ਪਹਿਲੀ ਵਾਰ ਕਿਸੇ ਨੇ ਸ਼ਹਿਰ ਤੇ ਪਿੰਡਾਂ ਲਈ ਕੀਤੇ ਵੱਡੇ ਵਾਅਦੇ
ਚੰਡੀਗੜ੍ਹ 31 ਮਈ 2024 (ਫਤਿਹ ਪੰਜਾਬ) ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਲਖਵੀਰ ਸਿੰਘ ਕੋਟਲਾ ਨੇ ਸ਼ਹਿਰ ਵਾਸੀਆਂ ਲਈ ਕੀਤੇ ਆਪਣੇ ਚੋਣ ਵਾਅਦਿਆਂ ਵਿੱਚ 40 ਸਾਲ ਪੁਰਾਣਾ ਨਾਅਰਾ ਬੁਲੰਦ ਕੀਤਾ ਹੈ ‘ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ’।
ਉਹਨਾਂ ਵੱਲੋਂ ਵੋਟਰਾਂ ਲਈ ਜਾਰੀ ਕੀਤੇ ਚੋਣ ਵਾਅਦਿਆਂ ਵਿੱਚ ਚੰਡੀਗੜ੍ਹ ਨੂੰ ਸਿਰਫ ਪੰਜਾਬ ਦੀ ਰਾਜਧਾਨੀ ਬਣਵਾਉਣਾ, ਮਾਂ-ਬੋਲੀ ਪੰਜਾਬੀ ਨੂੰ ਲਾਜ਼ਮੀ ਕਰਾਉਣਾ ਅਤੇ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਮੁਫਤ ਸਪਲਾਈ ਦਿਵਾਉਣਾ ਸ਼ਾਮਿਲ ਹੈ।
ਲਖਬੀਰ ਸਿੰਘ ਕੋਟਲਾ ਨੇ ਪੰਜਾਬ ਸਮੇਤ ਚੰਡੀਗੜ੍ਹ ਵਿੱਚ ਚੋਣਾਂ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਪਿੱਛਾਂਹ ਛੱਡਦਿਆਂ ਬਿਲਕੁਲ ਵੱਖਰੇ, ਪੰਜਾਬ ਅਤੇ ਪੰਜਾਬੀਅਤ ਪੱਖੀ ਸਮੇਤ ਚੰਡੀਗੜ੍ਹ ਦੇ ਪਿੰਡਾਂ ਦੇ ਹੱਕ-ਹਕੂਕਾਂ ਦੀ ਰਾਖੀ ਦੀ ਗੱਲ ਕੀਤੀ ਹੈ।
ਉਹਨਾਂ ਨੇ ਵਾਅਦਾ ਕੀਤਾ ਹੈ ਕਿ ਉਹ ਚੰਡੀਗੜ੍ਹ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਹਾਲ ਕਰਾਉਣਗੇ ਅਤੇ ਪਿੰਡਾਂ ਦੀਆਂ ਜਮੀਨਾਂ ਦੇ ਰੇਟ ਪੰਜਾਬ-ਮੁਹਾਲੀ ਦੇ ਬਰਾਬਰ ਕਰਵਾਉਣਗੇ। ਰਾਜਧਾਨੀ ਚੰਡੀਗੜ੍ਹ ਸ਼ਹਿਰ ਨੂੰ ਕਰੀਬ 70 ਸਾਲ ਪਹਿਲਾਂ ਵਸਾਉਣ ਵੇਲੇ ਉਜਾੜੇ ਗਏ ਪਿੰਡਾਂ ਦੇ ਮੂਲ ਵਸਨੀਕਾਂ ਨੂੰ ਬਰਾਬਰ ਦੇ ਅਧਿਕਾਰ ਦਿਵਾਉਣਾ ਅਤੇ ਚੰਡੀਗੜ੍ਹ ਵਿੱਚ 60: 40 ਦੇ ਅਨੁਪਾਤ ਨਾਲ ਨੌਕਰੀਆਂ ਦੀ ਬਹਾਲੀ ਕਰਾਉਣਾ ਸ਼ਾਮਿਲ ਹੈ। ਉਨਾਂ ਦਾ ਵਾਅਦਾ ਹੈ ਕਿ ਜੇ ਉਹ ਜਿੱਤ ਜਾਂਦੇ ਹਨ ਤਾਂ ਚੰਡੀਗੜ੍ਹ ਦੇ ਪਿੰਡਾਂ ਦੇ ਵਸਨੀਕਾਂ ਦੀ ਪਿੰਡ ਦੀਆਂ ਜਾਇਦਾਦਾਂ ਕਮਿਊਨਿਟੀ ਸੈਂਟਰਾਂ ਅਤੇ ਖੇਡ ਦੇ ਮੈਦਾਨਾਂ ਵਿੱਚ ਬਰਾਬਰ ਦੀ ਭਾਗੀਦਾਰੀ ਯਕੀਨੀ ਬਣਾਉਣਗੇ।
ਲਖਬੀਰ ਸਿੰਘ ਕੋਟਲਾ ਨੇ ਭਰੋਸਾ ਦਿੱਤਾ ਹੈ ਕਿ ਉਹ ਚੰਡੀਗੜ੍ਹ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਨਹੀਂ ਬਣਨ ਦੇਣਗੇ ਅਤੇ ਚੰਡੀਗੜ੍ਹ ਦੇ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਦੀ ਵਾਧੂ ਫੀਸਾਂ, ਕਿਤਾਬਾਂ ਅਤੇ ਵਰਦੀਆਂ ਰਾਹੀਂ ਕੀਤੀ ਜਾਂਦੀ ਲੁੱਟ ਨੂੰ ਬੰਦ ਕਰਵਾਉਣਗੇ।