Skip to content

ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ‘ਆਪ’ ਪੂਰੀ ਤਰ੍ਹਾਂ ਤਿਆਰ

ਮੁੱਖ ਮੰਤਰੀ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮੱਥਾ ਟੇਕਿਆ

ਕਿਹਾ, ਅਮਿਤ ਸ਼ਾਹ ਨੂੰ ਪੰਜਾਬ ਸਰਕਾਰ ਨੂੰ ਅਸਥਿਰ ਕਰਨ ਦੀ ਬਜਾਏ ਪੁਰਾਣਾ ਮੰਤਰਾਲਾ ਬਰਕਰਾਰ ਰੱਖਣ ਦੀ ਚਿੰਤਾ ਕਰੇ

ਐਸ.ਏ.ਐਸ. ਨਗਰ 10 ਜੂਨ 2024 (ਫਤਿਹ ਪੰਜਾਬ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਭਾਜਪਾ ਸੰਸਦ ਮੈਂਬਰ ਤੇ ਫਿਲਮੀ ਅਦਾਕਾਰ ਕੰਗਨਾ ਰਣੌਤ ਦੇ ਵੱਜਿਆ ਥੱਪੜ ਉਸ ਦੇ ਪਿਛਲੇ ਜ਼ਹਿਰੀਲੇ ਬਿਆਨਾਂ ਕਾਰਨ ਭੜਕ ਰਹੇ ਗੁੱਸੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ ਪਰ ਕੰਗਨਾ ਨੂੰ ਵੀ ਸੰਜਮ ਵਰਤਣਾ ਚਾਹੀਦਾ ਸੀ। ਉਸਨੂੰ ਸਮੁੱਚੇ ਪੰਜਾਬੀਆਂ ਨੂੰ ਦਹਿਸ਼ਤਗਰਦ ਕਰਾਰ ਦੇਣ ਤੋਂ ਪਹਿਲਾਂ ਸੁਤੰਤਰਤਾ ਸੰਗਰਾਮ, ਦੇਸ਼ ਦੀ ਰੱਖਿਆ ਅਤੇ ਦੇਸ਼ ਨੂੰ ਅਨਾਜ ਉਤਪਾਦਨ ਪੱਖੋਂ ਆਤਮ ਨਿਰਭਰ ਬਣਾਉਣ ਵਿੱਚ ਪੰਜਾਬੀਆਂ ਦੇ ਅਹਿਮ ਯੋਗਦਾਨ ਨੂੰ ਯਾਦ ਕਰਨਾ ਚਾਹੀਦਾ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬੇਤੁਕਾ ਬਿਆਨ ਕੰਗਨਾ ਵਰਗੀ ਜਨਤਕ ਹਸਤੀ ਨੂੰ ਸ਼ੋਭਾ ਨਹੀਂ ਦਿੰਦਾ।

ਉਹ ਅੱਜ ਇੱਥੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮੱਥਾ ਟੇਕਣ ਅਤੇ ਸੂਬੇ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਅਰਦਾਸ ਕਰਨ ਲਈ ਪੁੱਜੇ ਹੋਏ ਸਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸਿੱਖ ਗੁਰੂਆਂ ਨੇ ਸਾਨੂੰ ਜ਼ੁਲਮ, ਅਨਿਆਂ ਅਤੇ ਜ਼ੁਲਮ ਦਾ ਡਟ ਕੇ ਵਿਰੋਧ ਕਰਨ ਦਾ ਉਪਦੇਸ਼ ਦਿੱਤਾ ਹੈ। 

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲੀ ਵਾਰ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਕਰਕੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਵੱਡੀ ਯੋਜਨਾ ਸ਼ੁਰੂ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਮੌਜੂਦਾ ਚੋਣਾਂ ਦੌਰਾਨ ਵੋਟ ਸ਼ੇਅਰ 2019 ਵਿੱਚ 7 ਫੀਸਦੀ ਤੋਂ ਵਧ ਕੇ 26 ਫੀਸਦੀ ਤੋਂ ਵੱਧ ਹੋ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ 2019 ਦੀ ਇੱਕ ਸੀਟ ਦੇ ਮੁਕਾਬਲੇ ਇਸ ਵਾਰ ਪਾਰਟੀ ਨੂੰ ਤਿੰਨ ਸੀਟਾਂ ਮਿਲੀਆਂ ਹਨ, ਜਦਕਿ ਕਾਂਗਰਸ ਦਾ ਵੋਟ ਫੀਸਦ ਘਟਿਆ ਹੈ ਅਤੇ ਭਾਜਪਾ ਦਾ ਸਫ਼ਾਇਆ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਕੰਮਕਾਜ ਵਿੱਚ ਕੋਈ ਕਮੀਆਂ ਹਨ ਤਾਂ ਪਾਰਟੀ ਉਨ੍ਹਾਂ ਦਾ ਜ਼ਰੂਰ ਵਿਸ਼ਲੇਸ਼ਣ ਕਰਕੇ ਉਨ੍ਹਾਂ ਨੂੰ ਦੂਰ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਦੇ ਨੇਕ ਕਾਰਜਾਂ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਆਗਾਮੀ ਝੋਨੇ ਦੇ ਸੀਜ਼ਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਸਾਨਾਂ ਨੂੰ ਪਾਣੀ ਬਚਾਉਣ ਲਈ ਧਰਤੀ ਹੇਠਲੇ ਪਾਣੀ ਦੀ ਬਜਾਏ ਨਹਿਰੀ ਪਾਣੀ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਜਲੰਧਰ (ਪੱਛਮੀ) ਵਿਧਾਨ ਸਭਾ ਹਲਕੇ ਲਈ ਹੋਣ ਵਾਲੀ ਜ਼ਿਮਨੀ ਚੋਣ ਪੂਰੀ ਤਾਕਤ ਨਾਲ ਲੜੇਗੀ ਅਤੇ ਵਿਧਾਇਕ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਇਸ ਸੀਟ ‘ਤੇ ਜਿੱਤ ਦਰਜ ਕਰੇਗੀ।

