SKM ਗੈਰਸਿਆਸੀ ਤੇ ਕਿਸਾਨ ਜਥੇਬੰਦੀਆਂ ਵੱਲੋਂ SSP ਨੂੰ ਮੰਗ ਪੱਤਰ
ਚੰਡੀਗੜ੍ਹ, 9 ਜੂਨ 2024 (ਫਤਿਹ ਪੰਜਾਬ) ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਲੋਕ ਸਭਾ ਚੋਣ ਜਿੱਤਣ ਉਪਰੰਤ MP ਕੰਗਣਾ ਰਣੌਤ ਨੂੰ ਬੀਤੇ ਵੀਰਵਾਰ 6 ਜੂਨ ਨੂੰ ਚੰਡੀਗੜ੍ਹ ਏਅਰਪੋਰਟ ‘ਤੇ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦੇ ਮੁੱਦੇ ਉੱਤੇ ਉਸ ਖਿਲਾਫ ਮੁਕੱਦਮਾ ਦਰਜ ਕਰ ਕਰਕੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਸ ਪਿੱਛੋਂ ਹੁਣ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਨੂੰ ਇਨਸਾਫ ਦਵਾਉਣ ਲਈ ਨਿੱਤਰ ਕੇ ਸਾਹਮਣੇ ਆਈਆਂ ਹਨ।
ਯਾਦ ਰਹੇ ਕਿ ਚੰਡੀਗੜ੍ਹ ਏਅਰਪੋਰਟ ‘ਤੇ ਹੋਏ ਵਿਵਹਾਰ ਤੋਂ ਨਾਰਾਜ਼ ਹੋ ਕੇ ਕੰਗਣਾ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਪੰਜਾਬ ‘ਚ ਵਧ ਰਹੀ ਅੱਤਵਾਦੀ ਸੋਚ ਚਿੰਤਾ ਦਾ ਵਿਸ਼ਾ ਹੈ ਜਿਸ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਅਤੇ ਹੋਰ ਜਥੇਬੰਦੀਆਂ ਵੱਲੋਂ ਕੰਗਣਾ ਦੇ ਬਿਆਨ ਦੀ ਭਰਪੂਰ ਨਿਖੇਧੀ ਕੀਤੀ ਗਈ ਹੈ।
ਇਸ ਘਟਨਾ ਤੋਂ ਬਾਅਦ ਅੱਜ SKM ਗੈਰਸਿਆਸੀ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਗੁਰਦਵਾਰਾ ਅੰਬ ਸਾਹਿਬ ਫੇਸ ਸੱਤ ਮੁਹਾਲੀ ਤੋਂ ਰੋਸ ਮਾਰਚ ਕੱਢਿਆ ਗਿਆ ਅਤੇ ਮੁੱਖ ਮੰਤਰੀ ਦੇ ਨਾਂਮ SSP ਮੁਹਾਲੀ ਦੇ ਦਫ਼ਤਰ ਪਹੁੰਚ ਕੇ ਡਾ. ਸੰਦੀਪ ਗਰਗ ਨੂੰ ਮੰਗ ਪੱਤਰ ਦੇ ਕੇ CISF ਸਿਪਾਹੀ ਕੁਲਵਿੰਦਰ ਕੌਰ ਦੇ ਕੇਸ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ।
ਕਿਸਾਨ ਮੰਗ ਕਰ ਰਹੇ ਹਨ ਕਿ ਮਹਿਲਾ ਸਿਪਾਹੀ ਖ਼ਿਲਾਫ਼ ਦਰਜ ਕੀਤਾ ਕੇਸ ਵਾਪਸ ਲਿਆ ਜਾਵੇ ਅਤੇ ਇਸ ਮੁਅੱਤਲ ਕਰਮਚਾਰਨ ਨੂੰ ਬਹਾਲ ਕੀਤਾ ਜਾਵੇ। ਇਸ ਮੰਗ ਲਈ ਉਨਾਂ ਮੁੱਖ ਮੰਤਰੀ ਦੇ ਨਾਂ ਆਪਣਾ ਮੰਗ ਪੱਤਰ ਮੁਹਾਲੀ ਦੀ ਡੀਸੀ ਆਸ਼ਿਕਾ ਜੈਨ ਨੂੰ ਸੌਂਪਿਆ। ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ਦੇ ਸੈਕਟਰ 35 ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਮਿਲ ਚੁੱਕੇ ਹਨ।
ਕੰਗਣਾ ਨੇ ਕਿਸਾਨ ਅੰਦੋਲਨਕਾਰੀਆਂ ਦੀ ਤੁਲਨਾ ‘ਖਾਲਿਸਤਾਨੀਆਂ ਤੇ ਅੱਤਵਾਦੀਆਂ’ ਨਾਲ ਕੀਤੀ ਸੀ
ਕੰਗਣਾ ਨੇ ਦਿੱਲੀ ਦੀਆਂ ਸਰਹੱਦਾਂ ਉਪਰ ਕੀਤੇ ਕਿਸਾਨ ਅੰਦੋਲਨ ਦੌਰਾਨ ਕਈ ਬਿਆਨ ਦਿੱਤੇ ਸਨ। ਉਸ ਨੇ ਸੋਸ਼ਲ ਮੀਡੀਆ ‘ਤੇ ਅੰਦੋਲਨਕਾਰੀਆਂ ਦੀ ਤੁਲਨਾ ਖਾਲਿਸਤਾਨੀ ਅੱਤਵਾਦੀਆਂ ਨਾਲ ਕੀਤੀ ਸੀ। ਉਸ ਨੇ ਲਿਖਿਆ ਸੀ- ‘ਖਾਲਿਸਤਾਨੀ ਅੱਤਵਾਦੀ ਅੱਜ ਸਰਕਾਰ ‘ਤੇ ਦਬਾਅ ਬਣਾ ਰਹੇ ਹਨ, ਪਰ ਸਾਨੂੰ ਇੱਕ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਨਹੀਂ ਭੁੱਲਣਾ ਚਾਹੀਦਾ। ਇੰਦਰਾ ਗਾਂਧੀ ਨੇ ਉਨਾਂ ਨੂੰ ਆਪਣੀ ਜੁੱਤੀ ਹੇਠ ਕੁਚਲਿਆ ਸੀ। ਉਨ੍ਹਾਂ ਨੇ ਇਸ ਦੇਸ਼ ਨੂੰ ਭਾਵੇਂ ਕਿੰਨਾ ਵੀ ਦੁੱਖ ਪਹੁੰਚਾਇਆ ਹੋਵੇ, ਉਨ੍ਹਾਂ ਨੇ ਆਪਣੀ ਜਾਨ ਦੀ ਕੀਮਤ ‘ਤੇ ਉਨ੍ਹਾਂ ਨੂੰ ਮੱਛਰਾਂ ਵਾਂਗ ਕੁਚਲ ਦਿੱਤਾ ਸੀ, ਪਰ ਦੇਸ਼ ਦੇ ਟੁਕੜੇ ਨਹੀਂ ਹੋਣ ਦਿੱਤੇ। ਉਨ੍ਹਾਂ ਦੀ ਮੌਤ ਦੇ ਦਹਾਕੇ ਬਾਅਦ ਵੀ, ਲੋਕ ਅਜੇ ਵੀ ਉਸ ਦੇ ਨਾਮ ਤੋਂ ਕੰਬਦੇ ਹਨ, ਉਹ ਇੱਕ ਅਜਿਹਾ ਗੁਰੂ ਚਾਹੁੰਦੇ ਹਨ।
ਕੰਗਣਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕਈ ਟਵੀਟ ਕੀਤੇ ਸਨ। ਇਸ ਕਾਰਨ ਸੋਸ਼ਲ ਮੀਡੀਆ ‘ਤੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਸਿੰਘ ਦੁਸਾਂਝ ਨਾਲ ਉਨ੍ਹਾਂ ਦੀ ਤਿੱਖੀ ਬਹਿਸ ਵੀ ਹੋਈ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਵੀ ਕੰਗਣਾ ਖਿਲਾਫ ਕੇਸ ਦਰਜ ਕਰਵਾਇਆ ਸੀ।