਾਣਾ ਗੁਰਮੀਤ ਸਿੰਘ ਸੋਢੀ ਖ਼ਿਲਾਫ਼ ਮਮਦੋਟ ਤੇ ਫਿਰੋਜ਼ਪੁਰ ਦੋ ਥਾਵਾਂ ’ਤੇ, ਗੇਜਾ ਰਾਮ ਵਾਲਮੀਕੀ, ਡਾ. ਸੁਭਾਸ਼ ਸ਼ਰਮਾ, ਫਾਜ਼ਿਲਕਾ ਚ ਸੁਨੀਲ ਜਾਖੜ ਤੇ ਇਸੇ ਤਰ੍ਹਾਂ ਅੰਬਾਲਾ ਤੋਂ ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਅਸੀਮ ਗੋਇਲ ਦੇ ਘਰ ਦਾ ਵੀ ਘਿਰਾਓ ਹੋਵੇਗਾ।

Skip to content