ਇਨਸਾਫ਼ ਲਈ ਵਕੀਲਾਂ ਨਾਲ ਗੱਲ ਕਰ ਕੇ ਕਰਾਂਗੇ ਸੰਘਰਸ਼ – ਨਿਆਮੀਵਾਲਾ

Behbal Kalan firing case : ਫਰੀਦਕੋਟ 1 ਜੂਨ 2024 (ਫਤਿਹ ਪੰਜਾਬ) ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ’ਤੇ ਬੇਅਦਬੀ ਕਾਂਡ ਨਾਲ ਜੁੜੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਨੂੰ ਚੰਡੀਗੜ੍ਹ ਦੀ ਜ਼ਿਲਾ ਅਦਾਲਤ ਵਿਚ ਤਬਦੀਲ ਕਰ ਦੇਣ ਦਾ ਪੰਥਕ ਹਲਕਿਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਬਹਿਬਲ ਕਲਾਂ ਗੋਲੀਕਾਂਡ ਵਿਚ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਹੈਰਾਨੀ ਪ੍ਰਗਟਾਈ ਕਿ ਉਸ ਦੇ ਪਿਤਾ ਅਤੇ ਨੇੜਲੇ ਪਿੰਡ ਸਰਾਵਾਂ ਦੇ ਸਿੱਖ ਨੌਜਵਾਨ ਗੁਰਜੀਤ ਸਿੰਘ ਬਿੱਟੂ ਨੂੰ 14 ਅਕਤੂਬਰ 2015 ਨੂੰ ਪੁਲਿਸ ਨੇ ਨਿਰਦੋਸ਼ ਅਤੇ ਨਿਹੱਥੇ ਹੋਣ ਦੇ ਬਾਵਜੂਦ ਗੋਲੀ ਮਾਰ ਕੇ ਕਤਲ ਕਰ ਦਿਤਾ ਪਰ ਹੁਣ ਚਾਰ ਮੁੱਖ ਮੰਤਰੀ ਬਦਲ ਜਾਣ ਦੇ ਬਾਵਜੂਦ ਵੀ ਬੇਅਦਬੀ ਮਾਮਲਿਆਂ ਨਾਲ ਜੁੜੇ ਵੱਖ ਵੱਖ ਕਾਂਡਾਂ ਦਾ ਇਨਸਾਫ਼ ਵੀ ਦੂਰ ਹੁੰਦਾ ਜਾ ਰਿਹਾ ਹੈ। 

ਜ਼ਿਕਯੋਗ ਹੈ ਕਿ ਪਹਿਲਾਂ ਬੇਅਦਬੀ ਮਾਮਲਿਆਂ ਨਾਲ ਜੁੜੇ ਤਿੰਨ ਕੇਸ – ਪਾਵਨ ਸਰੂਪ ਚੋਰੀ, ਭੜਕਾਊ ਪੋਸਟਰ, ਬੇਅਦਬੀ ਕਾਂਡ ਵੀ ਮੁਲਜ਼ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਫ਼ਰੀਦਕੋਟ ਦੀ ਅਦਾਲਤ ਤੋਂ ਚੰਡੀਗੜ੍ਹ ਅਦਾਲਤ ਵਿਖੇ ਤਬਦੀਲ ਕੀਤੇ ਗਏ ਤੇ ਹੁਣ ਬਹਿਬਲ ਗੋਲੀਕਾਂਡ ਦੇ ਨਾਮਜ਼ਦ ਮੁਲਜ਼ਮ ਚਰਨਜੀਤ ਸ਼ਰਮਾ ਸਾਬਕਾ ਐਸਐਸਪੀ ਮੋਗਾ ਦੀ ਪਟੀਸ਼ਨ ਦੇ ਆਧਾਰ ’ਤੇ ਬਹਿਬਲ ਕਲਾਂ ਵਾਲਾ ਮਾਮਲਾ ਵੀ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਤਬਦੀਲ ਹੋ ਗਿਆ ਹੈ।