ਇਸ ਵਾਰ ਭਗਵਾ ਪਾਰਟੀ ਦੀ ਤਾਨਾਸ਼ਾਹੀ ਨਜ਼ਰ ਨਹੀਂ ਆਵੇਗੀ

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ‘400 ਪਾਰ’ ਬਾਰੇ ਭਾਰੀ ਬਿਆਨਬਾਜ਼ੀ ਦੇ ਬਾਵਜੂਦ 250 ਦਾ ਅੰਕੜਾ ਪਾਰ ਨਹੀਂ ਕਰ ਸਕੀ ਅਤੇ ਹੁਣ ਮੋਦੀ ਸਰਕਾਰ ਨੂੰ ਐਨ.ਡੀ.ਏ. ਸਰਕਾਰ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਬਹੁਮੱਤ ਤੋਂ ਬਹੁਤ ਦੂਰ ਹੈ ਅਤੇ ਲੋਕ ਸਭਾ ਦੇ ਮੌਜੂਦਾ ਸਰੂਪ ਵਿੱਚ ਵਿਰੋਧੀ ਧਿਰ ਵੀ ਬਰਾਬਰ ਦੀ ਮਜ਼ਬੂਤ ​​ਹੈ। ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤਾ ਕਿ ਦੂਜੀਆਂ ਪਾਰਟੀਆਂ ਨਾਲ ਗੱਠਜੋੜ ਹੋਣ ਕਰਕੇ ਭਗਵਾ ਪਾਰਟੀ ਦੀ ਤਾਨਾਸ਼ਾਹੀ ਇਸ ਵਾਰ ਨਜ਼ਰ ਨਹੀਂ ਆਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਦੇਸ਼ ਵਿੱਚ ਬਦਲਾਅ ਦੀ ਹਵਾ ਚੱਲ ਰਹੀ ਹੈ ਕਿਉਂਕਿ ਭਾਜਪਾ ਬਹੁਮਤ ਦੇ ਅੰਕੜੇ ਨੂੰ ਛੂਹਣ ਵਿੱਚ ਅਸਫ਼ਲ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਨਵੀਂ ਕੈਬਨਿਟ ਵਿੱਚ ਆਮ ਚੋਣਾਂ ਹਾਰਨ ਵਾਲੇ ਕਈ ਆਗੂਆਂ ਨੂੰ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਵੇਂ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਚਾਹੀਦਾ ਹੈ ਕਿ ਉਹ ਸੂਬੇ ਦੇ ਮਸਲਿਆਂ ਖ਼ਾਸ ਕਰਕੇ ਕੇਂਦਰ ਸਰਕਾਰ ਕੋਲ ਫੰਡ ਰੋਕਣ ਦੇ ਮੁੱਦੇ ਉਠਾਉਣ ਤਾਂ ਜੋ ਉਨ੍ਹਾਂ ਨੂੰ ਤੁਰੰਤ ਜਾਰੀ ਕਰਵਾਇਆ ਜਾਵੇ। 

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਹੁਣ ਅਗਨੀਵੀਰ ਦੀ ਲੋਕ ਵਿਰੋਧੀ ਸਕੀਮ ਨੂੰ ਵਾਪਸ ਲਿਆ ਜਾਵੇਗਾ। ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ 4 ਜੂਨ ਤੋਂ ਬਾਅਦ ਪੰਜਾਬ ਸਰਕਾਰ ਡਿੱਗਣ ਬਾਰੇ ਪੁੱਛੇ ਜਾਣ ‘ਤੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਾਹ ਨੂੰ ਪੰਜਾਬ ਦੀ ਚਿੰਤਾ ਕਰਨ ਦੀ ਬਜਾਏ ਨਵੀਂ ਸਰਕਾਰ ‘ਚ ਆਪਣਾ ਪੁਰਾਣਾ ਵਿਭਾਗ ਬਰਕਰਾਰ ਰੱਖਣ ‘ਤੇ ਧਿਆਨ ਦੇਣਾ ਚਾਹੀਦਾ ਹੈ।

error: Content is protected !!