ਚੰਡੀਗੜ੍ਹ 11 ਜੂਨ 2024 (ਫਤਿਹ ਪੰਜਾਬ) ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਬਤੌਰ ਸੰਸਦ ਮੈਂਬਰ ਸਹੁੰ ਚੁੱਕਣ ਲਈ ਆਰਜ਼ੀ ਰਿਹਾਈ ਜਾਂ ਪੈਰੋਲ ਦੀ ਮੰਗ ਨੂੰ ਲੈ ਕੇ ਉਸ ਦੇ ਮਾਤਾ-ਪਿਤਾ ਅੱਜ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕੋਲ ਅਰਜ਼ੀ ਦਾਖਲ ਕਰਨਗੇ।

ਸਿੱਖ ਪ੍ਰਚਾਰਕ ਤੇ ‘ਵਾਰਿਸ ਪੰਜਾਬ ਦੀ’ ਜਥੇਬੰਦੀ ਦਾ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਦੱਸਿਆ ਕਿ ਨੈਸ਼ਨਲ ਸਕਿਉਰਿਟੀ ਐਕਟ (ਐਨਐਸਏ) ਅਧੀਨ ਬੰਦ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਡਿਬਰੂਗੜ੍ਹ ਤੋਂ ਉਸਦੇ ਦਸਤਖਤ ਵਾਲਾ ਪੱਤਰ ਲੈ ਕੇ ਆਏ ਹਨ।

ਇਹ ਪਟੀਸ਼ਨ ਸੋਮਵਾਰ ਨੂੰ ਦਾਇਰ ਕੀਤੀ ਜਾਣੀ ਸੀ ਪਰ ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਮੱਦੇਨਜ਼ਰ ਸਰਕਾਰੀ ਛੁੱਟੀ ਸੀ ਇਸ ਕਰਕੇ ਰਾਜ ਸਰਕਾਰ ਨੂੰ ਸੰਬੋਧਿਤ ਇਹ ਪੱਤਰ ਮੰਗਲਵਾਰ ਨੂੰ ਸੌਂਪਿਆ ਜਾਵੇਗਾ। ਉੱਨਾਂ ਕਿਹਾ ਕਿ ਦੇਖਦੇ ਹਾਂ ਕਿ ਸਰਕਾਰ ਇਸ ਬਾਰੇ ਕੀ ਜਵਾਬ ਦਿੰਦੀ ਹੈ।

ਖਾਰਾ ਅਨੁਸਾਰ ਇਹ ਪਟੀਸ਼ਨ ਐੱਨਐੱਸਏ ਦੀ ਧਾਰਾ 15 ਤਹਿਤ ਦਾਇਰ ਕੀਤੀ ਜਾ ਰਹੀ ਹੈ, ਜਿਸ ਤਹਿਤ ਇਸ ਸਿੱਖ ਪ੍ਰਚਾਰਕ ਨੂੰ ਪਿਛਲੇ ਸਾਲ ਮਾਰਚ ਮਹੀਨੇ ਨਜ਼ਰਬੰਦ ਕੀਤਾ ਗਿਆ ਸੀ ਅਤੇ ਆਪਣੀ ਜਥੇਬੰਦੀ ਦੇ ਨੌਂ ਸਾਥੀਆਂ ਸਮੇਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ।

ਧਾਰਾ 15 ਸਰਕਾਰ ਵੱਲੋਂ ਕਿਸੇ ਨਿਸ਼ਚਿਤ ਸਮੇਂ ਲਈ ਨਜ਼ਰਬੰਦ ਕੀਤੇ ਗਏ ਵਿਅਕਤੀ ਦੀ ਅਸਥਾਈ ਰਿਹਾਈ ਨਾਲ ਸਬੰਧਤ ਹੈ ਜੋ ਜਾਂ ਤਾਂ ਬਿਨਾਂ ਸ਼ਰਤਾਂ ਦੇ ਜਾਂ ਅਜਿਹੀਆਂ ਸ਼ਰਤਾਂ ਦੇ ਆਧਾਰ ‘ਤੇ ਕੀਤੀ ਜਾ ਸਕਦੀ ਹੈ ਜੋ ਉਹ ਵਿਅਕਤੀ ਸਵੀਕਾਰ ਕਰਦਾ ਹੈ, ਅਤੇ ਸਰਕਾਰ ਕਿਸੇ ਵੀ ਸਮੇਂ ਉਸਦੀ ਰਿਹਾਈ ਨੂੰ ਰੱਦ ਕਰ ਸਕਦੀ ਹੈ।

ਖਾਰਾ ਨੇ ਕਿਹਾ ਕਿ ਉਸ ਨੂੰ ਪੈਰੋਲ ਦੇਣਾ ਜਾਂ ਰਿਹਾਅ ਕਰਨਾ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹੈ। ਜੇਕਰ ਸਰਕਾਰ ਉਸ ਨੂੰ ਰਿਹਾਅ ਨਹੀਂ ਕਰਦੀ ਤਾਂ ਅਸੀਂ ਅਦਾਲਤ ਵਿੱਚ ਜਾਵਾਂਗੇ।ਇਸ ਚੋਣ ਪਿੱਛੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਬੀਤੇ ਸ਼ਨੀਵਾਰ ਨੂੰ ਅਸਾਮ ਦੀ ਡਿਬਰੂਗੜ੍ਹ ਦੀ ਕੇਂਦਰੀ ਜੇਲ ‘ਚ ਉਸ ਨੂੰ ਮਿਲ ਕੇ ਆਏ ਹਨ।

Skip to content