ਸੁਖਰਾਜ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਦੀ ਤਰਾਂ ਹੁਣ ਸੱਤਾਧਾਰੀ ਆਮ ਆਦਮੀ ਪਾਰਟੀ ਵੀ ਮੁਲਜ਼ਮਾਂ ਨੂੰ ਜੇਲ ਵਿਚ ਰੱਖਣ ਦੀ ਬਜਾਇ ਉਨ੍ਹਾਂ ਨੂੰ ਸੁਰੱਖਿਆ ਦੇ ਕੇ ਜਮਾਨਤਾਂ ’ਤੇ ਬਾਹਰ ਆਜ਼ਾਦ ਘੁੰਮਣ-ਫਿਰਨ ਦੇ ਮੌਕੇ ਦੇ ਰਹੀ ਹੈ ਜਿਸ ਨਾਲ ਬੇਅਦਬੀ ਮੁਕੱਦਮਿਆਂ ਨਾਲ ਜੁੜੇ ਕੇਸਾਂ ਦੇ ਗਵਾਹਾਂ ’ਤੇ ਪ੍ਰਭਾਵ ਪੈਣਾ ਸੁਭਾਵਿਕ ਹੈ।

ਦੱਸਣਯੋਗ ਹੈ ਕਿ ਸੇਵਾਮੁਕਤ ਐਸਐਸਪੀ ਚਰਨਜੀਤ ਸ਼ਰਮਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਸੁਰੱਖਿਆ ਦਾ ਹਵਾਲਾ ਦਿੰਦਿਆਂ ਬਹਿਬਲ ਕਲਾਂ ਗੋਲੀਕਾਂਡ ਦਾ ਕੇਸ ਪੰਜਾਬ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ ਸੀ, ਜਿਸ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੰਦੀਪ ਮੋਦਗਿੱਲ ਨੇ ਬੀਤੇ ਦਿਨ ਇਹ ਅਹਿਮ ਫ਼ੈਸਲਾ ਸੁਣਾਇਆ ਹੈ। 

ਨਿਆਮੀਵਾਲਾ ਨੇ ਮੁਤਾਬਿਕ ਉਕਤ ਕੇਸ ਨਾਲ ਲਗਭਗ 150 ਗਵਾਹ ਜੁੜੇ ਹੋਏ ਹਨ ਉਨ੍ਹਾਂ ਗਵਾਹਾਂ ਨੂੰ ਇਥੋਂ ਫ਼ਰੀਦਕੋਟ ਦੀ ਨੇੜਲੀ ਅਦਾਲਤ ਵਿੱਚ ਤਾਂ ਭੁਗਤਾ ਸਕਦੇ ਹਾਂ ਪਰ ਚੰਡੀਗੜ੍ਹ ਦੀ 250 ਕਿਲੋਮੀਟਰ ਦੀ ਦੂਰੀ ਹੋਣ ਕਰ ਕੇ ਗਵਾਹਾਂ ਨੂੰ ਭੁਗਤਾਉਣ ਵਿਚ ਮੁਸ਼ਕਲ ਆਵੇਗੀ। 

ਉਨਾਂ ਕਿਹਾਤਕਾਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਸਰਕਾਰ ਵੱਲੋਂ ਐਡਵੋਕੇਟ ਜਨਰਲ ਅਤੇ ਮਹਿੰਗੇ ਮਹਿੰਗੇ ਵਕੀਲ ਕਰਕੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ ਪਰ ਹੁਣ ਐਡਵੋਕੇਟ ਜਨਰਲ ਅਤੇ ਹੋਰ ਸਰਕਾਰੀ ਵਕੀਲ ਇਸ ਮੁੱਦੇ ’ਤੇ ਚੁੱਪ ਕਿਉਂ ਹਨ? 

ਨਿਆਮੀਵਾਲਾ ਨੇ ਚਿਤਾਵਨੀ ਦਿਤੀ ਕਿ ਉਹ ਅਪਣੇ ਵਕੀਲਾਂ ਦੇ ਪੈਨਲ ਨਾਲ ਗੱਲ ਕਰ ਕੇ ਰੋਸ ਪ੍ਰਦਰਸ਼ਨ ਅਤੇ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨਗੇ।

Skip to content