ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਦੀਆਂ ਵੋਟਾਂ ਦੇ ਅੰਕੜੇ ਜਾਰੀ
ਜਲੰਧਰ, 13 ਜੁਲਾਈ, 2024 (ਫਤਿਹ ਪੰਜਾਬ) Jalandhar by Election result ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਅੱਜ ਆਏ ਨਤੀਜੇ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਹਿੰਦਰ ਭਗਤ 37325 ਵੋਟਾਂ ਨਾਲ ਜਿੱਤ ਗਏ। ਉਹਨਾਂ ਨੂੰ 55246 ਵੋਟਾਂ (58.39 ਫੀਸਦ) ਮਿਲੀਆਂ। ਉਨ੍ਹਾਂ ਨੇ ਭਾਜਪਾ ਉਮੀਦਵਾਰ ਤੇ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਨੂੰ ਹਰਾਇਆ ਜਿੰਨਾਂ ਨੂੰ 17921 ਵੋਟਾਂ (18.94 ਫੀਸਦ) ਮਿਲੀਆਂ ਤੇ ਦੂਜੇ ਨੰਬਰ ’ਤੇ ਰਹੇ। ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਤੀਜੇ ਨੰਬਰ ’ਤੇ ਰਹੀ ਜਿੰਨਾਂ ਨੂੰ 16757 (17.71 ਫੀਸਦ) ਵੋਟਾਂ ਮਿਲੀਆਂ ਹਨ। ਬਹੁਜਨ ਸਮਾਜ ਪਾਰਟੀ ਦੇ ਬਿੰਦਰ ਕੁਮਾਰ ਲਾਖਾ ਅਤੇ ਅਕਾਲੀ ਦਲ ਤੋਂ ਬਾਗੀ ਬੀਬੀ ਸੁਰਜੀਤ ਕੌਰ ਆਪਣੀਆਂ ਜ਼ਮਾਨਤਾਂ ਨਹੀਂ ਬਚਾ ਸਕੇ ਜਿੰਨਾਂ ਨੂੰ ਕ੍ਰਮਵਾਰ 1242 ਅਤੇ 734 ਵੋਟਾਂ ਹੀ ਨਸੀਬ ਹੋਈਆਂ।
ਜ਼ਿਕਰਯੋਗ ਹੈ ਕਿ ਜਲੰਧਰ ਪੱਛਮੀ ਹਲਕੇ ਤੋਂ ਜਿੱਤ ਨੂੰ ਸੱਤਾਧਾਰੀ ਪਾਰਟੀ ਆਪ ਨੇ ਵੱਕਾਰ ਦਾ ਸਵਾਲ ਬਣਾ ਕੇ ਚੋਣ ਲੜੀ ਅਤੇ ਮੰਤਰੀਆਂ, ਵਿਧਾਇਕਾਂ ਤੇ ਪਾਰਟੀ ਦੇ ਨੇਤਾਵਾਂ ਸਮੇਤ ਚੋਣ ਪ੍ਰਚਾਰ ਵਿੱਚ ਹਿੱਸਾ ਲਿਆ। ਇਸ ਤੋਂ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵਿੱਚ ਆਪ ਦੇ ਸੂਬਾ ਪ੍ਰਧਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ 13 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਸੀ ਪਰ ਪਾਰਟੀ ਸਿਰਫ ਤਿੰਨ ਸੀਟਾਂ ਹੀ ਜਿੱਤ ਸਕੀ ਜਿਸ ਕਰਕੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਦੀ ਅਗਵਾਈ ਨੂੰ ਚੁਣੌਤੀ ਦਿੱਤੀ ਜਾ ਰਹੀ ਸੀ।
ਦੱਸ ਦੇਈਏ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਇਸ ਹਲਕੇ ਤੋਂ ਆਪ ਤੋਂ ਜਿੱਤੇ ਵਿਧਾਇਕ ਸ਼ੀਤਲ ਅੰਗੂਰਾਲ ਨੇ ਵਿਧਾਇਕੀ ਤੇ ਪਾਰਟੀ ਤੋਂ ਅਸਤੀਫਾ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਸੀ ਜਿਸ ਕਰਕੇ ਇਹ ਜ਼ਿਮਨੀ ਚੋਣ ਹੋਈ।
ਪੰਜਾਬ ਦੀ ਸੂਬਾ ਸਰਕਾਰ ਨੂੰ ਫਿਲਹਾਲ ਜ਼ਿਮਨੀ ਚੋਣਾਂ ਤੋਂ ਰਾਹਤ ਮਿਲਣ ਵਾਲੀ ਨਹੀਂ ਕਿਉਂਕਿ ਲੋਕ ਸਭਾ ਚੋਣਾਂ ਜਿੱਤਣ ਵਾਲੇ ਵਿਧਾਇਕਾਂ ਦੀਆਂ ਸੀਟਾਂ ਉੱਪਰ ਜ਼ਿਮਨੀ ਚੋਣਾਂ ਹੋਣੀਆਂ ਹਨ ਜਿੰਨਾਂ ਦਾ ਐਲਾਨ ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤਾ ਜਾਣਾ ਹੈ।
ਇਸੇ ਦੌਰਾਨ ਪੰਜਾਬ ਵਿੱਚ ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀਆਂ ਤੇ ਪੰਚਾਇਤੀ ਚੋਣਾਂ ਸਮੇਤ ਨਗਰ ਨਿਗਮਾਂ, ਨਗਰ ਕੌਂਸਲਾਂ ਨਗਰ ਪੰਚਾਇਤਾਂ ਦੀਆਂ ਚੋਣਾਂ ਵੀ ਬਕਾਇਆ ਹਨ। ਭਾਵੇਂ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪੰਚਾਇਤੀ ਚੋਣਾਂ ਜਲਦ ਕਰਵਾਉਣ ਲਈ ਸਰਕਾਰ ਨੂੰ ਆਦੇਸ਼ ਦਿੱਤੇ ਹੋਏ ਹਨ ਪਰ ਸਿਆਸੀ ਹਲਕਿਆਂ ਅਨੁਸਾਰ ਭਵਿੱਖ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਬਾਹਾ, ਫਤਿਹਗੜ੍ਹ ਚੂੜੀਆਂ ਅਤੇ ਚੱਬੇਵਾਲ ਵਿਖੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਬਾਅਦ ਹੀ ਇਹ ਪੰਚਾਇਤੀ ਚੋਣਾਂ ਸੰਭਵ ਜਾਪਦੀਆਂ ਹਨ।