ਲਖਨਊ 16 ਜੂਨ 2024 (ਫਤਿਹ ਪੰਜਾਬ) ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ Rashtriya Swayam Sewak Sangh (ਆਰਐਸਐਸ) ਅਤੇ Bhartiya Janta Party BJP (ਭਾਜਪਾ) ਵਿਚਾਲੇ ਟਕਰਾਅ ਦੀਆਂ ਖਬਰਾਂ ਦਰਮਿਆਨ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ਨੀਵਾਰ ਨੂੰ ਗੋਰਖਪੁਰ ਦੇ ਵਿੱਚ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨਾਲ ਮੁਲਾਕਾਤ ਕੀਤੀ, ਜਿੱਥੇ ਉਹ ਤਿੰਨ ਦਿਨਾਂ ਤੋਂ ਵਰਕਰ ਕੈਂਪ ਵਿੱਚ ਰਹਿ ਰਹੇ ਹਨ।
ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਮੋਹਨ ਭਾਗਵਤ ਦੀ ਤਾਜ਼ਾ ਟਿੱਪਣੀ ਕਿ ”ਸੱਚਾ ਸੇਵਕ ਹੰਕਾਰੀ ਨਹੀਂ ਹੋ ਸਕਦਾ” ਨੂੰ ਆਰਐੱਸਐੱਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਰਮਿਆਨ ਵਧ ਰਹੀ ਦਰਾੜ ਕੇਂਦਰ ਬਿੰਦੂ ਬਣਨ ਬਾਅਦ, ਸਭ ਧਿਰਾਂ ਦਾ ਫੋਕਸ ਇਸ ਮੀਟਿੰਗ ‘ਤੇ ਹੋ ਗਿਆ।
ਪਤਾ ਲੱਗਾ ਹੈ ਕਿ ਆਦਿਤਿਆਨਾਥ ਨੇ ਸ਼ਨੀਵਾਰ ਨੂੰ ਹੀ ਭਾਗਵਤ ਨਾਲ ਦੋ ਵਾਰ ਮੁਲਾਕਾਤ ਕੀਤੀ। ਪਹਿਲੀ ਮੀਟਿੰਗ ਦੁਪਹਿਰ ਤੋਂ ਪਹਿਲਾਂ ਕੈਂਪੀਅਰਗੰਜ ਖੇਤਰ ਦੇ ਇੱਕ ਸਕੂਲ ਵਿੱਚ ਹੋਈ ਜਿੱਥੇ ਭਾਗਵਤ ਨੇ ਆਰਐਸਐਸ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ। ਸੂਤਰਾਂ ਨੇ ਦੱਸਿਆ ਕਿ ਉਸੇ ਦਿਨ ਮੁੱਖ ਮੰਤਰੀ ਨੇ ਸ਼ਾਮ ਨੂੰ ਕਰੀਬ 8:30 ਵਜੇ ਆਰਐਸਐਸ ਮੁਖੀ ਨੂੰ ਮਿਲਣ ਲਈ ਸ਼ਹਿਰ ਦੇ ਪੱਕੀਬਾਗ ਇਲਾਕੇ ਵਿੱਚ ਸਰਸਵਤੀ ਸ਼ਿਸ਼ੂ ਮੰਦਰ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਦੋਵੇਂ ਬੰਦ-ਦਰਵਾਜ਼ਾ ਮੀਟਿੰਗਾਂ ਲਗਭਗ 30 ਮਿੰਟ ਤੱਕ ਚੱਲੀਆਂ।
ਗੋਰਖਪੁਰ ਵਿੱਚ ਭਾਜਪਾ ਦੇ ਇੱਕ ਸੀਨੀਅਰ ਆਗੂ, ਜੋ ਤਿੰਨ ਦਹਾਕਿਆਂ ਤੋਂ ਆਰਐਸਐਸ ਨਾਲ ਜੁੜੇ ਹੋਏ ਹਨ, ਨੇ ਦਾਅਵਾ ਕੀਤਾ ਕਿ ਚੋਣਾਂ ਤੋਂ ਤੁਰੰਤ ਬਾਅਦ ਭਾਗਵਤ ਦਾ ਗੋਰਖਪੁਰ ਦੌਰਾ ਇੱਕ ਰੁਟੀਨ ਦੌਰਾ ਨਹੀਂ ਸੀ, ਸਗੋਂ ਉੱਤਰ ਪ੍ਰਦੇਸ਼ ਵਿੱਚ ਹਾਰ ਦੇ ਮੁੱਖ ਕਾਰਨਾਂ ਬਾਰੇ ਆਦਿਤਿਆਨਾਥ ਨਾਲ ਗੱਲਬਾਤ ਕਰਨ ਲਈ ਸੀ ਜਿੱਥੇ ਭਾਜਪਾ ਮਜ਼ਬੂਤ ਸਥਿਤੀ ਵਿੱਚ ਸੀ।
ਸੂਤਰਾਂ ਨੇ ਦੱਸਿਆ ਕਿ ਭਾਗਵਤ ਨੇ ਬੁੱਧਵਾਰ ਨੂੰ ਗੋਰਖਪੁਰ ਪਹੁੰਚਣ ਤੋਂ ਬਾਅਦ ਖੇਤਰ ਵਿੱਚ ਆਰਐਸਐਸ ਦੇ ਅਹੁਦੇਦਾਰਾਂ ਨਾਲ ਕਈ ਦੌਰ ਦੀਆਂ ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਤੋਂ ਚੋਣਾਂ ਬਾਰੇ ਰਿਪੋਰਟਾਂ ਪ੍ਰਾਪਤ ਕੀਤੀਆਂ।
ਦੂਜੇ ਪਾਸੇ, ਹਾਲਾਂਕਿ ਗੋਰਖਪੁਰ ਵਿੱਚ ਭਾਗਵਤ-ਯੋਗੀ ਦੀ ਮੁਲਾਕਾਤ ਜਨਤਕ ਤੌਰ ਤੇ ਪਤਾ ਹੈ ਪਰ ਯੂਪੀ ਦੇ ਸਰਕਾਰੀ ਅਦਾਰੇ ਤੋਂ ਇਸ ਬਾਰੇ ਕੋਈ ਅਧਿਕਾਰਤ ਸ਼ਬਦ ਨਹੀਂ ਆਇਆ।
ਆਰਐਸਐਸ ਦੇ ਮੁਖੀ ਭਾਜਪਾ ਨਾਲ ਮੱਤਭੇਦ ਦੇ ਕਾਫ਼ੀ ਸੰਕੇਤ ਦਿੱਤੇ ਹਨ ਖਾਸ ਤੌਰ ‘ਤੇ ਪਿਛਲੇ ਇੱਕ ਸਾਲ ਦੌਰਾਨ ਮਨੀਪੁਰ ਦੀ ਸਥਿਤੀ ਅਤੇ ਸੱਚੇ ਸੇਵਕ ਵੱਲੋਂ ਹੰਕਾਰ ਰੱਖਣ ਬਾਰੇ ਦਿੱਤਾ ਬਿਆਨ ਸੱਤਾਧਾਰੀ ਭਾਜਪਾ ਲਈ ਚੇਤਾਵਨੀ ਦੇ ਸੰਕੇਤ ਸਨ ਪਰ ਹੁਣ ਇਹ ਵੇਖਣਾ ਬਾਕੀ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਭਾਜਪਾ ਕਿਵੇਂ ਇੰਨਾਂ ਮੁੱਦਿਆਂ ਉੱਪਰ ਪ੍ਰਤੀਕਿਰਿਆ ਕਰਦੀ ਹੈ।
