ਲੁਧਿਆਣਾ/ਪਟਿਆਲਾ, 29 ਮਈ 2024 (ਫਤਿਹ ਪੰਜਾਬ) ਲੋਕ ਸਭਾ ਚੋਣ ਪ੍ਰਚਾਰ ਦੇ ਮੱਦੇਨਜਰ ਰਾਹੁਲ ਗਾਂਧੀ ਨੇ ਅੱਜ ਹਲਕਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦਾਖਾ ਦੀ ਅਨਾਜ ਮੰਡੀ ਅਤੇ ਪਟਿਆਲ਼ਾ ਵਿਖੇ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿੱਚ ਦੋ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਕਿ ਵਿਰੋਧੀ ਗੱਠਜੋੜ ਇੰਡੀਆ ਦੇ ਸੱਤਾ ’ਚ ਆਉਂਦੇ ਹੀ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਦਿੱਤੇ ਜਾਣਗੇ, ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ ਤੇ ਅਗਨੀਪਥ ਸਕੀਮ ਰੱਦ ਕਰਕੇ ਕੂੜੇਦਾਨ ‘ਚ ਸੁੱਟ ਦਿਆਂਗੇ।
ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਪੰਜਾਬ ਦਾ ਕਿਸਾਨ ਹਰ ਪਲ ਦੇਸ਼ ਦੀ ਮਿਹਨਤ ਕਰਦਾ ਹੈ। ਮੋਦੀ ਨੇ ਪਿਛਲੇ ਸਾਲਾਂ ਵਿਚ ਕਿਸਾਨਾਂ ਲਈ ਕੁਝ ਨਹੀਂ ਕੀਤਾ, ਸਿਰਫ ਅਰਬਪਤੀਆਂ ਨੂੰ ਖੁਸ਼ ਕੀਤਾ। ਕਿਸਾਨਾਂ ਨੂੰ ਤਿੰਨ ਕਾਲੇ ਕਾਨੂੰਨ ਦਿੱਤੇ, ਹੱਕ ਲਈ ਸੜਕਾਂ ’ਤੇ ਆਏ ਕਿਸਾਨਾਂ ਨੂੰ ਮਾਰਿਆ ਗਿਆ।
ਕਿਸਾਨਾਂ ਦਾ ਕਰਜ਼ਾ ਯੂਪੀਏ ਨੇ ਖਤਮ ਕੀਤਾ ਸੀ ਤੇ ਹੁਣ ਵੀ ਪਹਿਲਾਂ ਕੰਮ ਵੀ ਕਿਸਾਨ ਕਰਜ਼ਾ ਮਾਫੀ ਹੋਵੇਗਾ। ਅਸੀਂ ਚਾਹੁੰਦੇ ਹਾਂ ਕਿ ਜਦੋਂ ਵੀ ਕਿਸਾਨਾਂ ਨੂੰ ਲੋੜ ਹੋਵੇ, ਉਦੋਂ ਕਰਜ਼ਾ ਮਾਫ ਹੋਵੇ। ਇਸ ਲਈ ਇਕ ਸੰਸਥਾ ਬਣਾਈ ਜਾਵੇਗੀ, ਜਿਸਦਾ ਕੰਮ ਕਿਸਾਨਾਂ ਕਰਜ਼ਾ ਮਾਫੀ ਦੀ ਸਿਫਾਰਸ਼ ਕਰਨਾ ਹੋਵੇਗਾ। ਹਰ ਉਤਪਾਦਨ ਲਈ ਪੂਰਾ ਮੁੱਲ ਮਿਲਦਾ ਹੈ ਪਰ ਕਿਸਾਨਾਂ ਦੀ ਫਸਲ, ਫਲ ਤੇ ਸਬਜ਼ੀਆਂ ਦਾ ਪੂਰਾ ਮੁੱਲ ਦਿੱਤਾ ਜਾਵੇਗਾ। ਗਾਂਧੀ ਨੇ ਕਿਹਾ ਕਿ ਕਿਸਾਨ ਫਰੈਂਡਲੀ ਬੀਮਾ ਯੋਜਨਾ ਬਣਾਈ ਜਾਵੇਗੀ, ਫਸਲ ਖਰਾਬੇ ਦਾ ਮੁਆਵਜਾ 20 ਦਿਨ ’ਚ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਚੋਣ ਸੰਵਿਧਾਨ ਨੂੰ ਬਚਾਉਣ ਲਈ ਹੈ, ਭਾਜਪਾ ਸੰਵਿਧਾਨ ਨੂੰ ਤਬਾਹ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਸਾਨ ਕਰਜ਼ਾ ਕਮਿਸ਼ਨ ਦੀ ਸਥਾਪਨਾ ਅਤੇ ਫ਼ਸਲ ਬੀਮਾ ਯੋਜਨਾ ਤਹਿਤ 30 ਦਿਨਾਂ ਵਿੱਚ ਫ਼ਸਲ ਖ਼ਰਾਬੇ ਦੇ ਮੁਆਵਜ਼ੇ ਦੀ ਭਰਪਾਈ ਯਕੀਨੀ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਗ਼ਰੀਬ ਪਰਿਵਾਰ ਦੀ ਔਰਤ ਨੂੰ ਮਹਾਂ-ਲਕਸ਼ਮੀ ਯੋਜਨਾ ਤਹਿਤ ਸਾਲ ਦਾ ਇਕ ਲੱਖ ਰੁਪਏ ਦੇਣ ਤੋਂ ਇਲਾਵਾ ਗ੍ਰੈਜੂਏਟ ਅਤੇ ਡਿਪਲੋਮਾ ਹੋਲਡਰ ਨੌਜਵਾਨਾਂ ਲਈ ਪਹਿਲੀ ਨੌਕਰੀ ਪੱਕੀ ਯੋਜਨਾ ਤਹਿਤ ਇੱਕ ਲੱਖ ਰੁਪਏ ਸਾਲਾਨਾ ਵਜ਼ੀਫ਼ਾ ਦੇਣ ਦਾ ਐਲਾਨ ਵੀ ਕੀਤਾ।
ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਚਾਹੁੰਦੀ ਹੈ ਤਾਂ ਰਾਜਿਆਂ ਦੇ ਸਮੇਂ ਵਿਚ ਜੋ ਹੁੰਦਾ ਸੀ ਓਹ ਫਿਰ ਹੋਵੇ, ਇਕ ਵਿਅਕਤੀ ਦੇਸ਼ ਨੂੰ ਚਲਾਵੇ, ਇਕ ਧਰਮ ਹੋਵੇ, ਇਕ ਭਾਸ਼ਾ ਹੋਵੇ। ਪਰ ਦੇਸ਼ ਸਾਰਿਆਂ ਦਾ ਸਾਂਝਾ ਦੇਸ਼ ਹੈ, ਇਸ ਲਈ ਸੰਵਿਧਾਨ ਦੀ ਰਾਖੀ ਲਾਜਮੀ ਹੈ। ਜੋ ਹਿਦੂਸਤਾਨ ਦੇ ਗਰੀਬ ਲੋਕਾਂ ਨੂੰ ਮਿਲਿਆ ਉਹ ਇਸੇ ਸੰਵਿਧਾਨ ਕਰਕੇ ਮਿਲਿਆ। ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਸਮਝ ਲੈਣ ਕਿ ਹਿੰਦੂਸਤਾਨ ਦੇ ਸੰਵਿਧਾਨ ਨੂੰ ਕੋਈ ਸ਼ਕਤੀ ਖਤਮ ਨਹੀਂ ਕਰ ਸਕਦੀ ਹੈ। ਉਨਾਂ ਕਿਹਾ ਕਿ ਅਸੀਂ ਸਾਰੇ ਇਕ ਜੁੱਟ ਕੇ ਮੋਦੀ ਦੇ ਖਿਲਾਫ ਖੜੇ ਹਾਂ ਤੇ ਸੰਵਿਧਾਨ ਬਦਲਣ ਨਹੀਂ ਦਿੱਤਾ ਜਾਵੇਗਾ।
ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਕੜੀ ਤਹਿਤ ਪਹਿਲਾਂ ਲੋਕਾਂ ਦੀਆਂ ਜੇਬਾਂ ਵਿਚ ਪੈਸਾ ਪਾਇਆ ਜਾਵੇਗਾ, ਉਤਪਾਦਨ ਦੀ ਵਿਕਰੀ ਹੋਵੇਗੀ ਤੇ ਫੈਕਟਰੀ ਚੱਲਣਗੀਆਂ, ਇਸ ਤਰ੍ਹਾਂ ਅਰਥ ਵਿਵਸਥਾ ਸ਼ੁਰੂ ਕੀਤੀ ਜਾਵੇਗੀ। ਸਰਕਾਰ ਸਿਰਫ ਮਜਦੂਰਾਂ ਤੇ ਗਰੀਬਾਂ ਲਈ ਹੋਣੀ ਚਾਹੀਦੀ ਹੈ ਤੇ ਇੰਡੀ ਗੱਠਜੋੜ ਲੋੜਵੰਦਾਂ ਦੀ ਸਰਕਾਰ ਬਣੇਗੀ।