ਸਰਕਾਰ ਨੇ ਔਰਤਾਂ ਦੀ ਛਾਤੀ ਮਾਪਣ ਦੇ ਨਿਯਮ ਬਦਲੇ
ਚੰਡੀਗੜ੍ਹ, 18 ਅਗਸਤ 2024 (ਫਤਿਹ ਪੰਜਾਬ) – ਹਰਿਆਣਾ ਸਰਕਾਰ ਨੇ ਸਰਕਾਰੀ ਭਰਤੀ ਦੌਰਾਨ ਮਹਿਲਾਵਾਂ ਦੀ ਛਾਤੀ ਮਾਪਣ ਸਬੰਧੀ ਨਿਯਮ ਵਿੱਚ ਬਦਲਾਅ ਕਰਦਿਆਂ ਜੰਗਲਾਤ ਵਿਭਾਗ ਵਿੱਚ ਰੇਂਜਰ, ਡਿਪਟੀ ਰੇਂਜਰ ਅਤੇ ਹੋਰ ਅਸਾਮੀਆਂ ਲਈ ਮਹਿਲਾਵਾਂ ਦੇ ਸਰੀਰਕ ਮਾਪ (ਪੀਐਮਟੀ) ਦੌਰਾਨ ਛਾਤੀ ਮਾਪਣ ਦੀ ਸ਼ਰਤ ਹੁਣ ਹਟਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੁਲਾਈ 2023 ਵਿੱਚ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (ਐਚਐਸਐਸਸੀ) ਨੇ ਜੰਗਲਾਤ ਵਿਭਾਗ ਵਿੱਚ ਭਰਤੀ ਲਈ ਇੱਕ ਨਵਾਂ ਨਿਯਮ ਲਾਗੂ ਕੀਤਾ ਸੀ, ਜਿਸ ਅਨੁਸਾਰ ਮਹਿਲਾ ਉਮੀਦਵਾਰਾਂ ਦੀ ਛਾਤੀ ਦਾ ਘੱਟੋ-ਘੱਟ ਮਾਪ 74 ਸੈਂਟੀਮੀਟਰ ਤੱਕ ਹੋਣਾ ਲਾਜ਼ਮੀ ਕੀਤਾ ਸੀ। ਮਰਦਾਂ ਲਈ, ਛਾਤੀ ਦਾ ਮਾਪ ਬਿਨਾਂ ਫੁਲਾਅ ਦੇ 79 ਸੈਂਟੀਮੀਟਰ ਅਤੇ ਫੁਲਾਅ ਤੋਂ ਬਾਅਦ 84 ਸੈਂਟੀਮੀਟਰ ਹੋਣਾ ਲਾਜ਼ਮੀ ਸੀ।
ਇਸ ਫੈਸਲੇ ਉੱਪਰ ਹਰਿਆਣਾ ਦੀਆਂ ਵਿਰੋਧੀ ਪਾਰਟੀਆਂ ਨੇ ਰਾਜ ਸਰਕਾਰ ਦੀ ਨੀਅਤ ‘ਤੇ ਸਵਾਲ ਚੁੱਕੇ ਸਨ ਅਤੇ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਇਸ ਨੂੰ ‘ਤੁਗਲਕੀ ਫ਼ਰਮਾਨ’ ਕਿਹਾ ਸੀ। ਕਾਂਗਰਸੀ ਨੇਤਾ ਰਣਦੀਪ ਸੁਰਜੇਵਾਲਾ ਨੇ ਸਰਕਾਰ ਤੋਂ ਇੰਨਾਂ ਨਿਯਮਾਂ ‘ਚ ਬਦਲਾਅ ਦੀ ਫੌਰੀ ਮੰਗ ਕੀਤੀ ਸੀ।
ਤਾਜ਼ਾ ਫੈਸਲੇ ਵਿੱਚ ਵਣ ਵਿਭਾਗ ਨੇ ਹਰਿਆਣਾ ਸਟੇਟ ਫਾਰਸਟ ਐਗਜ਼ਿਕਿਊਟਿਵ ਬ੍ਰਾਂਚ ਗਰੁੱਪ-ਸੀ ਸੇਵਾ (ਸੋਧ) ਨਿਯਮ, 2021 ਵਿੱਚ ਸੋਧਾਂ ਨੂੰ ਮਨਜ਼ੂਰੀ ਦਿੱਤੀ। ਇਸ ਦੇ ਬਾਅਦ ਸ਼ਨੀਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਫੈਸਲੇ ਨੂੰ ਮੰਜ਼ੂਰੀ ਦੇ ਦਿੱਤੀ ਗਈ। ਇਸੇ ਤਰਾਂ ਹਰਿਆਣਾ ਵਾਈਲਡਲਾਈਫ ਕੰਜ਼ਰਵੇਸ਼ਨ ਡਿਪਾਰਟਮੈਂਟ, ਸਟੇਟ ਸਰਵਿਸ ਕਲੈਰੀਕਲ, ਐਗਜ਼ਿਕਿਊਟਿਵ ਅਤੇ ਫੁਟਕਲ ਗਰੁੱਪ-ਸੀ ਸੋਧ ਨਿਯਮ, 1998 ਵਿੱਚ, ਵੀ ਸੇਵਾ ਨਿਯਮਾਂ ਵਿੱਚ ਮਹਿਲਾਵਾਂ ਲਈ ਸਰੀਰਕ ਮਿਆਰਾਂ ਵਿੱਚ ਬਦਲਾਅ ਕੀਤਾ ਗਿਆ ਹੈ।
ਇਨ੍ਹਾਂ ਨਿਯਮਾਂ ਵਿੱਚ ਸੋਧ ਦੇ ਕਾਰਨ ਵਿਭਾਗੀ ਨਿਯਮਾਂ ਵਿੱਚ ਅਸਮਾਨਤਾ ਸੀ। ਹੁਣ ਕੀਤੀ ਗਈ ਸੋਧ ਅਨੁਸਾਰ ਸਰੀਰਕ ਮਾਪਦੰਡਾਂ ਦੇ ਤਹਿਤ ਮਹਿਲਾਵਾਂ ਲਈ 74 ਅਤੇ 79 ਸੈਂਟੀਮੀਟਰ ਦੇ ਮਾਪਦੰਡ ਨੂੰ ਹਟਾ ਦਿੱਤਾ ਗਿਆ ਹੈ।
ਕਈ ਮਹਿਲਾ ਉਮੀਦਵਾਰਾਂ ਨੇ ਵੀ ਇਸ ਫੈਸਲੇ ਪਿੱਛੇ ਦੇ ਤਰਕ ‘ਤੇ ਸਵਾਲ ਉਠਾਏ ਸਨ ਤੇ ਦੋਸ਼ ਲਾਇਆ ਸੀ ਕਿ ਇਹ ਫੈਸਲਾ ਯਕੀਨੀ ਤੌਰ ‘ਤੇ ਮਹਿਲਾਵਾਂ ਦੀ ਇੱਜ਼ਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਹੈ।