ਦੋਵੇਂ ਪਾਰਟੀਆਂ ਦੇ ਉਮੀਦਵਾਰਾਂ ਦਾ ਪਿਛੋਕੜ ਭਗਵਾਂ ਪਾਰਟੀ ਨਾਲ
ਚੰਡੀਗੜ੍ਹ 17 ਜੂਨ 2024 (ਫਤਿਹ ਪੰਜਾਬ) ਆਮ ਆਦਮੀ ਪਾਰਟੀ (ਆਪ) ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਅਤੇ ਲੋਕ ਸਭਾ ਚੋਣਾਂ ਦੌਰਾਨ ਆਪ ਪਾਰਟੀ ਤੋਂ ਅਸਤੀਫਾ ਦੇ ਕੇ ਮੁੜ ਭਾਜਪਾ ਵਿਚ ਸ਼ਾਮਲ ਹੋਏ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਉਤੇ ਦਾਅ ਖੇਡਿਆ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ ਇਹ ਐਲਾਨ ਕੀਤਾ ਹੈ।
ਇਸ ਤੋਂ ਪਹਿਲਾਂ ਆਪ ਵਲੋਂ ਇਸ ਹਲਕੇ ਤੋਂ ਭਾਜਪਾ ਤੋਂ ਵਫ਼ਾਦਾਰੀ ਬਦਲਣ ਵਾਲੇ ਮੋਹਿੰਦਰ ਭਗਤ ਨੂੰ ਉਮੀਦਵਾਰ ਐਲਾਨਿਆ ਹੈ ਜੋ ਕਿ ਪਿਛਲੇ ਸਾਲ ਲੋਕ ਸਭਾ ਦੀ ਜ਼ਿਮਨੀ ਚੋਣ ਵੇਲੇ ਭਾਜਪਾ ਛੱਡ ਕੇ ਆਪ ਪਾਰਟੀ ਵਿੱਚ ਸ਼ਾਮਲ ਹੋਏ ਸਨ। ਦੇਖਿਆ ਜਾਵੇ ਤਾਂ ਦੋਵੇਂ ਪਾਰਟੀਆਂ ਦੇ ਉਮੀਦਵਾਰਾਂ ਦਾ ਪਿਛੋਕੜ ਭਗਵਾਂ ਪਾਰਟੀ ਨਾਲ ਸਬੰਧਿਤ ਹੈ।
ਸ਼ੀਤਲ ਅੰਗੁਰਾਲ ਪਹਿਲੀ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਟਿਕਟ ਉਤੇ ਇਸੇ ਹਲਕੇ ਤੋਂ ਵਿਧਾਇਕ ਬਣੇ ਸਨ। ਉਦੋਂ ਅੰਗੁਰਾਲ ਨੇ ਕਾਂਗਰਸ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ 4253 ਵੋਟਾਂ ਦੇ ਅੰਤਰ ਨਾਲ ਹਰਾਇਆ ਸੀ। ਹੁਣ ਇਸ ਹਲਕੇ ਦੀ ਸਥਿਤੀ ਬਦਲੀ ਹੋਈ ਹੈ ਕਿਉਂਕਿ ਰਿੰਕੂ ਅਤੇ ਅੰਗੁਰਾਲ ਦੋਵੇਂ ਭਾਜਪਾ ਵਿਚ ਹਨ।
ਪਿਛਲੇ ਸਮੇਂ ਦੌਰਾਨ ਵਿਚ ਇਸ ਸੀਟ ਤੋਂ ਕਾਂਗਰਸ ਅਤੇ ਭਾਜਪਾ ਵਾਰੋ ਵਾਰੀ ਜਿੱਤਦੀ ਰਹੀ ਹੈ, ਪਰ ਸਾਲ 2022 ਵਿਚ ਭਾਜਪਾ ਛੱਡ ਕੇ ਆਪ ਵਿੱਚ ਸ਼ਾਮਲ ਹੋਏ ਸ਼ੀਤਲ ਅੰਗੁਰਾਲ ਚੋਣ ਜਿੱਤੇ ਸਨ।