ਅੰਮ੍ਰਿਤਸਰ 9 ਜੂਨ 2024 (ਫਤਿਹ ਪੰਜਾਬ) ਮੁੱਖ ਮੰਤਰੀ ਦੇ ਦਾਅਵਿਆਂ ਦੇ ਬਾਵਜੂਦ ਲੋਕ ਸਭਾ ਚੋਣਾਂ ਵਿੱਚ 13-0 ਦੀ ਥਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ 3 ਸੀਟਾਂ ਹੀ ਮਿਲੀਆਂ ਹਨ। ਇਸ ਪਿੱਛੇ ਕਾਰਨਾਂ ਵਿੱਚ ਜਨਤਕ ਤੌਰ ਉੱਤੇ ਆਮ ਆਦਮੀ ਪਾਰਟੀ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਨੂੰ ਆਜ਼ਾਦਾਨਾ ਤੌਰ ‘ਤੇ ਕੰਮ ਨਾ ਕਰਨ ਨੂੰ ਵੀ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਇਸ ਬਾਰੇ ਪੰਜਾਬ ‘ਚ ਵੱਡੀ ਹਾਰ ਲਈ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੇ ਹੀ ਖੁੱਲ੍ਹ ਕੇ ਮੰਚ ਤੋਂ ਇਸ ਚਰਚਾ ਦੀ ਪੁਸ਼ਟੀ ਕੀਤੀ ਹੈ। 

ਅੰਮ੍ਰਿਤਸਰ ਸੈਂਟਰਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਆਪਣੀ ਹੀ ਪਾਰਟੀ ਦੀ ਸੂਬਾ ਸਰਕਾਰ ਨੂੰ ਵੱਡੇ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਹ ਚਰਚਾ ਉਸ ਵੀਡੀਓ ਰਾਹੀਂ ਸਾਹਮਣੇ ਆਈ ਹੈ ਜਦੋਂ ਬੀਤੇ ਦਿਨ ਲੋਕ ਸਭਾ ਚੋਣਾਂ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਅੰਮ੍ਰਿਤਸਰ ਤੋਂ ‘ਆਪ’ ਉਮੀਦਵਾਰ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ 9 ਵਿਧਾਨ ਸਭਾ ਹਲਕਿਆਂ ਦੀ ਮੀਟਿੰਗ ਰੱਖ ਕੇ ਹਾਰ ਦਾ ਮੰਥਨ ਕੀਤਾ ਜਾ ਰਿਹਾ ਸੀ।

ਵਿਧਾਇਕ ਨੇ ਰਾਜ ਸਰਕਾਰ ਨੂੰ ਦਿੱਤੀ ਚੇਤਾਵਨੀ

ਇਸ ਵਿਧਾਇਕ ਨੇ ਆਪ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਅਤਿ ਕਮਜ਼ੋਰ ਦੱਸਦੇ ਹੋਏ ਕਿਹਾ ਕਿ ਜੇਕਰ ਮੰਤਰੀਆਂ ਤੇ ਵਿਧਾਇਕਾਂ ਨੂੰ ਪਾਵਰਾਂ ਦੇ ਕੇ ਪਸੰਦ ਦੇ ਅਫਸਰ ਨਾ ਲਾਏ ਤਾਂ ਉਹ ਕੋਈ ਕੰਮ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੂੰ ਸਰਕਾਰੀ ਦਫਤਰਾਂ ‘ਚ ਥਾਂ-ਥਾਂ ਬੇਇੱਜ਼ਤ ਹੋਣਾ ਪੈਂਦਾ ਹੈ ਅਤੇ ਕੋਈ ਵੀ ਅਫਸਰ ਉਨ੍ਹਾਂ ਦਾ ਕੰਮ ਕਰਕੇ ਰਾਜੀ ਨਹੀਂ।

ਨਾ ਨਸ਼ਾ ਬੰਦ ਹੋਇਐ ਅਤੇ ਨਾ ਹੀ ਭ੍ਰਿਸ਼ਟਾਚਾਰ

ਡਾ. ਗੁਪਤਾ ਨੇ ਕਿਹਾ, ”ਇੱਕ ਫ਼ੀਸਦੀ ਵੀ ਬਦਲਾਅ ਨਹੀਂ ਹੋਇਆ, ਨਸ਼ਾ ਬੰਦ ਨਹੀਂ ਹੋਇਆ। ਦਰਅਸਲ ਨਸ਼ਾ ਬੰਦ ਕੀ ਹੋਣਾ ਸੀ, ਨਸ਼ਾ ਕਈ ਗੁਣਾਂ ਵਧ ਗਿਆ ਪੰਜਾਬ ਦੇ ਅੰਦਰ। ਲੋਕੀ ਕਹਿੰਦੇ ਨੇ, ਲੋਕੀ ਦੱਸਦੇ ਨੇ ਆ ਕੇ ਕਿ ਡਾਕਟਰ ਸਾਬ੍ਹ ਨਸ਼ਾ ਬੰਦ ਕਿਤੇ ਨਹੀਂ ਹੋਇਆ।” ਉਨ੍ਹਾਂ ਅੱਗੇ ਕਿਹਾ, ”ਜੇ ਆਪਾਂ ਗੱਲ ਕਰੀਏ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਦੀ, ਭ੍ਰਿਸ਼ਟਾਚਾਰ-ਭ੍ਰਿਸ਼ਟਾਚਾਰ ਕਰਦੇ ਹਾਂ, ਕਿਹੜਾ ਭ੍ਰਿਸ਼ਟਾਚਾਰ ਬੰਦ ਹੋਇਐ ਮੈਨੂੰ ਦੱਸੋ…”

ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੰਚ ਤੋਂ ਬੋਲਦਿਆਂ ਦੱਸਿਆ ਕਿ ਮੇਰਾ ਇੱਕ ਦੋਸਤ ਕਾਰੋਬਾਰੀ ਐ, ਜਿਸ ਤੋਂ ਕੰਮ ਕਰਵਾਉਣ ਲਈ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ, ਜਦੋਂ ਫਿਰ ਕਿਸੇ ਵਿਧਾਇਕ ਦਾ ਫੋਨ ਕਰਵਾਇਆ ਗਿਆ ਤਾਂ ਰਿਸ਼ਵਤ ਦੀ ਕੀਮਤ 5 ਲੱਖ ਰੁਪਏ ਹੋ ਗਈ। ਉਨ੍ਹਾਂ ਸਟੇਜ ‘ਤੇ ਬੈਠੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸਿੱਧਾ ਕਿਹਾ ਕਿ ਤੁਸੀ ਬਦਲਾਅ ਦਾ ਨਾਹਰਾ ਦੇ ਕੇ ਸੱਤਾ ਵਿੱਚ ਆਏ ਸੀ, ਪਰ ਕੀ ਬਦਲਾਅ ਆਇਆ ਦੱਸੋ ਮੈਨੂੰ, ਕੀ ਇਹ ਬਦਲਾਅ ਆਇਆ ਹੈ ਸਰਕਾਰ ਦਾ, ਇਹ ਕਿੱਦਾਂ ਦਾ ਬਦਲਾਅ ਹੈ, ਇਹ ਕੋਈ ਬਦਲਾਅ ਨਹੀਂ ਹੈ…।

ਦੱਸ ਦਈਏ ਕਿ ਇਸਤੋਂ ਪਹਿਲਾਂ ਅੰਮ੍ਰਿਤਸਰ ਦੇ ਹਲਕਾ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਾਬਕਾ ਆਈਜੀ ਵੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਫੈਸਲਿਆਂ ਦੀ ਤਿੱਖੀ ਆਲੋਚਨਾ ਕਰ ਚੁੱਕੇ ਹਨ ਪਰ ਪਾਰਟੀ ਵੱਲੋਂ ਹਮੇਸ਼ਾ ਉਨ੍ਹਾਂ ਦੇ ਮੁੱਦਿਆਂ ਨੂੰ ਅਣਗੌਲਿਆ ਕੀਤਾ ਗਿਆ। ਖ਼ਾਸ ਕਰਕੇ ਬਰਗਾੜੀ ਵਿਖੇ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਾਂਡ ਬਾਰੇ ਉਹ ਅਕਸਰ ਸਰਕਾਰ ਖਿਲਾਫ ਖੁੱਲ੍ਹ ਕੇ ਬੋਲਦੇ ਰਹਿੰਦੇ ਹਨ।

Skip to content