ਚੰਡੀਗੜ੍ਹ 23 ਜੂਨ 2024 (ਫਤਿਹ ਪੰਜਾਬ) ਕਿਸਾਨੀ ਮੰਗਾਂ ਮੰਨਵਾਉਣ ਲਈ ਸ਼ੰਭੂ ਬਾਰਡਰ ਉਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਵਿਚ ਅੱਜ ਭਾਰੀ ਹੰਗਾਮਾ ਹੋਇਆ ਹੈ। ਕਿਸਾਨਾਂ ਨੇ ਦੋਸ਼ ਲਾਏ ਹਨ ਕਿ ਭਾਜਪਾ ਵੱਲੋਂ ਭੇਜੇ ਬੰਦਿਆਂ ਨੇ ਇਥੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ।
ਜਾਣਕਾਰੀ ਮਿਲੀ ਹੈ ਕਿ ਸ਼ੰਭੂ ਬਾਰਡਰ ਦੇ ਨੇੜੇ ਲੱਗਦੇ ਪਿੰਡਾਂ ਦੇ ਲੋਕ ਅਤੇ ਵਪਾਰੀ ਇਕੱਠੇ ਹੋ ਕੇ ਕਿਸਾਨਾਂ ਦੇ ਧਰਨੇ ਵਾਲੀ ਸਟੇਜ ਉਪਰ ਪਹੁੰਚ ਗਏ ਅਤੇ ਉੱਥੇ ਸ਼ੰਭੂ ਬਾਰਡਰ ਨੂੰ ਖੋਲ੍ਹਣ ਦੀ ਮੰਗ ਕਰਨ ਲੱਗ ਪਏ। ਉੱਧਰ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਦੋਸ਼ ਲਾਇਆ ਹੈ ਕਿ ਇਹ ਹਰਿਆਣਾ ਦੀ ਭਾਜਪਾ ਵੱਲੋਂ ਭੇਜੇ ਗਏ ਬੰਦੇ ਸਨ।
ਕਿਸਾਨਾਂ ਨੇ ਦੋਸ਼ ਲਗਾਇਆ ਹੈ ਕਿ ਇਹ ਲੋਕ ਇਕੱਠੇ ਹੋ ਕੇ ਕਿਸਾਨੀ ਧਰਨੇ ਨੂੰ ਖ਼ਰਾਬ ਕਰਨ ਲਈ ਪਹੁੰਚੇ ਹਨ। ਇਹ ਭਾਜਪਾ ਸਰਕਾਰ ਦੇ ਬੰਦੇ ਹਨ ਜਿਨ੍ਹਾਂ ਨੇ ਅੱਜ ਧਰਨੇ ਵਿਚ ਆ ਕੇ ਕਿਸਾਨਾਂ ਨਾਲ ਬਹਿਸਬਾਜ਼ੀ ਕੀਤੀ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਭਾਜਪਾ ਆਗੂਆਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਸ਼ੰਭੂ ਸਰਹੱਦ ’ਤੇ ਧਰਨਾ ਦੇ ਰਹੇ ਕਿਸਾਨਾਂ ’ਤੇ ਰੇਤ ਮਾਫ਼ੀਆ ਤੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਸਾਨ ਆਗੂ ਨੇ ਕਿਹਾ ਕਿ ‘ਆਪ’ ਸਰਕਾਰ ਦੀ ਵੀ ਭਾਜਪਾ ਸਰਕਾਰ ਨਾਲ ਮਿਲੀਭੁਗਤ ਹੈ | ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ‘ਤੇ ਹੋ ਰਹੇ ਹਮਲਿਆਂ ਦਾ ਮੂੰਹ ਤੋੜਵਾਂ ਜਵਾਬ ਦੇਵਾਂਗੇ। ਸਰਵਣ ਸਿੰਘ ਪੰਧੇਰ ਨੇ ਇਸ ਬਾਰੇ ਵੀਡੀਓ ਵੀ ਜਾਰੀ ਕੀਤੀ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਵੀਡੀਓ ਵਿੱਚ ਕਿਹਾ ਕਿ ਅਸੀਂ 13 ਫਰਵਰੀ ਤੋਂ ਸ਼ੰਭੂ ਤੇ ਖਨੌਰੀ ਵਿਖੇ ਦੋ ਮੋਰਚਿਆਂ ’ਤੇ ਅੰਦੋਲਨ ਕਰ ਰਹੇ ਹਾਂ। ਕੇਂਦਰ ਸਰਕਾਰ ਨੇ ਸੜਕਾਂ ਬੰਦ ਕਰ ਦਿੱਤੀਆਂ ਹਨ ਪਰ ਅਸੀਂ ਸਰਕਾਰ ਨੂੰ ਸੜਕਾਂ ਖੋਲ੍ਹਣ ਲਈ ਕਹਿ ਰਹੇ ਹਾਂ। ਹਰਿਆਣੇ ਦੀ ਭਾਜਪਾ ਸਰਕਾਰ ਨੇ ਕੰਧ ਬਣਾ ਦਿੱਤੀ ਹੈ। ਆਮ ਲੋਕਾਂ ਅਤੇ ਵਪਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਦੇ ਵੱਡੇ-ਵੱਡੇ ਆਗੂ ਕਹਿੰਦੇ ਰਹੇ ਕਿ 2 ਜੂਨ ਤੋਂ ਬਾਅਦ ਮਿਲਾਂਗੇ ਤੇ ਹੁਣ ਕਿਸਾਨਾਂ ਨੇ ਦੇਖ ਲਿਆ ਹੈ। ਸਥਾਨਕ ਲੋਕਾਂ ਦੇ ਨਾਂ ‘ਤੇ ਭਾਜਪਾ ਦੇ ਗੁੰਡਿਆਂ ਅਤੇ ਰੇਤ ਮਾਫੀਆ ਦੇ ਲੋਕਾਂ ਨੇ ਅੱਜ ਸ਼ੰਭੂ ਬਾਰਡਰ ਕਿਸਾਨ ਅੰਦੋਲਨ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪੰਜਾਬ ਸਰਕਾਰ ‘ਤੇ ਮਿਲੀਭੁਗਤ ਦਾ ਦੋਸ਼ ਲਾਇਆ
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸ਼ੰਭੂ ਸਰਹੱਦ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜੋ ਅਸਫਲ ਰਹੀ। ਭਾਜਪਾ ਦੀ ਸਾਜ਼ਿਸ਼ ਸਾਹਮਣੇ ਆ ਗਈ ਹੈ। ਪੰਧੇਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਖੁਫੀਆ ਪੁਲਿਸ ਵੀ ਹਮਲਾਵਰਾਂ ਦੇ ਨਾਲ ਹੈ। ਪੰਜਾਬ ਪੁਲਿਸ ਵੀ ਉਨ੍ਹਾਂ ਦੇ ਨਾਲ ਖੜ੍ਹੀ ਹੈ। ਇਸ ਹਮਲੇ ਦੀ ਸਾਜ਼ਿਸ਼ ਬਾਰੇ ਤੁਹਾਡੀ ਪੁਲਿਸ ਜਾਣਦੀ ਹੈ ਪਰ ਤੁਸੀਂ ਸੁਰੱਖਿਆ ਕਿਉਂ ਨਹੀਂ ਕਰ ਸਕੇ? ਉਨ੍ਹਾਂ ਕਿਹਾ ਕਿ ਸਰਕਾਰ ਲਾਸ਼ਾਂ ਡਿੱਗਦੀਆਂ ਦੇਖਣਾ ਚਾਹੁੰਦੀ ਹੈ। ਪੰਜਾਬ ਦੇ ਮੁੱਖ ਮੰਤਰੀ ਚੁੱਪ ਬੈਠੇ ਹਨ ਜਦਕਿ ਅੰਦੋਲਨ ਦੀ ਸੁਰੱਖਿਆ ਕਰਨਾ ਤੁਹਾਡਾ ਫਰਜ਼ ਹੈ।
ਕਿਸਾਨਾਂ ਨੂੰ ਸਰਹੱਦ ‘ਤੇ ਪਹੁੰਚਣ ਦੀ ਅਪੀਲ
ਕਿਸਾਨ ਆਗੂ ਨੇ ਕਿਹਾ ਕਿ ਅੰਦੋਲਨ ਦੀ ਰਾਖੀ ਕਰਨਾ ਪੰਜਾਬ ਸਰਕਾਰ ਦਾ ਫਰਜ਼ ਹੈ। ਅਸੀਂ ਭਾਜਪਾ ਦੇ ਲੋਕ ਇਸ ਹਮਲੇ ਦਾ ਮੂੰਹ ਤੋੜਵਾਂ ਜਵਾਬ ਦੇਵਾਂਗੇ। ਉਨਾਂ ਪੰਜਾਬ ਦੇ ਕਿਸਾਨ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਇਨ੍ਹਾਂ ਸਰਹੱਦਾਂ ‘ਤੇ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਲੋਕ ਪੂਰੀ ਤਰ੍ਹਾਂ ਸਾਡੇ ਨਾਲ ਖੜ੍ਹੇ ਹਨ। ਹਰਿਆਣਾ ਅਤੇ ਮਹਾਰਾਸ਼ਟਰ ਦੇ ਲੋਕ ਵੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਹਮਲੇ ਦਾ ਜਵਾਬ ਦੇਣਗੇ।
ਕਿਸਾਨ ਅੰਦੋਲਨ ਦੀ ਸਟੇਜ ‘ਤੇ ਕਬਜ਼ਾ ਕਰਨ ਲਈ 15 ਲੋਕ ਆਏ
ਸ਼ੰਭੂ ਬਾਰਡਰ ’ਤੇ ਮੌਕੇ ’ਤੇ ਮੌਜੂਦ ਕਿਸਾਨ ਆਗੂ ਕੁਲਦੀਪ ਸਿੰਘ ਨੇ ਦੱਸਿਆ ਕਿ ਰੇਤ ਮਾਫੀਆ ਅਤੇ ਕੁਝ ਅਰਾਜਕਤਾਵਾਦੀ ਅਨਸਰ ਕਿਸਾਨ ਅੰਦੋਲਨ ਦੇ ਮੰਚ ’ਤੇ ਚੜ੍ਹਨਾ ਚਾਹੁੰਦੇ ਸਨ, ਜਿਸ ’ਚ 15-20 ਦੇ ਕਰੀਬ ਵਿਅਕਤੀ ਸਨ। ਉਹ ਸਟੇਜ ’ਤੇ ਕਬਜ਼ਾ ਕਰਨਾ ਚਾਹੁੰਦੇ ਸੀ ਪਰ ਕਿਸਾਨਾਂ ਨੇ ਉਸ ਨੂੰ ਸਟੇਜ ’ਤੇ ਨਹੀਂ ਚੜ੍ਹਨ ਦਿੱਤਾ। ਉਨ੍ਹਾਂ ਕਿਹਾ ਕਿ ਉਥੇ ਮੌਜੂਦ ਪੁਲੀਸ ਮੂਕ ਦਰਸ਼ਕ ਬਣੀ ਰਹੀ।