ਚੰਡੀਗੜ੍ਹ 18 ਜੂਨ 2024 (ਫਤਿਹ ਪੰਜਾਬ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸਾਰੇ ਬੰਦੀ ਸਿੰਘਾਂ ਦੀ ਰਿਹਾਈ, ਐਨਐਸਏ, ਯੂਏਪੀਏ ਆਦਿ ਵਰਗੇ ਦਮਨ ਕਾਨੂੰਨਾਂ ਨੂੰ ਖਤਮ ਕਰਾਉਣ ਸਮੇਤ ਸਿੱਖਾਂ ਲਈ ਨਿਆਂ ਵਾਸਤੇ ਪਾਰਟੀ ਦੀ ਲੜਾਈ ਪੂਰੀ ਤਾਕਤ ਨਾਲ ਜਾਰੀ ਰਹੇਗੀ।

ਭੂੰਦੜ ਨੇ ਕਿਹਾ ਕਿ ਪਾਰਟੀ ਨੂੰ ਮਾਣ ਹੈ ਕਿ ਉਹ ਹਮੇਸ਼ਾ ਸਿੱਖਾਂ ਤੇ ਪੰਜਾਬ ਦੀ ਰਾਖੀ ਵਾਸਤੇ ਡੱਟਦੀ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਸਾਰੇ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ਵਿਚ ਡੱਕੀ ਰੱਖਣ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਕਾਨੂੰਨਾਂ ਖਿਲਾਫ ਆਪਣੀ ਲੜਾਈ ਜਾਰੀ ਰੱਖੇਗਾ।

ਉੱਨਾਂ ਕਿਹਾ ਕਿ ਸਿੱਖਾਂ ਤੇ ਪੰਜਾਬੀਆਂ ਲਈ ਨਿਆਂ ਲੈਣ ਵਾਸਤੇ ਸਾਡੀ ਦ੍ਰਿੜ੍ਹਤਾ ਜਾਂ ਸਾਡੇ ਯਤਨਾਂ ਵਿਚ ਕੋਈ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਅਸੀਂ ਇੰਦਰਾ ਗਾਂਧੀ ਵੱਲੋਂ ਦੇਸ਼ ਵਿਚ ਲਗਾਈ ਐਮਰਜੈਂਸੀ ਵੇਲੇ ਲਗਾਏ ਕਠੋਰ ਕਾਨੂੰਨਾਂ ਦਾ ਸਭ ਤੋਂ ਪਹਿਲਾਂ ਵਿਰੋਧ ਕੀਤਾ ਸੀ। ਇਸ ਲਈ ਅਸੀਂ ਆਪਣੀ ਰਵਾਇਤ ਮੁਤਾਬਕ ਹੀ ਚੱਲਾਂਗੇ। ਅਸੀਂ ਨਾ ਤਾਂ ਆਪਣੇ ਸਿਧਾਂਤਾਂ ਤੋਂ ਥਿੜਕਾਂਗੇ ਤੇ ਨਾ ਹੀ ਲੜਾਈ ਅੱਗੇ ਲੈ ਕੇ ਜਾਣ ਤੋਂ ਇਨਕਾਰੀ ਹੋਵਾਂਗੇ, ਭਾਵੇ਼ ਇਸ ਵਾਸਤੇ ਸਾਨੂੰ ਜਿੰਨੀਆਂ ਮਰਜ਼ੀ ਸ਼ਹਾਦਤਾਂ ਦੇਣੀਆਂ ਪੈ ਜਾਣ।

Skip to content