ਸੱਤਾਧਾਰੀ ਪਾਰਟੀ ਭਾਜਪਾ ਕੋਲ ਆਪਣੇ ਪਾਰਟੀ ਪ੍ਰਧਾਨ ਦੀ ਨਵੀਂ ਚੋਣ ਕਰਨਾ ਇੱਕ ਮਹੱਤਵਪੂਰਨ ਕੰਮ ਹੈ ਅਤੇ ਇਹ ਚੋਣ ਇਹ ਵੀ ਨਿਰਧਾਰਤ ਕਰੇਗੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਭ ਤੋਂ ਸ਼ਕਤੀਸ਼ਾਲੀ ਜੋੜੀ ਆਰਐਸਐਸ ਦੇ ਵਿਚਾਰਾਂ ਨੂੰ ਕਿਸ ਹੱਦ ਤੱਕ ਪ੍ਰਵਾਨ ਕਰਦੀ ਹੈ।
ਆਰਐਸਐਸ ਮੁਖੀ ਦੀਆਂ ਟਿੱਪਣੀਆਂ ’ਤੇ ਚੱਲ ਰਹੀ ਬਹਿਸ ਦੇ ਦੌਰਾਨ, ਆਰਐਸਐਸ ਦੇ ਸੀਨੀਅਰ ਕਾਰਜਕਾਰੀ ਇੰਦਰੇਸ਼ ਕੁਮਾਰ ਨੇ ਜੈਪੁਰ ਨੇੜੇ ਇੱਕ ਸਮਾਗਮ ਵਿੱਚ ਕਿਹਾ ਕਿ ”ਲੋਕਾਂ ਨੇ ਹੰਕਾਰੀ ਪਾਰਟੀ ਨੂੰ 240 ਸੀਟਾਂ ਤੱਕ ਸੀਮਤ ਕਰ ਦਿੱਤਾ” ਅਤੇ ਰਾਮ ਮੰਦਰ ਦਾ ਵਿਰੋਧ ਕਰਨ ਵਾਲਿਆਂ ਨੂੰ ਲੋਕ ਸਭਾ ਸੀਟਾਂ ਦੀ ਇਸ ਤੋਂ ਵੀ ਘੱਟ ਗਿਣਤੀ ‘ਤੇ ਰੋਕ ਦਿੱਤਾ।
ਉਧਰ ਚੋਣਾਂ ਦੌਰਾਨ ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਟਿੱਪਣੀ ਕਿ ਪਾਰਟੀ ਨੂੰ ਸੰਘ ਦੀ ਹੁਣ ਲੋੜ ਨਹੀਂ ਹੈ, ਉਸ ਨੂੰ ਲੈ ਕੇ ਆਰਐਸਐਸ ਦੇ ਵਰਕਰ ਨਿਰਾਸ਼ ਮਹਿਸੂਸ ਕਰਦੇ ਹਨ ਪਰ ਹਾਲੇ ਤੱਕ ਅਜਿਹੀ ਨਿਰਾਸ਼ਾ ਖੁੱਲ ਕੇ ਦਿਖਾਈ ਨਹੀਂ ਦਿੱਤੀ। ਵਿਰੋਧੀ ਧਿਰਾਂ ਸਮੇਤ ਸਿਆਸੀ ਨੇਤਾਵਾਂ ਦੇ ਇੱਕ ਹਿੱਸੇ ਦਾ ਮੰਨਣਾ ਹੈ ਕਿ ਭਾਗਵਤ ਦੀ ਇਹ ਟਿੱਪਣੀ ਕਿ “ਸੱਚਾ ਸੇਵਕ ਕਦੇ ਹੰਕਾਰੀ ਨਹੀਂ ਹੁੰਦਾ”, ਭਾਜਪਾ ਲੀਡਰਸ਼ਿਪ ਲਈ ਇੱਕ ਇਸ਼ਾਰਾ ਸੀ ਕਿਉਂਕਿ ਪਾਰਟੀ ਆਪਣੇ ਬਲਬੂਤੇ ਲੋਕ ਸਭਾ ਵਿੱਚ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਹੀ।