ਨਵੀਂ ਦਿੱਲੀ 11 ਜੁਲਾਈ 2024 (ਫਤਿਹ ਪੰਜਾਬ) ਦੇਸ਼ ਵਿੱਚ ਹਰ ਸਾਲ ਹੁਣ 25 ਜੂਨ ਨੂੰ Savidhan Hatya Diwas 25 June ‘ਸੰਵਿਧਾਨ ਹੱਤਿਆ ਦਿਵਸ’ ਵੱਜੋਂ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਦੱਸ ਦਈਏ ਕਿ 25 ਜੂਨ 1975 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਹੁਣ ਇਸ ਨੂੰ ਦੇਖਦੇ ਹੋਏ ਭਾਜਪਾ ਦੀ ਅਗਵਾਈ ਹੇਠਲੀ National Democratic Alliance (NDA) ਸਰਕਾਰ ਨੇ ਕਾਂਗਰਸ ਨੂੰ ਸੰਵਿਧਾਨ ਬਚਾਓਗੇ ਮੁੱਦੇ ਉੱਤੇ ਘੇਰ ਲਿਆ ਹੈ ਅਤੇ ਇਸ ਦਿਨ ਨੂੰ ‘ਸੰਵਿਧਾਨ ਹੱਤਿਆ ਦਿਵਸ’ ਐਲਾਨ ਦਿੱਤਾ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਸਬੰਧੀ ਟਵਿੱਟਰ ‘ਤੇ ਪੋਸਟ ਕੀਤਾ ਵਿੱਚ ਕਿਹਾ ਹੈ ਕਿ “25 ਜੂਨ 1975 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਤਾਨਾਸ਼ਾਹੀ ਮਾਨਸਿਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ‘ਤੇ ਐਮਰਜੈਂਸੀ ਲਗਾ ਕੇ ਸਾਡੇ ਲੋਕਤੰਤਰ ਦੀ ਆਤਮਾ ਦਾ ਗਲਾ ਘੁੱਟਿਆ ਸੀ। ਲੱਖਾਂ ਲੋਕਾਂ ਨੂੰ ਬਿਨਾਂ ਕਿਸੇ ਗਲਤੀ ਦੇ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਅਤੇ ਮੀਡੀਆ ਦੀ ਆਵਾਜ਼ ਨੂੰ ਦਬਾਇਆ ਗਿਆ ਸੀ। ਹੁਣ ਭਾਰਤ ਸਰਕਾਰ ਨੇ ਹਰ ਸਾਲ 25 ਜੂਨ ਨੂੰ ‘ਸੰਵਿਧਾਨ ਹੱਤਿਆ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਇਹ ਦਿਨ ਉਨ੍ਹਾਂ ਸਾਰੇ ਲੋਕਾਂ ਦੇ ਮਹਾਨ ਯੋਗਦਾਨ ਨੂੰ ਯਾਦ ਰੱਖੇਗਾ, ਜਿਨ੍ਹਾਂ ਨੇ 1975 ਦੀ ਐਮਰਜੈਂਸੀ ਦੇ ਅਣਮਨੁੱਖੀ ਦਰਦ ਨੂੰ ਸਹਿਣ ਕੀਤਾ ਸੀ।”