ਜਲੰਧਰ 2 ਜੂਨ 2024 (ਫਤਿਹ ਪੰਜਾਬ) ਪ੍ਰਾਪਤ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ (ਆਪ) ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ 67 ਦਿਨਾਂ ਪਿੱਛੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ।
ਸਾਲ 2022 ਦੀਆਂ ਚੋਣਾਂ ਵਿੱਚ ਉਹ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਵਿਧਾਇਕ ਚੁਣਿਆ ਗਿਆ ਸੀ ਪਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 27 ਮਾਰਚ 2024 ਨੂੰ ਉਹ ਆਪ ਪਾਰਟੀ ਨੂੰ ਛੱਡ ਕੇ ਆਪਣੀ ਪੁਰਾਣੀ ਪਾਰਟੀ – ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਿਆ ਸੀ।
ਭਗਵਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਸ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ ਜੋ ਹੁਣ ਵਾਪਸ ਲੈ ਲਿਆ ਹੈ। ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਨੇ ਜ਼ਿਮਨੀ ਚੋਣ ਹੋਣ ਤੋਂ ਰੋਕਣ ਲਈ ਆਪਣੇ ਭਰਾ ਵੱਲੋਂ ਅਸਤੀਫ਼ਾ ਵਾਪਸ ਲੈਣ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਅੰਗੁਰਾਲ ਨੇ ਸਪੀਕਰ ਨੂੰ ਭੇਜੇ ਪੱਤਰ ‘ਚ ਕਿਹਾ ਹੈ ਕਿ ਜੇਕਰ ਹੁਣ ਤੱਕ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਜਾਂਦਾ ਤਾਂ ਪੱਛਮੀ ਹਲਕੇ ‘ਚ ਮੁੜ ਚੋਣਾਂ ਹੋਣੀਆਂ ਸਨ, ਜਿਸ ਨਾਲ ਸਰਕਾਰ ਦੇ ਚੋਣ ਖਰਚੇ ਵਧ ਜਾਣੇ ਸਨ। ਇਸ ਕਾਰਨ ਉਹ ਆਪਣਾ ਅਸਤੀਫਾ ਵਾਪਸ ਲੈ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਵਿਧਾਨ ਸਭਾ ਦੇ ਸਪੀਕਰ ਨੇ 3 ਜੂਨ ਨੂੰ ਅੰਗੁਰਾਲ ਬੁਲਾਇਆ ਸੀ। ਫਿਲਹਾਲ ਇਸ ਸਬੰਧੀ ਵਿਧਾਇਕ ਅੰਗੁਰਾਲ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਅੰਗੁਰਾਲ ਨੇ ਮੋਦੀ ਦਾ ਪਰਿਵਾਰ ਲਾਈਨ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਹਟਾ ਦਿੱਤਾ ਹੈ।
ਯਾਦ ਰਹੇ ਕਿ ਮਾਰਚ ਮਹੀਨੇ ਅੰਗੁਰਾਲ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਅਸਤੀਫਾ ਸੌਂਪਿਆ ਸੀ ਅਤੇ ਕਿਹਾ ਸੀ ਕਿ ਮੈਂ ਇਸ ਤਰ੍ਹਾਂ ਤੁਰੰਤ ਪ੍ਰਭਾਵ ਨਾਲ ਵਿਧਾਨ ਸਭਾ ਪੰਜਾਬ (ਐਮਐਲਏ) ਦੀ ਮੈਂਬਰਸ਼ਿਪ ਤੋਂ ਆਪਣਾ ਅਸਤੀਫਾ ਸੌਂਪਦਾ ਹਾਂ। ਬਾਅਦ ‘ਚ ਅੰਗੁਰਲ ‘ਆਪ’ ਦੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋ ਗਏ ਸਨ।
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ, ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਲੰਧਰ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪਾਰਟੀ ਦਾ ਗੱਦਾਰ ਵੀ ਕਿਹਾ ਗਿਆ। ਇਸ ਮਗਰੋਂ ਜ਼ਿਲ੍ਹਾ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ।
ਆਪ੍ਰੇਸ਼ਨ ਲੋਟਸ ਦਾ ਮੁੱਖ ਸ਼ਿਕਾਇਤਕਰਤਾ ਹੈ ਅੰਗੁਰਾਲ
ਸ਼ੀਤਲ ਅੰਗੁਰਾਲ Operation Lotus ਉਪਰੇਸ਼ਨ ਲੋਟਸ ਦਾ ਮੁੱਖ ਸ਼ਿਕਾਇਤਕਰਤਾ ਹੈ ਜਿਸ ਨੇ ਪੰਜਾਬ ਦੀ ਰਾਜਨੀਤੀ ਵਿੱਚ ਭੂਚਾਲ ਲਿਆ ਦਿੱਤਾ ਸੀ। ਕਰੀਬ ਡੇਢ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਨੇ ਆਪਰੇਸ਼ਨ ਲੋਟਸ ਮਾਮਲੇ ਵਿੱਚ ਆਪਣੇ ਬਿਆਨ ਦਰਜ ਕਰਵਾਏ ਸਨ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੂੰ ਡੇਗਣ ਲਈ ਭਾਜਪਾ ਵੱਲੋਂ ਚਲਾਇਆ ਜਾ ਰਿਹਾ ਹੈ ਤੇ ਵਿਧਾਇਕਾਂ ਦੀ ਖ਼ਰੀਦੋ -ਫ਼ਰੋਖ਼ਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਮੁਹਾਲੀ ਥਾਣੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪੀ ਗਈ ਸੀ। ਪਰ ਡੇਢ ਸਾਲ ਬੀਤ ਜਾਣ ‘ਤੇ ਵੀ ਵਿਜੀਲੈਂਸ ਦੀ ਜਾਂਚ ‘ਚ ਅਜਿਹਾ ਕੋਈ ਤੱਥ ਸਾਹਮਣੇ ਨਹੀਂ ਆਇਆ, ਜਿਸ ਨਾਲ ਇਸ ਮਾਮਲੇ ‘ਚ ਕਿਸੇ ਦਾ ਨਾਂ ਲਿਆ ਜਾ ਸਕੇ। ਦੂਜੇ ਪਾਸੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਕਿਹਾ ਸੀ ਕਿ ਆਪ੍ਰੇਸ਼ਨ ਲੋਟਸ ਦੇ ਮਾਮਲੇ ‘ਚ ਕੀ ਹੋਇਆ, ਇਸ ਬਾਰੇ ਉਹ ਜਲਦ ਹੀ ਵੱਡਾ ਖੁਲਾਸਾ ਕਰਨਗੇ।